ਅਦਾਲਤ ਤੋਂ ਸਜਾ ਸੁਣਨ ਤੋਂ ਬਾਅਦ ਪੁਲਿਸ ਦੇ ਨਾਲ ਪੁਰਣਜੀਤ ਸਿੰਘ।
ਚੰਡੀਗੜ, 6 ਫਰਵਰੀ (ਗੁਰਪ੍ਰੀਤ ਮਹਿਕ) - ਪੰਜਾਬ ਦੇ ਨੌਜਵਾਨਾਂ ਵਿਚ ਦਿਨ ਪ੍ਰਤੀ ਦਿਨ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਪੰਜਾਬ ਦੀਆਂ ਅਦਾਲਤਾਂ ਸਖਤੀ ਨਾਲ ਨਿਪਟ ਰਹੀਆਂ ਹਨ। ਅਦਾਲਤ ਨੇ ਇਕ ਫੈਸਲਾ ਸਣਾਉਂਦੇ ਹੋਏ ਇਕ ਨੌਜਵਾਨ ਨੂੰ 10 ਸਾਲ ਦੀ ਕੈਦ ਦੇ ਨਾਲ ਨਾਲ 1 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਜੇ ਨੌਜਵਾਨ ਨੇ ਜੁਰਮਾਨਾ ਜਮ੍ਹਾਂ ਨਾ ਕਰਵਾਇਆ ਤਾਂ ਉਸ ਨੂੰ ਇਕ ਸਾਲ ਦੀ ਸਜ਼ਾ ਹੋਰ ਭੁਗਤਣੀ ਪਵੇਗੀ। ਜਿਕਰਯੋਗ ਹੈ ਕਿ ਫ਼ਤਹਿਗੜ੍ਹ ਸਾਹਿਬ ਪੁਲਿਸ ਥਾਣੇ ਵਿਚ ਤੈਨਾਤ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ 9 ਸਤੰਬਰ 2008 ਨੂੰ ਐਨ ਡੀ ਪੀ ਐਸ ਐਕਟ ਦੀ ਧਾਰਾ 15, 61, 85 ਦੇ ਤਹਿਤ ਐਫ ਆਈ ਆਰ ਦਰਜ ਕੀਤੀ ਸੀ। ਇਸ ਐਫ ਆਈ ਆਰ ਦੇ ਮੁਤਾਬਿਕ ਗੁਰਮੀਤ ਸਿੰਘ ਨੇ ਪੁਲਿਸ ਟੀਮ ਸਮੇਤ ਪਿੰਡ ਬਲਾੜਾ ਤੋਂ ਰਾਮਪੁਰ ਨੂੰ ਜਾਂਦੀ ਸੜਕ 'ਤੇ ਸੂਏ ਦੇ ਪੁਲ ਦੇ ਨਜਦੀਕ ਟੀ ਪੁਆਇੰਟ 'ਤੇ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਫੋਰਡ ਫੇਸਟਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਕਾਰ ਹੋਲੀ ਕਰਨ ਤੋਂ ਬਾਅਦ ਭਜਾਉਣ ਦੀ ਕੋਸ਼ਿਸ ਕੀਤੀ। ਜਿਸ ਨੂੰ ਪੁਲਿਸ ਨੇ ਘੇਰ ਕੇ ਕਾਬੂ ਕਰ ਲਿਆ ਗਿਆ। ਪੁਛਗਿਛ ਦੌਰਾਨ ਕਾਰ ਚਾਲਕ ਨੇ ਆਪਣਾ ਨਾਮ ਪੁਰਣਜੀਤ ਸਿੰਘ ਵਾਸੀ ਪਿੰਡ ਕਾਲੇਮਾਜਰਾ ਦੱਸਿਆ ਸੀ। ਸ਼ੱਕ ਹੋਣ 'ਤੇ ਕਾਰ ਦੀ ਡਿੱਗੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਦੋ ਥੈਲੇ ਮਿਲੇ, ਜਿਨਾਂ ਵਿਚੋਂ ਇਕ 'ਚ 25 ਅਤੇ ਦੂਜੇ ਵਿਚ 27 ਕਿਲੋ ਭੁੱਕੀ ਬਰਾਮਦ ਹੋਈ ਸੀ। ਪੁਲਿਸ ਨੇ ਦੋਸ਼ੀ ਪੁਰਣਜੀਤ ਸਿੰਘ ਦੇ ਖਿਲਾਫ ਫ਼ਤਿਹਗੜ੍ਹ ਸਾਹਿਬ ਥਾਣੇ ਵਿਚ 52 ਕਿਲੋ ਭੂੱਕੀ ਰੱਖਣ ਦੇ ਦੋਸ਼ 'ਚ ਮਾਮਲਾ ਦਰਜ ਕਰਨ ਤੋਂ ਬਾਅਦ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ। ਫ਼ਤਹਿਗੜ੍ਹ ਸਾਹਿਬ ਦੀ ਐਡੀਸ਼ਨਲ ਸ਼ੈਸ਼ਨ ਜੱਜ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਸੋਮਵਾਰ ਨੂੰ ਪੁਰਣਜੀਤ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਸਨੂੰ 10 ਸਾਲ ਲਈ ਜੇਲ ਦੀਆਂ ਸਲਾਖਾਂ ਪਿਛੇ ਭੇਜਣ ਦਾ ਹੁਕਮ ਸੁਣਾਇਆ।














