2011 ਦੇਕਰੇਤੋ ਫਲੂਸੀ ਜਾਰੀ, ਸਿਰਫ ਮੌਸਮੀ ਕਰਮਚਾਰੀਆਂ ਲਈ
ਰੋਮ (ਇਟਲੀ) 24 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਇਟਾਲੀਅਨ ਸਰਕਾਰ ਵੱਲੋਂ ਦੇਕਰੇਤੋ ਫਲੂਸੀ ਮੁੜ ਜਾਰੀ ਕੀਤਾ ਗਿਆ ਹੈ। ਇਹ ਕੋਟਾ ਮੌਸਮੀ ਕਰਮਚਾਰੀਆਂ ਲਈ 2011 ਦੇ ਮੌਸਮੀ ਕੋਟੇ ਤਹਿਤ ਜਾਰੀ ਕੀਤਾ ਗਿਆ ਹੈ।
ਜਾਰੀ ਹੋਇਆ 2011 ਦੇਕਰੇਤੋ ਫਲੂਸੀ ਸਰਕਾਰੀ ਗਜ਼ਟ ਵਿਚ ਦਰਜ ਹੋਣਾ ਬਾਕੀ ਹੈ।
ਇਸ ਸਾਲ ਸਰਕਾਰ ਵੱਲੋਂ ਦੇਕਰੇਤੋ ਫਲੂਸੀ ਮੌਸਮੀ ਕੋਟੇ ਤਹਿਤ ਸਿਰਫ 60000 ਦਾ ਕੋਟਾ ਜਾਰੀ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20000 ਘੱਟ ਹੈ। ਇਹ ਕੋਟਾ ਪਹਿਲਾਂ ਦੀ ਤਰਾਂ ਗੈਰਯੂਰਪੀ ਨਾਗਰਿਕਾਂ ਲਈ ਹੈ ਅਤੇ ਇਸ ਸਬੰਧੀ ਦਰਖ਼ਾਸਤ ਵੀ ਇੰਟਰਨੈੱਟ ਰਾਹੀਂ ਭਰੀ ਜਾ ਸਕੇਗੀ।
ਫਿਲਹਾਲ ਇਹ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਕਿ ਇਹ ਕੋਟਾ ਕਿਹੜੇ ਦੇਸ਼ਾਂ ਦੇ ਨਾਗਰਿਕਾਂ ਲਈ ਜਾਰੀ ਕੀਤਾ ਜਾਵੇਗਾ। ਜਿਸ ਤਰਾਂ ਕਿ ਬੀਤੇ ਸਾਲ ਮੌਸਮੀ ਕੋਟੇ ਤਹਿਤ ਸੇਰਬੀਆ, ਮੌਂਤੇਨੇਗਰੋ, ਬੋਸਨੀਆ, ਮਾਚੇਦੋਨੀਆ, ਕੋਸੋਵੋ, ਕਰੋਆਤੀਆ, ਇੰਡੀਆ, ਘਾਨਾ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਯੂਕਰੇਨ, ਤੁਨੀਸ਼ੀਆ, ਅਲਬਾਨੀਆ, ਮੋਰੱਕੋ, ਮੋਲਦਾਵੀਆ ਅਤੇ ਇਜ਼ਿਪਟ ਦੇ ਨਾਗਰਿਕਾਂ ਨੂੰ ਮੌਸਮੀ ਕਰਮਚਾਰੀ ਤੌਰ 'ਤੇ ਇਟਲੀ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।














