ਪਟਿਆਲਾ ਦੇ ਵਿਜੀਲੈਂਸ ਦੇ ਐਸ ਐਸ ਪੀ 'ਤੇ ਲਗਾਏ ਦੋਸ਼
ਮੋਗਾ, 22 ਫਰਵਰੀ (ਕਸ਼ਿਸ਼ ਸਿੰਗਲਾ) - ਮੋਗਾ ਵਿਜੀਲੈਂਸ ਵਿਭਾਗ ਵੱਲੋਂ ਜਿਲ੍ਹਾ ਫਤਹਿਗੜ੍ਹ ਵਿੱਚ ਡਿਊਟੀ ਕਰਨ ਵਾਲੇ ਮੋਹਨ ਸਿੰਘ ਨਾਮ ਦੇ ਪਟਵਾਰੀ ਨੂੰ ਫੜਨ ਤੇ ਪੰਜਾਬ ਦੀ ਰੇਵਾਨਿਊ ਪਟਵਾਰ ਯੂਨੀਅਨ ਉਸਦੇ ਹੱਕ ਵਿੱਚ ਉੱਤਰ ਆਈ ਹੈ।
ਅੱਜ ਮੋਗਾ ਵਿੱਚ ਪੰਜਾਬ ਦੇ ਸੈਂਕੜੇ ਪਟਵਾਰੀਆਂ ਵੱਲੋਂ ਬੈਠਕ ਕੀਤੀ ਗਈ ਅਤੇ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਉਹ ਆਪਣੇ ਸਾਥੀ ਨੂੰ ਬੇਗੁਨਾਹ ਸਾਬਿਤ ਕਰਵਾ ਕੇ ਰਹਿਣਗੇ, ਜਿਸ ਲਈ ਉਹ ਹਰ ਸੰਘਰਸ਼ ਲਈ ਤਿਆਰ ਹਨ ਅਤੇ 22 ਫਰਵਰੀ ਨੂੰ ਪਟਿਆਲਾ ਜਿਲ੍ਹਾ ਦੇ ਸਮੂਹ ਪਟਵਾਰੀ ਐਸ ਪੀ ਵਿਜੀਲੈਂਸ ਦੇ ਦਫ਼ਤਰਾਂ ਅੱਗੇ ਧਰਨੇ ਦੇਣਗੇ ਅਤੇ 23 ਫਰਵਰੀ ਦੇ ਸਮੂਹ ਪਟਵਾਰੀ ਐਸ ਐਸ ਪੀ ਸ਼ਿਵ ਕੁਮਾਰ ਵਿਜੀਲੈਂਸ ਦੇ ਦਫ਼ਤਰ ਅੱਗੇ ਧਰਨਾ ਦੇਣਗੇ ਅਤੇ 24 ਫਰਵਰੀ ਨੂੰ ਪੰਜਾਬ ਦੇ ਸਮੂਹ ਪਟਵਾਰੀ ਐਸ ਪੀ ਵਿਜੀਲੈਂਸ ਦੇ ਦਫ਼ਤਰਾਂ ਅੱਗੇ ਧਰਨਾ ਦੇਣਗੇ ਅਤੇ ਆਪਣੇ ਸਾਥੀ ਨੂੰ ਛੁਡਾਉਣ ਦਾ ਹਰ ਯਤਨ ਕਰਨਗੇ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਰੇਵੇਨਿਊ ਪਟਵਾਰ ਯੂਨੀਅਨ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ, ਮੋਗਾ ਵਿਜੀਲੈਂਸ ਵੱਲੋਂ ਜਿਲ੍ਹਾ ਫਤਹਿਗੜ੍ਹ ਵਿੱਚ ਡਿਊਟੀ ਕਰਨ ਵਾਲੇ ਮੋਹਨ ਸਿੰਘ ਪਟਵਾਰੀ 'ਤੇ ਇਹ ਦੋਸ਼ ਲਗਾਉਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ ਕਿ ਉਸ ਵੱਲੋਂ ਫਿਰੋਜਪੁਰ ਵਿੱਚ ਪਨਸਪ ਅਤੇ ਸ਼ੈਲਰ ਵਿੱਚ ਹੋਈ ਡੀਲ ਦੇ ਚੱਲਦੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਮੋਹਨ ਸਿੰਘ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਨੇ ਮੋਹਨ ਸਿੰਘ ਦੀ ਹੋਈ ਗ੍ਰਿਫ਼ਤਾਰੀ ਬਾਰੇ ਵਿੱਚ ਦੱਸਿਆ ਕਿ, ਇਹ ਸਾਰਾ ਕੰਮ ਪਟਿਆਲਾ ਦੇ ਵਿਜੀਲੈਂਸ ਐਸ ਐਸ ਪੀ ਸ਼ਿਵ ਕੁਮਾਰ ਦੇ ਕਹਿਣ 'ਤੇ ਕੀਤਾ ਗਿਆ ਹੈ, ਕਿਉਂਕਿ ਮੋਹਨ ਸਿੰਘ ਨੇ ਐਸ ਐਸ ਪੀ ਸ਼ਿਵ ਕੁਮਾਰ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਅਤੇ ਉਹ ਸ਼ਿਕਾਇਤ ਵਾਪਸ ਲੈਣ 'ਤੇ ਦਬਾਓ ਪਾ ਰਿਹਾ ਸੀ, ਪੰ੍ਰਤੂ ਮੋਹਨ ਸਿੰਘ ਦੇ ਅਜਿਹਾ ਨਾ ਕਰਨ 'ਤੇ ਸ਼ਿਵ ਕੁਮਾਰ ਦੇ ਕਹਿਣ 'ਤੇ ਉਸ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ, ਪੰ੍ਰਤੂ ਪੰਜਾਬ ਰੇਵੇਨਿਊ ਪਟਵਾਰ ਯੂਨੀਅਨ ਆਪਣੇ ਸਾਥੀ ਦੇ ਨਾਲ ਹੈ ਅਤੇ ਉਹ ਉਸਦੇ ਲਈ ਸੰਘਰਸ਼ ਕਰਨਗੇ।














