ਜਲਦ ਹੀ ਸੰਗਰੂਰ ਦਾ ਬੱਸ ਅੱਡਾ ਹੋਵੇਗਾ ਏ ਸੀ ਤਿਆਰੀਆਂ ਜ਼ੋਰਾਂ 'ਤੇ - ਗਰਗ - Punjab Express

ਆਮ ਖ਼ਬਰਾਂ

altਸੰਗਰੂਰ, 26 ਜੂਨ (ਲਖਦੀਪ ਸਿੰਘ) - ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, ਸ਼ਹਿਰ ਸੰਗਰੂਰ ਦੇ ਯੋਜਨਾਬੱਧ ਵਿਕਾਸ ਦੀ ਲੜੀ ਤਹਿਤ ਹਰ ਵਿਅਕਤੀ ਅਤੇ ਹਰ ਘਰ ਤੱਕ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ 5,36 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਗਰਾਂਟ ਆਉਂਦੇ ਸਾਰ ਹੀ ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਹੋ ਜਾਵੇਗਾ। ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਮੁੱਖ ਬੱਸ ਅੱਡਾ ਜਿਸ ਦਾ ਨਵੀਨੀਕਰਨ ਕੀਤਾ ਜਾਣਾ ਹੈ, ਪੂਰਾ ਦਾ ਪੂਰਾ ਏਅਰ ਕੰਡੀਸ਼ਨਡ ਹੋਵੇਗਾ। ਇਸ ਲਈ ਵੀ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਸਰਕਾਰ ਨੂੰ ਮੁੜ ਸੱਤਾ ਵਿੱਚ ਲਿਆਂਦਾ ਹੈ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਜੋ ਵਿਕਾਸ ਦੇ ਕਾਰਜ ਕੀਤੇ ਗਏ ਹਨ, ਉਨ੍ਹਾਂ 'ਤੇ ਲੋਕਾਂ ਦੀ ਮੋਹਰ ਲੱਗ ਗਈ ਹੈ ਅਤੇ ਲੋਕਾਂ ਨੇ ਅਗਲੇ 25 ਸਾਲ ਲਈ ਪੰਜਾਬ ਦੀ ਸੱਤਾ ਅਕਾਲੀ-ਭਾਜਪਾ ਗਠਜੋੜ ਨੂੰ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਯੂਥ ਅਕਾਲੀ ਦਲ (ਸ਼ਹਿਰੀ) ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਸ੍ਰੀ ਗਰਗ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦਾ ਭਵਿੱਖ ਸੰਵਾਰਨ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਰਹਿਣ, ਜਿਸ ਤਰ੍ਹਾਂ ