ਨਵੇਂ ਦੇਕਰੇਤੋ ਫਲੂਸੀ ਦੀ ਤਫ਼ਸੀਲ
ਰੋਮ (ਇਟਲੀ) 1 ਮਾਰਚ (ਵਰਿੰਦਰ ਕੌਰ ਧਾਲੀਵਾਲ) - ਦੇਕਰੇਤੋ ਫਲੂਸੀ ਮੌਸਮੀ ਕਰਮਚਾਰੀਆਂ ਲਈ ਜਾਰੀ ਕਰ ਦਿੱਤਾ ਗਿਆ ਹੈ। ਕੋਟੇ ਦਾ ਗਜ਼ਟ ਵਿਚ ਦਰਜ ਹੋਣ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਰੁਜਗਾਰ ਮੰਤਰਾਲੇ ਵੱਲੋਂ ਇਸਨੂੰ ਪ੍ਰਵਾਨ ਕਰ ਲਿਆ ਗਿਆ ਹੈ। ਗ੍ਰਹਿ ਮੰਤਰਾਲੇ ਨੇ 60,000 ਦਾ ਮੌਸਮੀ ਕਰਮਚਾਰੀਆਂ ਦਾ ਕੋਟਾ ਗੈਰਯੂਰਪੀ ਨਾਗਰਿਕਾਂ ਲਈ ਜਾਰੀ ਕੀਤਾ ਹੈ। ਮੌਸਮੀ ਕੋਟਾ ਸੇਰਬੀਆ, ਮੌਂਤੇਨੇਗਰੋ, ਬੋਸਨੀਆ, ਮਾਚੇਦੋਨੀਆ, ਫਿਲਪਾਈਨ, ਕੋਸੋਵੋ, ਕਰੋਆਤੀਆ, ਇੰਡੀਆ, ਘਾਨਾ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਯੂਕਰੇਨ, ਗਾਂਬੀਆ, ਨੀਜ਼ਰ, ਨਾਈਜ਼ੀਰੀਆ, ਤੁਨੀਸ਼ੀਆ, ਅਲਬਾਨੀਆ, ਮੋਰੱਕੋ, ਮੋਲਦਾਵੀਆ ਅਤੇ ਇਜ਼ਿਪਟ ਦੇਸ਼ਾਂ ਲਈ ਜਾਰੀ ਕੀਤਾ ਗਿਆ ਹੈ। 2011 ਦੇ ਮੌਸਮੀ ਦੇਕਰੇਤੋ ਫਲੂਸੀ ਤਹਿਤ ਇਕ ਨਵੀਂ ਨੀਤੀ ਨੂੰ ਲਾਗੂ ਕੀਤਾ ਗਿਆ ਹੈ, ਜਿਸ ਅਨੁਸਾਰ ਉਪਰੋਕਤ ਦੇਸ਼ਾਂ ਦੇ ਨਾਗਰਿਕ ਜੇ ਪਹਿਲਾਂ ਵੀ ਲਗਾਤਾਰ 2 ਸਾਲ ਤੋਂ ਮੌਸਮੀ ਕੋਟੇ ਤਹਿਤ ਇਕੋ ਮਾਲਕ ਕੋਲ ਕੰਮ ਕਰਨ ਲਈ ਆਉਂਦੇ ਹੋਣ ਤਾਂ ਤੀਸਰੇ ਸਾਲ ਉਨ੍ਹਾਂ ਨੂੰ ਮੌਸਮੀ ਕੰਮ ਕਰਨ ਦੀ ਇਜਾਜ਼ਤ ਬਿਨਾਂ ਕੋਟੇ ਤੋਂ ਪਾਪਤ ਹੋ ਸਕਦੀ ਹੈ। ਉਨ੍ਹਾਂ ਨੂੰ ਜਾਰੀ ਹੋਏ ਕੋਟੇ ਵਿਚ ਨਹੀਂ ਗਿਣਿਆ ਜਾਵੇਗਾ। ਇਸ ਸਾਲ ਦੀਆਂ ਦਰਖ਼ਾਸਤਾਂ ਵੀ ਇੰਟਰਨੈੱਟ ਰਾਹੀਂ ਜਮਾਂ ਹੋਣਗੀਆਂ। ਗਜ਼ਟ ਵਿਚ ਦਰਜ ਹੋਣ ਉਪਰੰਤ ਅਗਲੇ ਦਿਨ ਤੋਂ ਇਸ ਕੋਟੇ ਨੂੰ ਭਰਨ ਦੀ ਇਜਾਜ਼ਤ ਸੰਭਵ ਹੋ ਸਕੇਗੀ ਅਤੇ ਇਹ ਕੋਟਾ 31 ਦਸੰਬਰ 2011 ਤੱਕ ਜਾਰੀ ਰਹੇਗਾ।














