Saturday, May 19th

Last update11:08:48 PM GMT

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਖੇਤੀਬਾੜੀ ਮੰਤਰੀ ਅਤੇ ਫਿਰੋਜਪੁਰ ਡਵਿਜਨ ਦੇ ਕਮਿਸ਼ਨਰ ਨੇ ਕੀਤਾ ਮੋਗਾ ਮੰਡੀ ਦਾ ਦੌਰਾ

ਮੰਡੀਆਂ ਵਿੱਚ ਗੇਹੂ ਦੇ ਆਉਣ ਨਾਲ ਲਿਫਟਿੰਗ ਦੀ ਰਫ਼ਤਾਰ ਸੁਸਤ
ਕਰੋੜਾਂ ਦਾ ਅਨਾਜ ਭਿੱਜ ਰਿਹਾ ਮੀਂਹ ਦੇ ਪਾਣੀ ਵਿੱਚ

ਮੋਗਾ, 30 ਅਪ੍ਰੈਲ (ਕਸ਼ਿਸ਼ ਸਿੰਗਲਾ) - ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਵਰਖਾ ਦੇ ਕਾਰਨ ਮੰਡੀਆਂ ਵਿੱਚ ਪਹੁੰਚ ਰਹੀ ਕਣਕ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਇਸ ਮੀਂਹ ਨਾਲ ਨੁਕਸਾਨੀ ਫਸਲ ਦੀ ਖ੍ਰੀਦ ਪ੍ਰਭਾਵਿਤ ਹੋਈ ਹੈ, ਸਰਕਾਰੀ ਏਜੰਸੀਆਂ ਦੁਆਰਾ ਖ੍ਰੀਦੀ ਗਈ ਲੱਖਾਂ ਦੀ ਫਸਲ ਦੀਆਂ ਬੋਰੀਆਂ ਮੀਂਹ ਦੇ ਪਾਣੀ ਵਿੱਚ ਭਿੱਜ ਰਹੀ ਫਸਲ ਦੀ ਖ੍ਰੀਦ ਦਾ ਜਾਇਜਾ ਲੈਣ ਲਈ ਅੱਜ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਫਿਰੋਜਪੁਰ ਡਵਿਜ਼ਨ ਦੇ ਕਮਿਸ਼ਨਰ ਰਮਿੰਦਰ ਸਿੰਘ ਨਵੀਂ ਦਾਣਾ ਮੰਡੀ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਮੰਡੀ ਵਿੱਚ ਆਈ ਕਣਕ ਦੀ ਜਾਂਚ ਕੀਤੀ ਅਤੇ ਸਰਕਾਰੀ ਏਜੰਸੀਆਂ ਨੂੰ ਹਿਦਾਇਤ ਦਿੱਤੀ ਕਿ ਮੰਡੀ ਵਿੱਚ ਪਹੁੰਚਣ ਵਾਲੀ ਕਣਕ ਦੀ ਖ੍ਰੀਦ ਤੁਰੰਤ ਕੀਤੀ ਜਾਵੇ। ਇਸ ਮੌਕੇ ਡੀ ਸੀ ਅਰਸ਼ਦੀਪ ਸਿੰਘ ਥਿੰਦ, ਜਿਲ੍ਹਾ ਫ਼ੂਡ ਸਪਲਾਈ ਕੰਟਰੋਲਰ ਡਾ: ਸੋਨਾ ਥਿੰਦ, ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਅਤੇ ਸਰਕਾਰੀ ਏਜੰਸੀਆਂ ਦੇ ਡੀ ਐਮ ਵੀ ਮੌਜੂਦ ਸਨ। ਇਸ ਦੌਰਾਨ ਆੜਤੀਆਂ ਵੱਲੋਂ ਖ੍ਰੀਦ ਸਬੰਧੀ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ, ਲੇਕਿਨ ਬੇਮੌਸਮੀ ਵਰਖਾ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੀ ਖ੍ਰੀਦ ਪ੍ਰਭਾਵਿਤ ਤਾਂ ਹੋਈ ਹੈ, ਲੇਕਿਨ ਇਸਦੇ ਬਾਵਜੂਦ ਸਰਕਾਰੀ ਏਜੰਸੀਆਂ ਦੁਆਰਾ ਮੰਡੀਆਂ ਵਿੱਚ ਪਹੁੰਚਣ ਵਾਲੀ ਕਣਕ ਦੀ ਲਗਾਤਾਰ ਖ੍ਰੀਦ ਕੀਤੀ ਜਾ ਰਹੀ ਹੈ। ਮੰਡੀ ਵਿੱਚ ਸਰਕਾਰੀ ਏਜੰਸੀਆਂ ਵੱਲੋਂ ਖ੍ਰੀਦ ਕੀਤੀ ਜਾ ਚੁੱਕੀ ਲੱਖਾਂ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ ਕਿ, ਇੱਕਦਮ ਮੰਡੀਆਂ ਵਿੱਚ ਕਣਕ ਨੂੰ ਲਿਆਉਣ ਕਾਰਨ ਕਣਕ ਦੀਆਂ ਬੋਰੀਆਂ ਇਕੱਠੀਆਂ ਹੋ ਗਈਆਂ ਹਨ, ਲੇਕਿਨ ਛੇਤੀ ਹੀ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ, ਬਾਰਿਸ਼ ਕਾਰਨ ਨੁਕਸਾਨੀ ਫਸਲ ਦਾ ਜਾਇਜਾ ਲਿਆ ਜਾ ਰਿਹਾ ਹੈ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਫਿਰੋਜਪੁਰ ਡਵਿਜ਼ਨ ਦੇ ਕਮਿਸ਼ਨਰ ਰਮਿੰਦਰ ਸਿੰਘ ਨੇ ਮੀਡਿਆ ਨੂੰ ਦੱਸਿਆ ਕਿ, ਕਣਕ ਦੀ ਖ੍ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ ਕਿਤੇ ਵੀ ਕੋਈ ਮੁਸ਼ਕਿਲ ਨਹੀਂ ਹੈ। ਸਰਕਾਰੀ ਏਜੇਂਸੀਆਂ ਵੱਲੋਂ ਖ੍ਰੀਦ ਕੀਤੀ ਗਈ ਕਣਕ ਦੀ 90% ਅਦਾਇਗੀ ਹੋ ਚੁੱਕੀ ਹੈ।

