ਲੰਬੇ ਇੰਤਜਾਰ ਤੋਂ ਬਾਅਦ 60000 ਦਰਖ਼ਾਸਤਾਂ ਲਈ ਮਨਜੂਰੀ
ਖੇਤੀਬਾੜੀ ਅਤੇ ਸੈਰ-ਸਪਾਟਾ ਖੇਤਰ ਲਈ ਭਰੀਆਂ ਜਾ ਸਕਣਗੀਆਂ ਦਰਖ਼ਾਸਤਾਂ
ਰੋਮ (ਇਟਲੀ) 18 ਮਾਰਚ (ਵਰਿੰਦਰ ਕੌਰ ਧਾਲੀਵਾਲ) - ਗੈਰਯੂਰਪੀ ਵਿਦੇਸ਼ੀਆਂ ਲਈ ਮੌਸਮੀ ਕੋਟਾ ਇਟਾਲੀਅਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਕੋਟਾ ਸੈਰ-ਸਪਾਟਾ ਖੇਤਰ ਅਤੇ ਖੇਤੀਬਾੜੀ ਉਦਯੋਗ ਨਾਲ ਸਬੰਧਿਤ ਹੈ। ਇਨਾਂ ਖੇਤਰਾਂ ਵਿਚ ਗੈਰਯੂਰਪੀ ਵਿਦੇਸ਼ੀਆਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਜਾਵੇਗਾ। ਸਰਕਾਰ ਵੱਲੋਂ ਮਨਜੂਰ ਕੀਤਾ ਕੋਟਾ 21 ਮਾਰਚ ਨੂੰ ਗਜ਼ਟ ਵਿਚ ਦਰਜ ਹੋਵੇਗਾ ਅਤੇ ਇਸ ਸਬੰਧੀ ਦਰਖ਼ਾਸਤਾਂ 22 ਮਾਰਚ ਦਿਨ ਮੰਗਲਵਾਰ ਤੋਂ ਭੇਜਣੀਆਂ ਸ਼ੁਰੂ ਹੋ ਸਕਣਗੀਆਂ।
ਸਰਕਾਰ ਵੱਲੋਂ ਜਾਰੀ ਕੀਤਾ ਕੋਟਾ ਲੋੜ ਤੋਂ ਬਹੁਤ ਘੱਟ ਹੈ। ਇਸ ਲਈ ਬਿਨੇਕਾਰ ਵਿਦੇਸ਼ੀ ਕਰਮਚਾਰੀ ਨੂੰ ਇਟਲੀ ਬੁਲਾਉਣ ਲਈ ਦਰਖ਼ਾਸਤ ਜਲਦ ਤੋਂ ਜਲਦ ਤਿਆਰ ਕਰ ਲੈਣ ਅਤੇ 22 ਮਾਰਚ ਨੂੰ ਕੋਟੇ ਤਹਿਤ ਇੰਟਰਨੈੱਟ ਰਾਹੀਂ ਦਰਖ਼ਾਸਤ ਭੇਜਣ ਵਿਚ ਦੇਰੀ ਨਾ ਕਰਨ। ਪਹਿਲਾਂ ਜਮਾਂ ਹੋਈਆਂ ਦਰਖ਼ਾਸਤਾਂ ਪਹਿਲ ਦੇ ਅਧਾਰ 'ਤੇ ਵਿਚਾਰੀਆਂ ਜਾਣਗੀਆਂ। ਦਰਖ਼ਾਸਤਾਂ ਖੇਤੀਬਾੜੀ, ਹੋਟਲ, ਰੈਸਟੋਰੈਂਟ, ਬਾਰ ਆਦਿ ਦੇ ਮਾਲਕਾਂ ਵੱਲੋਂ ਭਰੀਆਂ ਜਾ ਸਕਦੀਆਂ ਹਨ ਪਰ ਜੇ ਇਹ ਵਪਾਰਕ ਅਦਾਰੇ ਮੌਸਮੀ ਕੋਟਾ ਨੀਤੀ ਤਹਿਤ ਆਉਂਦੇ ਹੋਣ।
ਦਰਖ਼ਾਸਤਾਂ ਇੰਟਰਨੈੱਟ ਰਾਹੀਂ ਗੈਰ ਮੰਤਰਾਲੇ ਦੀ ਵੈੱਬਸਾਈਟ 'ਤੇ ਭਰੀਆਂ ਅਤੇ ਭੇਜੀਆਂ ਜਾ ਸਕਣਗੀਆਂ। ਜਿਹੜੇ ਬਿਨੇਕਾਰ ਕੰਪਿਊਟਰ ਦੀ ਜਾਣਕਾਰੀ ਵਿਚ ਮਾਹਿਰ ਨਹੀਂ, ਉਹ ਇਸ ਸਬੰਧੀ ਸਹਾਇਕ ਅਦਾਰਿਆਂ ਤੋਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਦਰਖ਼ਾਸਤ ਤਿਆਰ ਕਰਨ ਲਈ ਇਕ ਕੰਪਿਊਟਰ ਅਤੇ ਇੰਟਰਨੈੱਟ ਕਨੈਕਸ਼ਨ ਦੀ ਲੋੜ ਹੈ। ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ????????????????? 'ਤੇ 'ਆਰੇਆ ਰਿਸੇਰਵਾਤਾ' ਨੂੰ ਕਲਿੱਕ ਕਰ 'ਰਿਕੀਏਸਤਾ ਮੋਦੁਲੀ' ਵਿਚ ਪਹੁੰਚ ਕਰਨ ਉਪਰੰਤ ਦਰਖ਼ਾਸਤ ਤਿਆਰ ਕਰਨੀ ਸੰਭਵ ਹੈ। ਮੌਸਮੀ ਕੋਟੇ ਦੀ ਦਰਖ਼ਾਸਤ ਤਿਆਰ ਕਰਨ ਲਈ ਫਾਰਮ ਜਾਂ ਮੋਦੁਲੋ 'ਰਿਕੀਏਸਤਾ ਦੀ ਨੂਲਾ ਓਸਤਾ ਅਲ ਲਾਵੋਰੋ ਸੁਬੋਰਦੀਨਾਤੋ ਸਤਾਜੀਓਨਾਲੇ - ਮੋਦੁਲੋ ਚੀ' ਭਰਿਆ ਜਾਵੇ।
ਇਹ ਸਾਰੀ ਕਾਰਵਾਈ ਇੰਟਰਨੈੱਟ ਰਾਹੀਂ ਕਰਨੀ ਸੰਭਵ ਹੈ। ਦਰਖ਼ਾਸਤ ਤਿਆਰ ਕਰਨ ਲਈ ਕਿਸੇ ਸਾੱਫਟਵੇਅਰ ਨੂੰ ਡਾਉਨਲੋਡ ਕਰਨ ਦੀ ਜਰੂਰਤ ਨਹੀਂ।
ਇਹ ਕੋਟਾ ਮੰਤਰਾਲੇ ਨੇ 60,000 ਗੈਰਯੂਰਪੀ ਮੌਸਮੀ ਕਰਮਚਾਰੀਆਂ ਲਈ ਜਾਰੀ ਕੀਤਾ ਹੈ। ਮੌਸਮੀ ਕੋਟਾ ਸੇਰਬੀਆ, ਮੌਂਤੇਨੇਗਰੋ, ਬੋਸਨੀਆ, ਮਾਚੇਦੋਨੀਆ, ਫਿਲਪਾਈਨ, ਕੋਸੋਵੋ, ਕਰੋਆਤੀਆ, ਇੰਡੀਆ, ਘਾਨਾ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਯੂਕਰੇਨ, ਗਾਂਬੀਆ, ਨੀਜ਼ਰ, ਨਾਈਜ਼ੀਰੀਆ, ਤੁਨੀਸ਼ੀਆ, ਅਲਬਾਨੀਆ, ਮੋਰੱਕੋ, ਮੋਲਦਾਵੀਆ ਅਤੇ ਇਜ਼ਿਪਟ ਦੇਸ਼ਾਂ ਦੇ ਨਾਗਰਿਕਾਂ ਲਈ ਹੈ।
ਮਾਲਕ ਅਪਣੇ ਪੁਰਾਣੇ ਮੁਲਾਜਮ ਨੂੰ ਪਹਿਲ ਦੇ ਅਧਾਰ 'ਤੇ ਮੁੜ ਬੁਲਾ ਸਕਦੇ ਹਨ। ਇਸ ਤੋਂ ਇਲਾਵਾ ਨਵੀਂ ਨੀਤੀ ਤਹਿਤ ਇਕੋ ਮੁਲਾਜਮ ਨੂੰ ਮਾਲਕ ਵਧੇਰੇ ਸਾਲਾਂ ਲਈ ਪ੍ਰਾਪਤ ਕਰਨ ਦੀ ਦਰਖ਼ਾਸਤ ਕਰ ਸਕਦਾ ਹੈ ਜਿਸ ਨਾਲ ਅਸਾਨ ਸ਼ਰਤਾਂ 'ਤੇ ਕਰਮਚਾਰੀ ਆਉਣ ਵਾਲੇ ਕੁਝ ਸਾਲਾਂ ਲਈ ਲਗਾਤਾਰ ਇਕੋ ਮਾਲਕ ਕੋਲ ਮੌਸਮੀ ਕੋਟੇ ਤਹਿਤ ਰੁਜਗਾਰ ਲਈ ਆ ਸਕੇਗਾ।














