Tuesday, Feb 07th

Last update12:23:14 AM GMT

ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਅਪਮਾਨ ਕੀਤੇ ਜਾਣ ਦੀ ਜੋ ਘਟਨਾ ਵਾਪਰੀ

ਨਵੀਂ ਦਿੱਲੀ, 31 ਅਗਸਤ (ਜਸਵੰਤ ਸਿੰਘ ‘ਅਜੀਤ’) - ਅਮਰੀਕਾ ਦੇ ਨਿਉਯਾਰਕ ਸ਼ਹਿਰ ਦੇ ਗੁਰਦੁਆਰੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਦਾ ਅਪਮਾਨ ਕੀਤੇ ਜਾਣ ਦੀ ਜੋ ਘਟਨਾ ਵਾਪਰੀ ਹੈ, ਉਹ ਸੱਚ-ਮੁਚ ਹੀ ਬਹੁਤ ਦੁੱਖਦਾਈ ਅਤੇ ਮੰਦਭਾਗੀ ਹੈ। ਇਹ ਵਿਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਇਥੇ ਜਾਰੀ ਇਕ ਬਿਆਨ ਵਿੱਚ ਪ੍ਰਗਟ ਕੀਤੇ।  ਸ. ਸਰਨਾ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਪ੍ਰੰਤੂ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਆਖਿਰ ਅਜਿਹੇ ਹਾਲਾਤ ਕਿਉਂ ਤੇ ਕਿਵੇਂ ਬਣੇ ਕਿ ਸਿੱਖ ਜਗਤ ਦੀ ਸਰਵਉੱਚ ਸਵੀਕਾਰੀ ਜਾਂਦੀ ਸੰਸਥਾ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਸਾਹਿਬਾਨ ਦੇ ਨਾਲ ਅਮਰੀਕਾ ਦੀਆਂ ਸੰਗਤਾਂ ਅਜਿਹਾ ਵਿਹਾਰ ਕਰਨ ਤੇ ਮਜਬੂਰ ਹੋ ਗਈਆਂ?
ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਸਕੱਤਰ ਜਨਰਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਭਜਨ ਸਿੰਘ ਵਾਲੀਆ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬੀਤੇ ਕਾਫੀ ਸਮੇਂ ਤੋਂ ਸਿੱਖ-ਪੰਥ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਚਲੀ ਆ ਰਹੀ ਹੈ, ਕਿ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਦੇ ਵਿਰੋਧੀਆਂ ਦੇ ਵਿਰੁੱਧ ਫੋਨ ਜਾਂ ਫੈਕਸ ਰਾਹੀਂ ਮਿਲਣ ਵਾਲੀਆਂ ਅਧਾਰਹੀਨ ਸ਼ਿਕਾਇਤਾਂ ਤੱਕ ਤੇ ਤਾਂ ਬਿਨਾਂ ਉਨ੍ਹਾਂ ਦੇ ਤੱਥ ਵਿਚਾਰਿਆਂ, ਤੁਰੰਤ ਹੀ ਪੱਤ੍ਰਕਾਰਾਂ ਨੂੰ ਬੁਲਾ ਕੇ ਜਵਾਬ-ਤਲਬੀ ਲਈ ਸ੍ਰੀ ਅਕਾਲ ਤਖ਼ਤ ਤੇ ਸੰਮਨ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਜਾਂਦਾ ਹੈ।  ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਦੇ ਵਿਰੁੱਧ ਸਬੂਤਾਂ ਸਹਿਤ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ। ਸ. ਵਾਲੀਆ ਨੇ ਕਿਹਾ ਕਿ ਸੱਤਾਧਾਰੀਆਂ ਵਿਰੁੱਧ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਅਣਗੌਲਿਆਂ ਕੀਤੇ ਜਾਣ ਦੇ ਕਾਰਣ ਹੀ ਸਿੱਖ ਜਗਤ ਵਿੱਚ ਰੋਸ ਵੱਧਦਾ ਜਾ ਰਿਹਾ ਹੈ, ਜਿਸ ਦਾ ਪ੍ਰਗਟਾਵਾ ਅਮਰੀਕਾ ਦੀਆਂ ਸਿੱਖ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਵਿਚਾਰ ਸੁਣਨ ਦੀ ਬਜਾਏ ਸਿਮਰਨ ਕਰਕੇ ਕੀਤਾ। ਸ. ਵਾਲੀਆ ਨੇ ਕਿਹਾ ਕਿ ਇਸ ਘਟਨਾ ਦੇ ਮੱਦੇਨਜ਼ਰ ਜੱਥੇਦਾਰ ਸਾਹਿਬਾਨ ਨੂੰ ਵੀ ਸੋਚਣਾ ਹੋਵੇਗਾ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਕਾਇਮ ਰੱਖਦਿਆਂ ਆਪਣੇ ਪ੍ਰਤੀ ਲੋਕਾਂ ਵਿੱਚ ਸਤਿਕਾਰ ਤੇ ਸਨਮਾਨ ਦੀ ਭਾਵਨਾ ਬਣਾਈ ਰੱਖਣੀ ਹੈ ਜਾਂ ਫਿਰ ਸੱਤਾਧਾਰੀਆਂ ਦਾ ਪੱਖ ਪੂਰ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਨਿਰਪੱਖਤਾ ਪੁਰ ਸੁਆਲੀਆ ਨਿਸ਼ਾਨ ਲਾਉਂਦਿਆਂ ਆਪਣਾ ਇਸੇ ਤਰ੍ਹਾਂ ਅਪਮਾਨ ਕਰਵਾਉਂਦਿਆਂ ਰਹਿਣਾ ਹੈ। 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵਲੋਂ ਨਿਊਯਾਰਕ ਵਿਖੇ ਤਖ਼ਤਾਂ ਦੇ ਜੱਥੇਦਾਰਾਂ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਪਾਸ ਕੀਤੇ ਗਏ ਮਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਵਲੋਂ ਦਿੱਤੇ ਗਏ ਬਿਆਨ ਕਿ ਲੋਕਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਸਿੰਘ ਸਾਹਿਬਾਨ ਪ੍ਰਤੀ ਕੀ ਵਤੀਰਾ ਅਪਨਾਉਣਾ ਹੈ? ਤੇ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਲੋਕਾਂ ਦੇ ਮਨਾਂ ਵਿੱਚ ਗੁਰੂ ਘਰ ਦੇ ਵਜ਼ੀਰਾਂ ਪ੍ਰਤੀ ਕੋਈ ਸਤਿਕਾਰ ਨਹੀਂ, ਪੁਰ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰੈਸ ਸਕੱਤਰ ਸ. ਕੁਲਵੰਤ ਸਿੰਘ ਅਰੋੜਾ ਨੇ ਕਿਹਾ ਕਿ ਅਮਰੀਕਾ ਵਿਖੇ ਸ੍ਰੀ ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰਾਂ ਦੇ ਨਾਲ ਜੋ ਕੁਝ ਵਾਪਰਿਆ ਹੈ, ਉਸ ਦੇ ਲਈ ਮੁੱਖ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਤੇ ਉਨ੍ਹਾਂ ਦੇ ਆਕਾ ਬਾਦਲਕੇ ਜ਼ਿੰਮੇਵਾਰ ਹਨ, ਜੋ ਸ੍ਰੀ ਅਕਾਲ ਤਖ਼ਤ ਦੀ ਸੁਤੰਤਰ ਤੇ ਨਿਰਪੱਖ ਹੋਂਦ ਨੂੰ ਖਤਮ ਕਰ ਉਸ ਨੂੰ  ਆਪਣੇ ਸੁਆਰਥ ਲਈ ਵਰਤਦੇ ਚਲੇ ਆ ਰਹੇ ਹਨ। ਸ. ਅਰੋੜਾ ਨੇ ਕਿਹਾ ਕਿ ਜ. ਮੱਕੜ ਤੇ ਸ਼੍ਰੋਮਣੀ ਕਮੇਟੀ ਦੇ ਦੂਜੇ ਮੁਖੀਆਂ ਨੂੰ ਦੂਜਿਆਂ ਪੁਰ ਦੋਸ਼ ਲਾਉਣ ਦੀ ਬਜਾਏ ਇਸ ਘਟਨਾ ਦੇ ਮੱਦੇਨਜ਼ਰ ਆਪਣੇ ਗੁਨਾਹਾਂ ਦੇ ਲਈ ਪਸ਼ਚਾਤਾਪ ਕਰਨਾ ਚਾਹੀਦਾ ਹੈ।

Joomla Templates and Joomla Extensions by ZooTemplate.Com

Add comment


Security code
Refresh