Joomla Templates and Joomla Extensions by ZooTemplate.Com

ਦਿਨ ਦਿਹਾੜੇ ਨੌਜਵਾਨ ਨੂੰ ਗੋਲੀ ਮਾਰੀ

ਇੱਕ ਘੰਟਾ ਗੁਜ਼ਰ ਜਾਣ ਦੇ ਬਾਅਦ ਵੀ ਪੁਲਿਸ ਨਹੀਂ ਪਹੁੰਚੀ

ਮੋਗਾ, 27 ਅਪ੍ਰੈਲ (ਕਸ਼ਿਸ਼ ਸਿੰਗਲਾ) - ਜਿਲ੍ਹਾ ਮੋਗੇ ਦੇ ਪਿੰਡ ਬੁੱਗੀਪੁਰਾ ਵਿੱਚ ਉਸ ਸਮੇਂ ਦਹਿਸ਼ਤ ਫ਼ੈਲ ਗਈ ਜਦੋਂ ਧਰਮਸ਼ਾਲਾ ਵਿੱਚ ਬੈਠੇ ਤਾਸ਼ ਖੇਡ ਰਹੇ ਇੱਕ ਵਿਅਕਤੀ ਨੂੰ 3 ਵਿਅਕਤੀਆਂ ਨੇ ਸਾਹਮਣੇ ਤੋਂ ਆਕੇ ਉਸਦੇ ਪੈਰ ਵਿੱਚ ਗੋਲੀ ਮਾਰੀ ਅਤੇ ਭੱਜ ਗਏ। ਜਖ਼ਮੀ ਨੂੰ ਤੁਰੰਤ ਮੋਗੇ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਪ੍ਰੰਤੂ ਸਿਵਲ ਹਸਪਤਾਲ ਵਿੱਚ ਕੋਈ ਵੀ ਸਰਜਨ ਨਾ ਹੋਣ ਕਾਰਨ ਜਖ਼ਮੀ ਨੂੰ ਮੁੱਢਲੀ ਸਹਾਇਤਾ ਦੇਕੇ ਤੁਰੰਤ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਿਲ੍ਹੇ ਦੀ ਸੁਰੱਖਿਆ ਦਾ ਦਾਅਵਾ ਕਰਨ ਵਾਲੀ ਮੋਗਾ ਪੁਲਿਸ ਵਾਰਦਾਤ ਦੇ ਇੱਕ ਘੰਟਾ ਬਾਅਦ ਤੱਕ ਵੀ ਦਿਖਾਈ ਨਹੀਂ ਦਿੱਤੀ। ਜਖਮੀ ਗੁਰਜੰਟ ਸਿੰਘ ਨੇ ਦੱਸਿਆ ਕਿ, ਉਹ ਪਿੰਡ ਵਿੱਚ ਬਣੀ ਧਰਮਸ਼ਾਲਾ ਵਿੱਚ ਬੈਠਾ ਆਪਣੇ ਕੁਝ ਦੋਸਤਾਂ ਨਾਲ ਤਾਸ਼ ਖੇਡ ਰਿਹਾ ਸੀ ਕਿ ਇੰਨ੍ਹੇ ਵਿੱਚ ਕਾਰ 'ਤੇ ਸਵਾਰ 3 ਨੌਜਵਾਨ ਆਏ ਅਤੇ ਉਨ੍ਹਾਂ ਵਿਚੋਂ ਇੱਕ ਨੌਜਵਾਨ ਨੇ ਉਸਨੂੰ ਪਿੱਛੇ ਤੋਂ ਫੜ ਲਿਆ ਅਤੇ 2 ਨੇ ਰਿਵਾਲਵਰ ਲੱਤ ਉੱਤੇ ਰੱਖ ਕੇ ਗੋਲੀ ਚਲਾ ਦਿੱਤੀ ਅਤੇ ਭੱਜ ਗਏ। ਉਸਨੇ ਇਹ ਵੀ ਦੱਸਿਆ ਕਿ 3-4 ਮਹੀਨੇ ਪਹਿਲਾਂ ਪਿੰਡ ਦੇ ਹੀ ਕੁਝ ਲੜਕਿਆਂ ਨਾਲ ਉਸਦੀ ਲੜਾਈ ਹੋ ਗਈ ਸੀ, ਪ੍ਰੰਤੂ ਉਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਸਮਝੌਤਾ ਵੀ ਹੋ ਗਿਆ ਸੀ, ਪਰ ਅੱਜ ਜਿਨ੍ਹਾਂ ਨੌਜਵਾਨ ਲੜਕਿਆਂ ਨੇ ਉਸ ਉੱਤੇ ਹਮਲਾ ਕੀਤਾ ਹੈ, ਉਹ ਉਨ੍ਹਾਂ ਨੂੰ ਤਾਂ ਨਹੀਂ ਪਹਿਚਾਣਦਾ, ਪਰ ਉਸਨੂੰ ਇਹ ਲੱਗਦਾ ਹੈ ਕਿ ਜਿਨ੍ਹਾਂ ਨਾਲ ਉਸਦੀ ਰੰਜਿਸ਼ ਹੈ ਉਨ੍ਹਾਂ ਨੇ ਕਿਸੇ ਨੂੰ ਪੈਸੇ ਦੇ ਕੇ ਇਹ ਕੰਮ ਕਰਾਇਆ ਹੈ। ਉੱਧਰ ਜਖਮੀ ਗੁਰਜੰਟ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ, ਉਸਦੇ ਬੇਟੇ ਦੀ ਪਿੰਡ ਦੇ ਹੀ 2-3 ਵਿਅਕਤੀਆਂ ਨਾਲ ਰੰਜਿਸ਼ ਸੀ ਅਤੇ ਇਹ ਸਭ ਉਨ੍ਹਾਂ ਨੇ ਹੀ ਕਰਵਾਇਆ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਹਰ ਸਹੂਲਤ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ, ਪ੍ਰੰਤੂ ਮੋਗੇ ਦੇ ਸਿਵਲ ਹਸਪਤਾਲ ਵਿੱਚ ਇੱਕ ਵੀ ਅਜਿਹਾ ਡਾਕਟਰ ਨਹੀਂ ਹੈ ਜੋ ਜਖਮੀ ਗੁਰਜੰਟ ਸਿੰਘ ਦੇ ਪੈਰ ਵਿੱਚੋਂ ਗੋਲੀ ਕੱਢ ਸਕਦਾ। ਡਾਕਟਰਾਂ ਵੱਲੋਂ ਗੁਰਜੰਟ ਸਿੰਘ ਨੂੰ ਮੁੱਢਲੀ ਸਹਾਇਤਾ ਦੇਕੇ ਬਿਨਾਂ ਗੋਲੀ ਕੱਢੇ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

Joomla Templates and Joomla Extensions by ZooTemplate.Com

ਸਿੱਖ ਜਥੇਬੰਦੀਆਂ ਨੇ ਭਾਈ ਰਾਜੋਆਣਾ ਅਤੇ ਪ੍ਰੋਫ਼ੈਸਰ ਭੁੱਲਰ ਨੂੰ ਫ਼ਾਂਸੀ ਦੇਣ ਦੇ ਹੁਕਮ ਦਾ ਵਿਰੋਧ ਕੀਤਾ

ਮੋਗਾ, 21 ਮਾਰਚ (ਕਸ਼ਿਸ਼ ਸਿੰਗਲਾ) - 22 ਮਾਰਚ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮਿਲਕੇ ਸਰਕਾਰ ਉੱਤੇ ਇਸ ਸੰਬੰਧੀ ਦਬਾਅ ਬਨਾਉਣ ਦਾ ਫੈਸਲਾ ਲਿਆ ਗਿਆ ਹੈ। ਕੇਂਦਰ ਸਰਕਾਰ ਦੁਆਰਾ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋਫ਼ੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਫ਼ਾਂਸੀ ਦੇਣ ਦੇ ਹੁਕਮਾਂ ਦੀ ਵਿਭਿੰਨ ਸਿੱਖ ਜਥੇਬੰਦੀਆਂ ਸਹਿਤ ਸੰਤ ਸਮਾਜ ਦੇ ਵਿਅਕਤੀਆਂ ਵਿਚ ਖਾਸਾ ਰੋਹ ਪਾਇਆ ਜਾ ਰਿਹਾ ਹੈ।

ਜਿਸਦੇ ਚੱਲਦੇ ਸੋਮਵਾਰ ਨੂੰ ਮੋਗੇ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਵਿਚ ਵਿਭਿੰਨ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਕੱਤਰਤ ਹੋਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਕਰੜੀ ਆਲੋਚਨਾ ਕਰਦੇ ਹੋਏ ਭਾਈ ਰਾਜੋਆਣਾ ਅਤੇ ਪ੍ਰੋਫੈਸਰ ਭੁੱਲਰ ਦੀ ਫ਼ਾਂਸੀ ਦੀ ਸਜਾ ਨੂੰ ਰੱਦ ਕਰਣ ਦੀ ਮੰਗ ਕੀਤੀ। ਜਿਸਦੇ ਬਾਅਦ ਇਸ ਇਕੱਤਰਤਾ ਨੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਸ਼ਹਿਰ ਦੇ ਪ੍ਰਮੁੱਖ ਚੌਂਕ ਜੋਗਿੰਦਰ ਸਿੰਘ ਵਿਚ ਕੁਝ ਸਮੇਂ ਲਈ ਸੰਕੇਤਕ ਧਰਨਾ ਦਿੱਤਾ। ਵਿਭਿੰਨ ਜਥੇਬੰਦਕ ਆਗੂਆਂ ਨੇ 22 ਮਾਰਚ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮਿਲਕੇ ਸਰਕਾਰ ਉੱਤੇ ਇਸ ਸੰਬੰਧੀ ਦਬਾਅ ਬਨਾਉਣ ਦਾ ਫੈਸਲਾ ਲਿਆ ਹੈ। ਮੀਡਿਆ ਦੇ ਰੂਬਰੂ ਵਿਭਿੰਨ ਜਥੇਬੰਦੀਆਂ ਦੇ ਆਗੂਆਂ ਅਤੇ ਸੰਤ ਸਮਾਜ ਨਾਲ ਜੁੜੇ ਵਿਅਕਤੀਆਂ ਨੇ ਦੱਸਿਆ ਕਿ, ਇਹ ਇਕੱਤਰਤਾ ਕੇਂਦਰ ਸਰਕਾਰ ਦੁਆਰਾ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਫ਼ਾਂਸੀ ਦੀ ਸਜਾ ਸੁਣਾਏ ਜਾਣ ਦੇ ਵਿਰੋਧ ਵਿਚ ਹੋਈ ਹੈ। ਵਿਭਿਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ, 22 ਮਾਰਚ ਨੂੰ ਉਨ੍ਹਾਂ ਦਾ ਇੱਕ ਸ਼ਿਸ਼ਟ ਮੰਡਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮਿਲਕੇ ਸਰਕਾਰ ਉੱਤੇ ਇਸ ਫੈਸਲੇ ਨੂੰ ਰੱਦ ਕਰਨ ਸੰਬੰਧੀ ਦਬਾਉ ਪਾਉਣ ਲਈ ਮਿਲੇਗਾ।

Joomla Templates and Joomla Extensions by ZooTemplate.Com

ਕਿਸਾਨਾਂ ਨੇ ਕੀਤਾ ਬਜਟ ਦਾ ਵਿਰੋਧ

ਸਵਾਮੀ ਨਾਥਨ ਰਿਪੋਰਟ ਅਨੁਸਾਰ ਵਿਭਿੰਨ ਫਸਲਾਂ ਦੇ ਉਚਿਤ ਭਾਅ ਨਿਯੁਕਤ ਕਰਣ ਦੀ ਕੀਤੀ ਮੰਗ

ਮੋਗਾ, 21 ਮਾਰਚ (ਕਸ਼ਿਸ਼ ਸਿੰਗਲਾ) - ਜੋ ਬਜਟ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਹੈ, ਕਿਸਾਨਾਂ ਦੇ ਗਲੇ ਨਹੀਂ ਉੱਤਰ ਰਿਹਾ ਹੈ। ਜਿਸਦੇ ਚੱਲਦੇ ਸੋਮਵਾਰ ਨੂੰ ਸੈਂਕੜੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬੈਨਰ ਹੇਠ ਕੇਂਦਰ ਦੀ ਯੂ ਪੀ ਏ ਸਰਕਾਰ ਦੀ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਦੀ ਅਗਵਾਈ ਵਿਚ ਦਿੱਤੇ ਗਏ ਇਸ ਧਰਨੇ ਦੌਰਾਨ ਕਿਸਾਨਾਂ ਨੇ ਜੰਮਕੇ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਸਾਲ 2006 ਦੀ ਸਵਾਮੀ ਨਾਥਨ ਰਿਪੋਰਟ ਅਨੁਸਾਰ ਵਿਭਿੰਨ ਫਸਲਾਂ ਦੇ ਉੱਚਿਤ ਭਾਅ ਨਿਯੁਕਤ ਕਰਨ ਦੀ ਮੰਗ ਕੀਤੀ। ਮੀਡਿਆ ਦੇ ਰੂਬਰੂ ਸੁਖਦੇਵ ਸਿੰਘ ਕੋਕਰੀ ਅਤੇ ਜਿਲ੍ਹਾ ਪ੍ਰਧਾਨ ਤ੍ਰਿਲੋਕ ਸਿੰਘ ਹਿੰਮਤਪੁਰਾ ਨੇ ਕਿਹਾ ਕਿ, ਇੱਕ ਲੰਬੇ ਸਮੇਂ ਤੋਂ ਕੇਂਦਰ ਦੀ ਯੂ ਪੀ ਏ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਡਿੱਠਾ ਕਰਦੀ ਆ ਰਹੀ ਹੈ। ਜਿਸਦੇ ਚੱਲਦੇ ਅੱਜ ਸਮੁੱਚੇ ਰਾਜ ਵਿਚ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਇਹ ਧਰਨੇ ਦਿੱਤੇ ਜਾ ਰਹੇ ਹਨ। ਕਿਸਾਨਾਂ ਨੇ ਜਿੱਥੇ ਉਨ੍ਹਾਂ ਦੇ ਸਹਿਕਾਰੀ ਅਤੇ ਸਰਕਾਰੀ ਕਰਜਾ ਮੁਆਫ ਕਰਨ ਦੀ ਮੰਗ ਕੀਤੀ, ਉੱਥੇ ਉਨ੍ਹਾਂ ਨੇ 2006 ਦੀ ਸਵਾਮੀ ਨਾਥਨ ਰਿਪੋਰਟ ਅਨੁਸਾਰ ਵਿਭਿੰਨ ਫਸਲਾਂ ਦੇ ਉੱਚਿਤ ਭਾਅ ਨਿਯੁਕਤ ਕਰਨ ਦੀ ਵੀ ਮੰਗ ਕੀਤੀ।

Joomla Templates and Joomla Extensions by ZooTemplate.Com

ਰੋਟਰੀ ਕਲੱਬ ਨੇ ਲਗਾਇਆ ਅੰਗਹੀਣਾਂ ਦੇ ਅੰਗ ਲਗਾਉਣ ਦਾ ਦੂਜਾ ਕੈਂਪ

ਸਿਵਲ ਹਸਪਤਾਲ ਵਿਚ ਲਗਾਏ ਗਏ 78 ਅੰਗਹੀਣਾਂ ਦੇ ਅੰਗ

ਮੋਗਾ, 19 ਮਾਰਚ (ਕਸ਼ਿਸ਼ ਸਿੰਗਲਾ) - ਮੋਗਾ ਰੋਟਰੀ ਕਲੱਬ ਵੱਲੋਂ ਪਾਰਵਤੀ ਦੇਵੀ ਟਰਸਟ ਦੇ ਸਹਿਯੋਗ ਨਾਲ ਕੱਲ੍ਹ ਮੋਗਾ ਦੇ ਸਿਵਲ ਹਸਪਤਾਲ ਵਿਚ ਦੂਸਰਾ ਮੁਫ਼ਤ ਬਨਾਵਟੀ ਅੰਗ ਲਗਾਉਣ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 78 ਮਰੀਜਾਂ ਨੂੰ ਮੁਫ਼ਤ ਬਨਾਵਟੀ ਅੰਗ ਲਗਾਏ ਗਏ।

ਅੰਗਹੀਣਾਂ ਨੂੰ ਅੰਗ ਲਗਾਉਣ ਦਾ ਕੰਮ ਮਾਹਿਰ ਡਾਕਟਰ ਕੈਪਟਨ ਹਾਂਡਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ। ਕੈਂਪ ਦਾ ਉਦਘਾਟਨ ਸਮਾਜ ਸੇਵੀ ਰਜਿੰਦਰ ਪੁਰੀ ਨੇ ਕੀਤਾ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰ ਹਾਜਰ ਸਨ। ਇਸ ਮੌਕੇ ਰੋਟਰੀ ਰਾਇਲ ਦੇ ਪ੍ਰਧਾਨ ਅਸੀਸ ਅਗਰਵਾਲ ਨੇ ਦੱਸਿਆ ਕਿ, ਕਲੱਬ ਵੱਲੋਂ ਬਨਾਵਟੀ ਅੰਗ ਲਗਾਉਣ ਦਾ ਇਹ ਦੂਜਾ ਮੁਫ਼ਤ ਕੈਂਪ ਲਗਾਇਆ ਗਿਆ ਹੈ। ਪਹਿਲਾਂ ਵੀ ਕਲੱਬ ਵੱਲੋਂ ਅਜਿਹਾ ਕੈਂਪ ਲਗਾਇਆ ਗਿਆ ਸੀ, ਜਿਸ ਵਿਚ 200 ਤੋਂ ਵੱਧ ਮਰੀਜਾਂ ਨੂੰ ਅੰਗ ਅਤੇ ਵੇਸਾਖੀਆਂ ਦਿੱਤੀਆਂ ਗਈਆਂ ਸਨ। ਅੱਜ ਇਕ ਵਾਰ ਫਿਰ ਕਲੱਬ ਵੱਲੋਂ ਅੰਗਹੀਣਾਂ ਲਈ ਇਹ ਕੈਂਪ ਲਗਾਇਆ ਗਿਆ ਹੈ। ਅੱਜ ਦੇ ਇਸ ਕੈਂਪ ਵਿਚ 78 ਮਰੀਜਾਂ ਨੂੰ ਮੁਫ਼ਤ ਅੰਗ ਲਗਾਏ ਗਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ, ਅੱਜ ਜਿੰਨ੍ਹਾਂ ਮਰੀਜਾਂ ਦੇ ਅੰਗ ਲਗਾਏ ਗਏ ਸਨ, ਉਨ੍ਹਾਂ ਮਰੀਜਾਂ ਦਾ 19 ਫਰਵਰੀ ਨੂੰ ਮਾਹਿਰ ਡਾਕਟਰਾਂ ਵੱਲੋਂ ਲੱਗਣ ਵਾਲੇ ਅੰਗਾਂ ਦਾ ਨਾਪ ਲਿਆ ਗਿਆ ਸੀ ਅਤੇ ਅੱਜ ਉਨ੍ਹਾਂ ਦੇ ਅੰਗ ਲਗਾ ਦਿੱਤੇ ਗਏ। ਇਸ ਮੌਕੇ ਮਰੀਜਾਂ ਨੇ ਦੱਸਿਆ ਕਿ, ਉਹ ਬੜੇ ਲੰਬੇ ਸਮੇਂ ਤੋਂ ਆਪਣੇ ਸਰੀਰ ਦੇ ਅੰਗ ਨਾ ਹੋਣ ਕਾਰਨ ਬੜੇ ਪ੍ਰੇਸ਼ਾਨ ਰਹਿੰਦੇ ਸਨ, ਪਰ ਹੁਣ ਇਸ ਕਲੱਬ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ, ਇਹ ਗਰੀਬ ਲੋਕਾਂ ਲਈ ਬੜਾ ਸਹਾਈ ਸਾਬਿਤ ਹੋਇਆ ਹੈ।

Joomla Templates and Joomla Extensions by ZooTemplate.Com