ਅਸੀਂ ਸਭ ਜਾਣਦੇ ਹਾਂ ਕਿ ਚੰਗੇਰਾ ਕਾਰਜ ਕਰਨ ਵਾਲੇ ਨੂੰ ਤਾੜੀਆਂ ਮਿਲਦੀਆਂ ਨੇ ਤੇ ਮੰਦਾ ਕਾਰਜ ਕਰਨ ਵਾਲੇ ਨੂੰ ਅਲੋਚਨਾ ਸਹਿਣੀ ਪੈਦੀਂ ਹੈ, ਪਰ ਮੈਂ ਅਕਸਰ ਦੇਖਦਾ ਹਾਂ ਕਿ ਚੰਗਾ ਕਾਰਜ ਕਰਨ ਵਾਲੇ ਨੂੰ ਮਿਲੀਆਂ ਤਾੜੀਆਂ ਦੀ ਗਿਣਤੀ ਮਾੜਾ ਕੰਮ ਕਰਨ ਵਾਲੇ ਨੂੰ ਮਿਲੀਆਂ ਗਾਲ੍ਹਾ ਨਾਲੋਂ ਘੱਟ ਹੁੰਦੀ ਹੈ| ਕਿਤੇ ਇਹ ਨਾ ਸਮਝ ਲੈਣਾ ਕਿ ਸਮਾਜ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਦੀ ਅਲੋਚਨਾ ਨਹੀਂ ਹੋਣੀ ਚਾਹੀਦੀ| ਅਲੋਚਨਾ ਵੱਡੇ ਪੱਧਰ 'ਤੇ ਹੋਣੀ ਚਾਹੀਦੀ ਹੈ, ਪਰ ਹੁੰਦਾ ਇਹ ਹੈ ਕਿ ਜੇ ਕੋਈ ਗਲਤ ਕੰਮ ਕਰਦਾ ਹੈ ਤਾਂ ਅਸੀਂ ਲੋਕ ਇੱਕਦਮ ਪੂਛਾਂ ਚੱਕ ਲੈਦੇਂ ਹਾਂ ਉਸ ਨੂੰ ਭੰਢਣ ਲਈ| ਪ੍ਰੈੱਸ ਕਾਨਫਰੰਸਾਂ ਸੱਦੀਆਂ ਜਾਂਦੀਆਂ ਨੇ ਤੇ ਅਖਬਾਰਾਂ ਵਿੱਚ ਦਬਾ ਦਬ ਬਿਆਨ ਦਾਗ ਦਿੱਤੇ ਜਾਂਦੇ ਨੇ| ਖ਼ਬਰੇ ਅਸੀਂ ਇਹ ਦਿਖਾਉਣਾ ਲੋਚਦੇ ਹੁੰਦੇ ਹਾਂ ਕਿ ਸਾਨੂੰ ਸਮਾਜ ਦੀ, ਆਪਣੇ ਵਿਰਸੇ\ਸੱਭਿਆਚਾਰ ਦੀ ਖਾਸੀ ਫਿਕਰ ਹੈ, ਪਰ ਜਦ ਕੋਈ ਕਾਰਜ ਇਸੇ ਵਿਰਸੇ ਦੇ ਹੱਕ ਵਿੱਚ ਹੁੰਦਾ ਹੈ ਤਦ ਇਹਨਾਂ ਦੇ ਅਖੌਤੀ ਧਰਨੇ, ਸਨਮਾਣ ਸਮਾਰੋਹ ਵਿੱਚ ਕਦੇ ਨਹੀਂ ਬਦਲਦੇ| ਕੀ ਇਹ ਸਹੀ ਹੈ? ਕੋਈ ਬਹੁਤਾ ਦੂਰ ਜਾਣ ਦੀ ਲੋੜ ਨਹੀਂ ਬੱਸ ਪਿੰਡ ਜਾਂ ਸ਼ਹਿਰ ਵਿਚਲੀ ਸੱਥ ਵਿੱਚ ਬੈਠ ਜਾਵੋ ਤੇ ਸੁਣੋ ਕੀ ਕਹਿੰਦੀਆਂ ਨੇ ਇਹ ਸੱਥਾਂ| ਮੇਰੇ ਮੰਨਣੇ ਉਥੇ ਜਿਆਦਤਰ ਭੰਢੀ ਪ੍ਰਚਾਰ ਹੀ ਹੁੰਦਾ ਹੈ| ਉਥੇ ਨਸ਼ਿਆਂ ਵਿੱਚ ਗਲਤਾਨ ਸ਼ਰੀਕ ਦੇ ਪੁੱਤ ਦੀ ਗੱਲ ਤਾਂ ਹੁੰਦੀ ਹੈ ਕਿ ਅਗਲੇ ਦਾ ਮੁੰਡਾ ਬੜਾ ਲੱਥ ਨਿੱਕਲਿਆ ਤੇ ਤੋਏ ਤੋਏ ਕਰਵਾਤੀ ਮਾਪਿਆਂ ਦੀ, ਪਰ ਚੰਗਾ ਪੜ੍ਹ ਲਿਖ ਕੇ ਪਿੰਡ ਦੀ ਸ਼ਾਨ ਬਣੇ ਗੱਭਰੂ ਦੀ ਗੱਲ ਕਦੇ ਕਦਾਈਂ ਹੀ ਕੀਤੀ ਜਾਂਦੀ ਹੈ ਤੇ ਜਿਸ ਨੂੰ ਹੁੰਗਾਰਾ ਵੀ ਨਾ ਮਾਤਰ ਹੀ ਮਿਲਦਾ ਹੈ| ਉਥੇ ਸ਼ਰਾਬ ਵਿੱਚ ਉਡਾਏ ਕਿੱਲਿਆਂ ਦੀ ਗੱਲ ਤਾਂ ਹੱਸ ਹੱਸ ਕੇ ਕੀਤੀ ਜਾਂਦੀ ਹੈ, ਪਰ ਦਿਨ ਰਾਤ ਇੱਕ ਕਰਕੇ ਬਣਾਏ ਕਿੱਲਿਆਂ ਦੀ ਗੱਲ ਕਦੇ ਵੀ ਸੁਣਨ ਨੂੰ ਨਹੀਂ ਮਿਲਦੀ| ਕੀ ਇਸ ਸਭ ਕਾਸੇ ਨੂੰ ਜਾਣਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਚੰਗੇ ਨੂੰ ਚੰਗਾ ਕਿਹਾ ਤੇ ਮੰਦੇ ਨੂੰ ਮੰਦਾ? ਗੀਤ ਸੰਗੀਤ ਵੀ ਸਾਡੀ ਜ਼ਿੰਦਗੀ ਦਾ ਕਦੇ ਨਾ ਵਿਸਰਨ ਵਾਲਾ ਅੰਗ ਹੈ| ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਗੀਤ ਸੰਗੀਤ ਨੇ ਪੰਜਾਬ ਤੇ ਪੰਜਾਬੀਆਂ ਨੂੰ ਵੱਖਰੀ ਪਹਿਚਾਣ ਦਿੱਤੀ ਹੈ| ਇਸ ਖੇਤਰ ਦੀ ਗੱਲ ਕਰੀਏ ਤਾਂ ਅਸੀਂ ਇੱਥੇ ਵੀ ਆਪਣੀ ਇਹ ਆਦਤ ਨਹੀ ਛੱਡੀ| ਉਦਾਹਰਣ ਦੇ ਤੌਰ 'ਤੇ ਜੇ ਕਿਧਰੇ ਕੋਈ ਮਾੜੀ ਸ਼ਬਦਾਵਲੀ ਵਾਲਾ ਗੀਤ ਮਾਰਕੀਟ ਵਿੱਚ ਆ ਜਾਵੇ ਜੋ ਸਾਡੇ ਸੱਭਿਆਚਾਰ ਦੇ ਹਾਣ ਦਾ ਨਾ ਹੋਵੇ ਤੇ ਇਸ ਦੇ ਮਿਆਰ ਨੂੰ ਢਾਹ ਲਾਉਦਾ ਹੋਵੇ ਤਾਂ ਅਸੀਂ ਪੂਰਾ ਜੋਰ ਲਾਉਂਦੇ ਹਾਂ ਉਸ ਗੰਦੀ ਸ਼ਬਦਾਵਲੀ ਵਾਲੇ ਗੀਤ ਪ੍ਰਤੀ ਆਪਣਾ ਰੋਸ ਪ੍ਰਗਟਾਉਣ ਲਈ ਤੇ ਸਾਨੂੰ ਇਹ ਕਰਨਾ ਵੀ ਚਾਹੀਦਾ| ਕਿਉਂਕਿ ਇਹ ਰੋਸ ਹੀ ਸਾਡੀ ਜ਼ਮੀਰ ਦੇ ਜ਼ਿੰਦਾ ਹੋਣ ਦੀ ਗਵਾਹੀ ਭਰਦਾ ਹੈ, ਪਰ ਇਸ ਦੇ ਉਲਟ ਜਦੋਂ ਕੋਈ ਸੁਲਝਿਆ ਹੋਇਆ ਤੇ ਸਮਾਜਿਕ ਕਦਰਾਂ ਕੀਮਤਾਂ 'ਤੇ ਖਰ੍ਹਾ ਉਤਰਦਾ ਗੀਤ ਲੋਕਾਂ ਵਿੱਚ ਆਉਦਾ ਹੈ ਤਾਂ ਜਿਆਦਾਤਰ ਲੋਕ ਕਦੇ ਵੀ ਉਸ ਗੀਤ ਦੀ, ਉਸ ਕੋਸ਼ਿਸ਼ ਦੀ ਸਲਾਹੁਤਾ ਨਹੀਂ ਕਰਦੇ| ਇਹ ਓਹੀ ਲੋਕ ਨੇ ਜੋ ਪਹਿਲਾਂ ਲੱਚਰ ਗੀਤ ਗਾਉਣ ਵਾਲਿਆਂ ਖਿਲਾਫ ਜੁੱਤੀਆਂ ਚੱਕਦੇ ਹੁੰਦੇ ਨੇ| ਹੁਣ ਆਪ ਹੀ ਅੰਦਾਜ਼ਾ ਲਾਉ ਕਿ ਕੀ ਉਹ ਗਾਇਕ ਦੁਬਾਰਾ ਉਚੇ ਮਿਆਰ ਦੇ ਗੀਤ ਗਾਉਣ ਦੀ ਗਲਤੀ ਕਰੇਗਾ? ਮੇਰਾ ਦਾਅਵਾ ਹੈ ਤੇ ਵਿਸ਼ਵਾਸ ਵੀ ਕਿ ਜਿਸ ਦਿਨ ਆਪਾਂ ਨੇ ਚੰਗੇ ਕੰਮ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਕਰਨੀ ਸ਼æੁਰੂ ਕਰ ਦਿੱਤੀ ਉਸੇ ਦਿਨ ਤੋਂ ਮਾੜੇ ਕੰਮਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਵੇਗੀ| ਜੇ ਕੋਈ ਆਪਣੇ ਮਾਂ ਬਾਪ ਨੂੰ ਨਹੀਂ ਸਾਂਭਦਾ, ਉਹਨਾਂ ਦੀ ਸੇਵਾ ਨਹੀਂ ਕਰਦਾ ਤਾਂ ਲੋਕ ਤਾਹਨੇ ਮਾਰਦੇ ਨੇ ਕਿ ਫਲਾਣੇ ਨੇ ਆਪਣੇ ਮਾਂ ਪਿਉ ਦੀ ਕਦਰ ਨਹੀਂ ਜਾਣੀ, ਫਲਾਣੇ ਨੇ ਮਾਂ ਪਿਉ ਨੂੰ ਧੱਕੇ ਮਾਰ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ| ਲੋਕ ਉਸ ਦਾ ਜੀਣਾ ਹਰਾਮ ਕਰ ਦਿੰਦੇ ਨੇ, ਪਰ ਜੇ ਉਹੀ ਬੰਦਾ ਆਪਣੇ ਮਾਂ ਬਾਪ ਨੂੰ ਫੁੱਲਾਂ ਵਾਂਗ ਸਾਂਭਦਾ ਹੈ ਤਾਂ ਇਹੀ ਲੋਕ ਕਹਿ ਛੱਡਦੇ ਨੇ ਕਿ ਬਈ ਫਲਾਣੇ ਨੇ ਆਪਣੇ ਮਾਂ ਪਿਉ ਖਾ ਲਏ, ਆਪਣੇ ਮਾਂ ਪਿਉ ਦੇ ਪੈਸੇ ਨੱਪ ਲਏ ਆਦਿ| ਹੋ ਸਕਦਾ ਕਈ ਘਰਾਂ ਵਿੱਚ ਇਹ ਨਾ ਵਾਪਰਦਾ ਹੋਵੇ ਪਰ ਜੇ ਅਸੀਂ ਚੰਗਿਆਂ ਨੂੰ ਵੀ ਇਸ ਤਰ੍ਹਾਂ ਬਿਨਾ ਵਜ੍ਹਾ ਭੰਢਦੇ ਰਹਾਂਗੇ ਤਾਂ ਕੀ ਅਸੀਂ ਇਹ ਆਸ ਰੱਖ ਸਕਦੇ ਹਾਂ ਕਿ ਲੋਕ ਆਪਣੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨਗੇ? ਇਸ ਗੱਲ ਨੂੰ ਆਪਣੇ ਆਪ 'ਤੇ ਲਾਗੂ ਕਰਕੇ ਦੇਖੋ ਤੇ ਇਸ ਦਾ ਜਵਾਬ ਲੱਭੋ| ਸਾਡੇ ਵਿੱਚੋਂ ਬਹੁਤੇ ਧਾਰਮਿਕ ਹੋਣਗੇ ਤੇ ਧਾਰਮਿਕ ਹੋਣਾ ਕੋਈ ਬੁਰੀ ਗੱਲ ਨਹੀਂ ਬਸ਼ਰਤੇ ਅਸੀਂ ਧਰਮ ਦਾ ਮਤਲਬ ਜਾਣਦੇ ਹੋਈਏ, ਪਰ ਧਾਰਮਿਕ ਹੁੰਦਿਆਂ ਹੋਇਆਂ ਵੀ ਅਸੀਂ ਆਪਣੀ ਜਿੰਮੇਵਾਰੀ ਤੋਂ ਪਾਸਾ ਵੱਟ ਲੈਂਦੇ ਹਾਂ| ਅੱਜ ਥਾਂ-ਥਾਂ ਡੇਰੇ, ਆਸ਼ਰਮ ਖੁੱਲ੍ਹੇ ਹੋਏ ਨੇ ਜਿਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਲੋਕਾਂ ਦੀ ਆਰਥਿਕ ਅਤੇ ਮਾਨਸਿਕ ਤੌਰ 'ਤੇ ਲੁੱਟ ਖਸੁੱਟ ਹੁੰਦੀ ਸੀ ਤੇ ਹੁਣ ਵੀ ਹੋ ਰਹੀ ਹੈ| ਲੋਕਾਂ ਦੀਆਂ ਭਾਵਨਾਵਾਂ ਨਾਲ ਸ਼ਰੇਆਮ ਖਿਲਵਾੜ ਤੇ ਧੋਖਾ ਕੀਤਾ ਜਾ ਰਿਹਾ ਹੈ, ਪਰ ਸਾਡੇ ਵਿੱਚੋਂ ਬਹੁਤੇ ਇਸ ਨੂੰ ਜਾਂਦਿਆ ਹੋਇਆਂ ਵੀ ਅਨਜਾਣ ਬਣੇ ਬੈਠੇ ਹਾਂ| ਕਹਿਣ ਦਾ ਭਾਵ ਜੇ ਅਸੀਂ ਸਮਾਜ ਸੇਵਾ ਕਰਦੇ ਸੰਤ ਮਹਾਂਪੁਰਸ਼ਾਂ ਨੂੰ ਸਲਾਹੁੰਦੇ ਨਹੀਂ ਥੱਕਦੇ ਤਾਂ ਇਹਨਾਂ ਪਾਖੰਡੀ ਸਾਧਾਂ ਦਾ ਸੱਚ ਲੋਕਾਂ ਸਾਹਮਣੇ ਲਿਆਉਂਦੇ ਸਮੇਂ ਸਾਨੂੰ ਸੱਪ ਕਿਉਂ ਸੁੰਘ ਜਾਂਦਾ ਹੈ? ਕਿਉਂ ਅਸੀਂ ਘੇਸਲ ਮਾਰੀ 'ਸਾਨੂੰ ਕੀ' ਦੀ ਰੱਟ ਲਗਾਉਂਦੇ ਰਹਿੰਦੇ ਹਾਂ? ਇੱਥੇ ਆ ਕੇ ਵੀ ਅਸੀਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲੀ ਗੱਲ 'ਤੇ ਖਰੇ ਨਹੀਂ ਉੱਤਰਦੇ| ਜਾਂਦੇ ਜਾਂਦੇ ਸਿਆਸਤ ਦੀ ਗੱਲ ਕਰਦਾ ਜਾਵਾਂ ਕਿਉਂਕਿ ਸਿਆਸਤ ਵਿੱਚ ਪੰਜਾਬੀਆਂ ਦੀ ਖਾਸੀ ਦਿਲਚਸਪੀ ਹੈ, ਪਰ ਸਿਆਸਤ ਵਿੱਚ ਵੀ ਅਸੀਂ ਅੱਖਾਂ 'ਤੇ ਪੱਟੀ ਬੰਨ੍ਹੀ ਫਿਰਦੇ ਹਾਂ। ਕਦੇ ਸਿਆਸਤਦਾਨਾਂ ਕੋਲੋਂ ਆਪਣੇ ਹੱਕ ਹੀ ਨਹੀਂ ਮੰਗੇ ਤੇ ਬੱਸ ਉਹਨਾਂ ਨਾਲ ਤਸਵੀਰਾਂ ਕਰਵਾ ਕੇ ਹੀ ਖੁਸ਼ੀ ਵਿੱਚ ਖੀਵੇ ਹੋ ਜਾਂਦੇ ਹਾਂ। ਲੀਡਰ ਨੂੰ ਉਸਦੀ ਗਲਤੀ ਦੱਸਣ ਦੀ ਬਜਾਇ ਚਾਪਲੂਸੀ ਕਰਨ ਵੱਲ ਸਾਡਾ ਧਿਆਨ ਜਿਆਦਾ ਹੁੰਦਾ ਹੈ। ਦਰਅਸਲ ਸਾਨੂੰ ਆਪਣਾ ਪਾਲਾ ਮਾਰਨ ਲੱਗ ਜਾਂਦਾ ਹੈ ਕਿਉਂਕਿ ਅਸੀਂ ਤਾਂ ਉਨ੍ਹਾਂ ਕੋਲੋਂ ਕੀ ਪਤਾ ਕਿੰਨੇ ਕੰਮ ਕਢਵਾਉਣੇ ਹੁੰਦੇ ਨੇ? ਮੁੱਕਦੀ ਗੱਲ ਇਹ ਹੈ ਕਿ ਦੋਸਤੋ ਸੱਚ ਬੋਲਣਾ ਔਖਾ ਤਾਂ ਲੱਗਦਾ ਪਰ ਜੇ ਇਸ ਔਖ ਨੂੰ ਝੱਲਣ ਦੀ ਆਦਤ ਪੈ ਜਾਵੇ ਤਾਂ ਦੁਨੀਆ ਅੱਗੇ ਤੁਰਨ ਲੱਗਿਆਂ ਧੌਣ ਨੀਵੀਂ ਕਰਨ ਦੀ ਲੋੜ ਨੀ ਪੈਂਦੀ ਤੇ ਬੰਦਾ ਆਪਣੀ ਗਿਣਤੀ ਉਹਨਾਂ ਵਿੱਚ ਕਰਨ ਦੇ ਯੋਗ ਹੋ ਜਾਂਦਾ ਜਿਨ੍ਹਾਂ ਨੂੰ ਖਰੀਦਿਆ ਨੀ ਜਾ ਸਕਦਾ| ਜਿਨ੍ਹਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਦੀ ਜ਼ਮੀਰ ਨੂੰ ਸੁਸਤਾਇਆ ਨਹੀਂ ਜਾ ਸਕਦਾ। ਵਰਨਾ 'ਮਰਿਆਂ' ਦੀ ਬੋਲੀ ਤਾਂ ਥਾਂ-ਥਾਂ ਲੱਗਦੀ ਹੈ ਤੇ ਬੋਲੀ ਲਾਉਣ ਵਾਲੇ ਵੀ ਬਥੇਰੇ ਹੁੰਦੇ ਨੇ ਉੱਥੇ| ਦੇਖਿਉ ਕਿਤੇ ਵਿਕ ਨਾ ਜਾਇਉ…|

- ਸੁਖਦੀਪ ਗਿੱਲ ਮੋਗਾ















