ਸ਼ਿਵ ਪੂਜਾ ਲਈ ਮੰਦਰਾਂ ਵਿੱਚ ਲੱਗੀਆਂ ਭਗਤਾਂ ਦੀਆਂ ਲਾਇਨਾਂ
ਮੋਗਾ, 22 ਫਰਵਰੀ (ਕਸ਼ਿਸ਼ ਸਿੰਗਲਾ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਦਾ ਪਾਵਨ ਪਰਵ ਮੋਗਾ ਦੇ 150 ਸਾਲ ਪੁਰਾਣੇ ਸ਼ਿਵਾਲਾ ਮੰਦਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਸ਼ਿਵ ਪੂਜਾ ਲਈ ਮੰਦਰ ਵਿੱਚ ਭਗਤਾਂ ਦੀ ਲੰਬੀਆਂ ਲਾਇਨਾਂ ਦੇਖਣ ਨੂੰ ਮਿਲੀਆਂ। ਭਗਤਾਂ ਨੇ ਆਪਣੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਨ ਲਈ ਸ਼ਿਵ ਅਰਾਧਨਾ ਕੀਤੀ। ਅੱਜ ਦੇ ਦਿਨ ਭਗਤ, ਭੋਲੇ ਨਾਥ ਨੂੰ ਭੰਗ ਦਾ ਪ੍ਰਸ਼ਾਦ ਚੜਾਉਂਦੇ ਅਤੇ ਪੀਂਦੇ ਹੋਏ ਦਿਖਾਈ ਦਿੱਤੇ।
ਇਸ ਮੌਕੇ ਸ਼ਿਵਾਲਾ ਮੰਦਰ ਦੇ ਪੁਜਾਰੀ ਅਕਸ਼ੈ ਕੁਮਾਰ ਸ਼ਰਮਾ ਨੇ ਦੱਸਿਆ ਕਿ, ਵੈਸੇ ਤਾਂ ਸ਼ਿਵਰਾਤਰੀ ਹਰ ਮਹੀਨੇ ਵੀ ਮਨਾਈ ਜਾਂਦੀ ਹੈ, ਪੰ੍ਰਤੂ ਫੱਗਣ ਮਹੀਨੇ ਦੀ ਸ਼ਿਵਰਾਤਰੀ ਦਾ ਇੱਕ ਵਿਸ਼ੇਸ਼ ਮਹੱਤਵ ਹੈ। ਬ੍ਰਹਿਮੰਡ ਦੇ ਰਚੇਤਾ ਸ਼ਿਵ ਅਤੇ ਬ੍ਰਹਮਾ ਜੀ ਦੀ ਉਤਪਤੀ ਦਾ ਕਿਸੇ ਨੂੰ ਵੀ ਗਿਆਨ ਨਹੀਂ ਹੈ, ਪੰ੍ਰਤੂ ਅੱਜ ਦੇ ਦਿਨ ਸ਼ਿਵ ਭੋਲੇ ਨਾਥ ਦਾ ਵਿਆਹ ਹੋਇਆ ਸੀ। ਇਸ ਦਿਨ ਦਾ ਜਿਆਦਾ ਮਹੱਤਵ ਹੈ। ਇਸੇ ਵਿਵਾਹ ਦੇ ਸਬੰਧ ਵਿੱਚ ਭਗਤ ਮਹਾਂ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਮਨਾਉਂਦੇ ਹਨ। ਸ਼ਿਵਰਾਤਰੀ ਦੇ ਦਿਨ ਰੱਖਿਆ ਗਿਆ ਵਰਤ ਵੀ ਮਹੱਤਵਪੂਰਨ ਹੈ। ਉਹਨਾਂ ਨੇ ਦੱਸਿਆ ਕਿ, ਅੱਜ ਦੇ ਦਿਨ ਕੀਤੀ ਗਈ ਪੂਜਾ ਦਾ ਫਲ ਸਾਰੇ ਸਾਲ ਦੀ ਕੀਤੀ ਗਈ ਪੂਜਾ ਦੇ ਬਰਾਬਰ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ, ਕਿਸ ਤਰ੍ਹਾਂ ਸ਼ਿਵਰਾਤਰੀ ਦਾ ਵਰਤ ਰੱਖਣਾ ਚਾਹੀਦਾ ਹੈ। ਉਧਰ ਸਰਧਾਲੂਆਂ ਨੇ ਦੱਸਿਆ ਕਿ, ਉਹਨਾਂ ਨੇ ਸ਼ਿਵਲਿੰਗ 'ਤੇ ਜਲ੍ਹ ਚੜਾਇਆ ਅਤੇ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਮਨੋਕਾਮਨਾਵਾਂ ਮੰਗੀਆਂ।














