ਰੋਮ, 30 ਅਗਸਤ (ਕੈਂਥ) - ਇਟਲੀ ਵਿੱਚ ਪੰਜਾਬੀ ਭਾਈਚਾਰਾ ਪੇਂਡੂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਜਿਥੇ ਦਿਨ-ਰਾਤ ਇੱਕ ਕਰ ਰਿਹਾ ਹੈ ਉੱਥੇ ਇਟਲੀ ਦੀ ਰਾਜਧਾਨੀ ਰੋਮ ਵਿੱਚ ਕੁਝ ਅਜਿਹੇ ਪੰਜਾਬੀ ਵੀ ਹਨ ਜਿਹੜੇ ਕਿ ਅਵਾਮ ਤੋਂ ਪੇਂਡੂ ਖੇਡ ਕੱਬਡੀ ਦਾ ਖੇਡ ਮੇਲਾ ਕਰਵਾਉਣ ਹਿੱਤ ਉਗਰਾਹੀ ਕਰਨ ਉਪੰਰਤ ਇੱਕਠੀ ਕੀਤੀ ਰਾਸ਼ੀ ਨਾਲ ਛੂ ਮੰਤਰ ਹੋ ਜਾਣ ਨੂੰ ਮਹਾਨ ਸਮਾਜ ਸੇਵਾ ਸਮਝਦੇ ਰਤਾ ਵੀ ਨਾ ਤਾਂ ਸੰਗਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਘਟਾਅ ਮਹਿਸੂਸ ਕਰਦੇ ਹਨ। ਅਜਿਹੀ ਹੀ ਫਰੇਬੀ ਦੀ ਘਟਨਾ ਸੰਬਧੀ ਇਸ ਪੱਤਰਕਾਰ ਨੂੰ ਰੋਮ ਦੇ ਪ੍ਰਸਿੱਧ ਖੇਡ ਕਲੱਬ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ਉਨ੍ਹਾਂ ਦੇ ਕਲੱਬ ਵੱਲੋਂ ਬੀਤੇ ਦਿਨੀਂ ਵਿਸ਼ਾਲ ਪੇਂਡੂ ਖੇਡ ਮੇਲਾ ਪੂਰੀ ਸ਼ਾਨੋ-ਸੌਕਤ ਨਾਲ ਸਮੂਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਲਾਦੀਸਪੋਲੀ ਵਿਖੇ ਕਰਵਾਇਆ ਗਿਆ। ਜਿਸ ਲਈ ਰੋਮ ਦੇ ਕੁਝ ਆਪੂ ਬਣੇ ਸਮਾਜ ਸੇਵਕਾਂ ਨੇ ਰੋਮ ਦੇ ਪੰਜਾਬੀ ਭਾਈਚਾਰੇ ਤੋਂ ਉਗਰਾਹੀ ਇੱਕਠੀ ਕੀਤੀ ਅਤੇ ਬਾਅਦ ਵਿੱਚ ਇਸ ਇਕੱਠੀ ਕੀਤੀ ਰਾਸ਼ੀ ਨੂੰ ਛੂ ਮੰਤਰ ਕਰ ਕੇ ਆਪ ਵੀ ਰੂਪੋਸ਼ ਹੋ ਗਏ। ਉਕਤ ਆਗੂਆਂ ਨੇ ਰੋਮ ਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ, ਉਹ ਭਵਿੱਖ ਵਿਚ ਅਜਿਹੇ ਅਖੌਤੀ ਸਮਾਜ ਸੇਵਕਾਂ ਤੋਂ ਸਾਵਧਾਨ ਰਹਿਣ!









