ਜਥੇਬੰਦੀ ਦੀ ਹਮਾਇਤ ਪ੍ਰਾਪਤ ਸਾਰੇ ਉਮੀਦਵਾਰ ਕਰਨਗੇ ਸ਼ਾਨਦਾਰ ਜਿੱਤ ਪ੍ਰਾਪਤ - ਪੁਰਖਾਲਵੀ
ਚੋਣ ਕਮਿਸ਼ਨ ਦੀ ਸਾਕਾਰਤਮਿਕ ਭੂਮਿਕਾ ਨੇ ਦਿਖਾਈ ਸੂਬੇ ਦੇ ਆਮ ਲੋਕਾਂ ਨੂੰ ਆਸ ਦੀ ਕਿਰਨ - ਪੁਰਖਾਲਵੀ
ਮੁਹਾਲੀ, 6 ਫਰਵਰੀ (ਤੰਗੌਰੀ) - ਮੁਹਾਲੀ ਜਿਲ੍ਹੇ ਦੇ ਪਿੰਡ ਲੈਹਲੀ ਵਿਖੇ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਆਯੋਜਿਤ ਕੀਤੀ ਗਈ ਇੱਕ ਧੰਨਵਾਦੀ ਮੀਟਿੰਗ ਦੌਰਾਨ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਮੰਚ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਪੰਜਾਬ ਦੇ ਸਮੁੱਚੇ ਵੋਟਰਾਂ ਵੱਲੋਂ ਲੋਕਰਾਜ ਦੀ ਬਹਾਲੀ ਲਈ ਨਿਭਾਈ ਆਪਣੀ ਜ਼ਿੰਮੇਵਾਰੀ ਬਦਲੇ ਉਨ੍ਹਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਰਾਜ ਦੇ ਚੋਣ ਕਮਿਸ਼ਨ ਦੀ ਸਕਾਰਾਤਮਿਕ ਭੂਮਿਕਾ ਦੀ ਰੱਜ ਕੇ ਸਰਾਹਨਾ ਕੀਤੀ ਹੈ। ਜਿਸ ਨਾਲ ਆਮ ਲੋਕਾਂ ਨੂੰ ਭਵਿੱਖ ਲਈ ਆਸ ਦੀ ਕਿਰਨ ਦਿਖਾਈ ਦਿੱਤੀ ਹੈ। ਮੀਟਿੰਗ ਉਪਰੰਤ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਆਗੂ ਪੁਰਖਾਲਵੀ ਨੇ ਕਿਹਾ ਕਿ, ਪੰਜਾਬ ਵਿੱਚ ਬਣਨ ਵਾਲੀ ਅਗਲੇਰੀ ਸਰਕਾਰ ਦੇ ਗਠਨ ਲਈ ਮੰਚ ਦੇ ਕਾਰਕੁੰਨਾਂ ਦੀ ਕਾਰਗੁਜਾਰੀ ਇੱਕ ਅਹਿਮ ਭੂਮਿਕਾ ਰਹੇਗੀ। ਉਨ੍ਹਾਂ ਕਿਹਾ ਕਿ, ਇਹ ਪਹਿਲੀ ਵਾਰ ਹੈ ਕਿ ਜਦੋਂ ਮੰਚ ਵੱਲੋਂ ਸਿਆਸੀ ਪਾਰਟੀਆਂ ਨਾਲ ਸਿੱਧੀ ਸਾਂਝ ਪਾਉਣ ਦੀ ਬਜਾਏ ਵੱਖ ਵੱਖ ਸੂਝਵਾਨ ਉਮੀਦਵਾਰਾਂ ਨੂੰ ਸਮਰਥਨ ਕਰਕੇ ਉਨ੍ਹਾਂ ਦੇ ਹੱਕ ਵਿੱਚ ਖੁੱਲੇਆਮ ਪ੍ਰਚਾਰ ਕੀਤਾ ਗਿਆ ਹੈ। ਜਥੇਬੰਦੀ ਦੀ ਕਾਰਜਕਾਰਨੀ ਵੱਲੋਂ ਕੀਤੇ ਗਏ ਇਸ ਇਤਿਹਾਸਕ ਫ਼ੈਸਲੇ ਨਾਲ ਸਿਆਸਤ ਵਿੱਚ ਆਏ ਸਿਰੇ ਦੇ ਨਿਘਾਰ ਨੂੰ ਠੱਲ ਪੈਣ ਦਾ ਵੀ ਮੁੱਢ ਬੱਝ ਗਿਆ ਹੈ। ਆਪਣੇ ਬਿਆਨ ਵਿੱਚ ਪੁਰਖਾਲਵੀ ਨੇ ਦਾਅਵਾ ਕੀਤਾ ਕਿ ਮੰਚ ਵੱਲੋਂ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਦਿੱਤੇ ਗਏ ਸਮਰਥਨ ਉਪਰੰਤ ਕੀਤੇ ਗਏ ਜੋੜ ਤੋੜ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ 62 ਸੀਟਾਂ ਲੈਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰੀ ਹੈ ਜਦਕਿ ਅਕਾਲੀ ਦਲ ਗੱਠਜੋੜ 41 ਲੈਕੇ ਦੂਜੇ ਨੰਬਰ ਉੱਤੇ ਆਉਂਦਾ ਦਿਖ ਰਿਹਾ ਹੈ। ਮਨਪ੍ਰੀਤ ਬਾਦਲ ਦੀ ਗੱਠਜੋੜ ਪਾਰਟੀ 9 ਸੀਟਾਂ ਲੈਕੇ ਤੀਜੇ ਨੰਬਰ ਉੱਤੇ ਹੈ। ਪੁਰਖਾਲਵੀ ਨੇ ਖੁਲਾਸਾ ਕੀਤਾ। ਇਨਾਂ ਚੋਣਾਂ ਵਿੱਚ ਅੱਧਾ ਦਰਜ਼ਨ ਅਜਾਦ ਉਮੀਦਵਾਰ ਵੀ ਜਿੱਤ ਦੀ ਕਗਾਰ 'ਤੇ ਹਨ। ਡੇਰਾਬਸੀ ਸੀਟ ਬਾਰੇ ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ, ਅਕਾਲੀ ਉਮੀਦਵਾਰ ਵੱਲੋਂ ਵੱਡੀ ਪੱਧਰ 'ਤੇ ਕੀਤੀ ਵੋਟਰਾਂ ਦੀ ਖਰੀਦੋ ਫ਼ਰੋਖਤ ਦੇ ਬਾਵਜ਼ੂਦ ਵੀ ਇੱਥੋਂ ਮੰਚ ਦਾ ਸਮਰਥਨ ਪ੍ਰਾਪਤ ਅਜਾਦ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਕਰੀਬ 12000 ਵੋਟਾਂ ਦੇ ਅੰਤਰ ਨਾਲ ਸ਼ਾਨਦਾਰ ਜਿੱਤ ਹਾਸਲ ਕਰਨਗੇ, ਕਿਉਂਕਿ ਅਕਾਲੀ ਦਲ ਨੇ ਹਲਕੇ ਅੰਦਰ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ਦੀ ਬਜਾਇ ਲੋਕਾਂ ਪੱਲੇ ਦੁਸ਼ਵਾਰੀਆਂ ਅਤੇ ਠੋਕਰਾਂ ਹੀ ਪਾਈਆਂ ਹਨ। ਮੰਚ ਵੱਲੋਂ ਹਲਕੇ ਦੇ ਲੋਕਾਂ ਨੂੰ ਦਿਖਾਏ ਗਏ ਸੂਰਜ ਦੀ ਕਿਰਨ ਢਿੱਲੋਂ ਨੂੰ ਜਿੱਤ ਦੀ ਮੰਜਲ ਵੱਲ ਲੈਕੇ ਜਾਏਗੀ। ਇਸ ਮੌਕੇ ਉਨ੍ਹਾਂ ਨਾਲ ਮੰਚ ਦੇ ਆਗੂ ਡਾ: ਭੁਪਿੰਦਰ ਸਿੰਘ, ਬਲਜੀਤ ਕੌਰ ਪੁਰਖਾਲਵੀ, ਦੀਪ ਚੰਦ ਲਹਿਲੀ, ਨਰਿੰਦਰ ਸਿੰਘ, ਸੁਰੇਸ਼ ਕੁਮਾਰ ਕੁਰਲੀ, ਜਗਦੀਸ਼ ਸਿੰਘ ਡੰਗਡੈਹਰਾ, ਡਾ: ਪ੍ਰਵੀਨ ਕੁਮਾਰ ਦੱਪਰ, ਅਰਸ਼ਪ੍ਰੀਤ ਬਾਲਾ, ਬੀਬੀ ਚਰਨ ਕੌਰ ਅਤੇ ਰਘੁਬੀਰ ਸਿੰਘ ਵੀ ਮੌਜ਼ੂਦ ਸਨ।














