ਹਾਦਸੇ ਵਿੱਚ ਸਕੂਲੀ ਬੱਚੇ ਦੀ ਮੌਤ
ਮੋਗਾ, 22 ਫਰਵਰੀ (ਕਸ਼ਿਸ਼ ਸਿੰਗਲਾ) - ਜਿਲ੍ਹਾ ਫਿਰੋਜਪੁਰ ਦੇ ਹਲਕਾ ਜੀਰਾ ਦੇ ਇੱਕ ਰੋਡ 'ਤੇ ਸਥਿਤ ਟੂਨ ਕੈਂਬ੍ਰੇਜ ਸਕੂਲ ਵਿੱਚ ਸਥਿਤੀ ਉਸ ਸਮੇਂ ਤਣਾਉ ਪੂਰਨ ਹੋ ਗਈ ਜਦੋਂ ਨੇੜ੍ਹੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਪੰਜ ਸਾਲਾਂ ਦੇ ਮਨਕੀਰਤ ਸਿੰਘ ਦੀ ਸਕੂਲ ਆਉਂਦੇ ਸਮੇਂ ਟ੍ਰੈਕਟਰ ਟ੍ਰਾਲੀ ਦੇ ਹੇਠਾਂ ਆਉਣ ਨਾਲ ਮੌਤ ਹੋ ਗਈ।
ਬੱਚੇ ਦੀ ਮੌਤ ਦਾ ਸਮਾਚਾਰ ਮਿਲਦੇ ਹੀ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਅਤੇ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਬੱਚੇ ਦੀ ਲਾਸ਼ ਨੂੰ ਸਕੂਲ ਦੇ ਸਾਹਮਣੇ ਰੱਖਕੇ ਸਕੂਲ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਸਕੂਲ ਵਿੱਚ ਤੋੜ ਫੋੜ ਕੀਤੀ। ਸਥਿਤੀ ਨੂੰ ਤਣਾਉ ਪੂਰਨ ਹੁੰਦਾ ਦੇਖ ਸਾਰਾ ਸਕੂਲੀ ਅਮਲਾ ਹਰਕਤ ਵਿੱਚ ਆ ਗਿਆ ਅਤੇ ਸਥਿਤੀ 'ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ। ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ, ਸਾਡਾ ਬੱਚਾ ਟੂਨ ਵੈਲੀ ਕੈਂਬ੍ਰੇਜ ਸਕੂਲ ਵਿੱਚ ਪੜ੍ਹਦਾ ਸੀ ਅਤੇ ਕਰੀਬ ਪੰਦਰਾਂ ਵੀਹ ਦਿਨ ਪਹਿਲਾਂ ਸਕੂਲ ਨੂੰ ਇਹ ਸ਼ਿਕਾਇਤ ਵੀ ਕੀਤੀ ਸੀ ਕਿ ਤੁਹਾਡੀ ਬੱਸ ਦਾ ਡਰਾਇਵਰ ਸਾਡੇ ਬੱਚਿਆਂ ਨੂੰ ਰੋਡ 'ਤੇ ਉਤਾਰ ਜਾਂਦਾ ਹੈ, ਜਦਕਿ ਬੱਚਿਆਂ ਨੂੰ ਸਕੂਲ ਤੋਂ ਘਰ ਤੱਕ ਛੱਡ ਕੇ ਜਾਣਾ ਚਾਹੀਦਾ ਹੈ। ਅੱਜ ਵੀ ਉਹ ਸਾਡੇ ਬੱਚੇ ਨੂੰ ਬਿਨਾਂ ਕਿਸੇ ਸੂਚਨਾ ਦੇ ਰਾਸ਼ਟਰੀ ਰਾਜ ਮਾਰਗ 'ਤੇ ਉਤਾਰ ਕੇ ਗਿਆ ਅਤੇ ਜਦ ਬੱਚਾ ਰੋਡ ਪਾਰ ਕਰਨ ਲੱਗਿਆ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਸਰਾਸਰ ਸਕੂਲ ਪ੍ਰਬੰਧ ਦੀ ਗਲਤੀ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ। ਇਧਰ ਐਸ ਪੀ ਫਿਰੋਜਪੁਰ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਮਾਮਲਾ ਜਿਲ੍ਹਾ ਫਿਰੋਜਪੁਰ ਦੇ ਹਲਕਾ ਜੀਰਾ ਦੇ ਪਿੰਡ ਖਡੂਰ ਦਾ ਰਹਿਣ ਵਾਲਾ ਮਨਕੀਰਤ ਸਿੰਘ ਰੋਜ ਦੀ ਤਰ੍ਹਾਂ ਅੱਜ ਵੀ ਸਵੇਰੇ ਆਪਣੀ ਸਕੂਲ ਬੱਸ ਵਿੱਚ ਬੈਠ ਗਿਆ ਅਤੇ ਵਾਪਸੀ ਵਿੱਚ ਸਕੂਲ ਦੀ ਬੱਸ ਖਰਾਬ ਹੋ ਜਾਣ ਕਾਰਨ ਸਕੂਲ ਪ੍ਰਬੰਧਕਾਂ ਨੇ ਮਨਕੀਰਤ ਦੇ ਨਾਲ-ਨਾਲ ਹੋਰ ਦੋ ਬੱਚਿਆਂ ਨੂੰ ਇੱਕ ਬਸ ਵਿੱਚ ਬਿਠਾ ਕੇ ਘਰ ਭੇਜ ਦਿੱਤਾ, ਜਦਕਿ ਬਸ ਡਰਾਇਵਰ ਨੇ ਬੱਚਿਆਂ ਨੂੰ ਰਾਸ਼ਟਰੀ ਮਾਰਗ 'ਤੇ ਹੀ ਉਤਾਰ ਦਿੱਤਾ। ਜਦੋਂ ਤਿੰਨੋਂ ਬੱਚੇ ਸੜਕ ਪਾਰ ਕਰਨ ਲੱਗੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ ਰਫਤਾਰ ਟ੍ਰੈਕਟਰ ਟਰਾਲੀ ਦੀ ਚਪੇਟ ਵਿੱਚ ਆ ਗਿਆ। ਜਿਸ ਵਿੱਚ ਮਨਕੀਰਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਬਾਕੀ ਦੋਵੇਂ ਬੱਚੇ ਵਾਲ ਵਾਲ ਬਚ ਗਏ।














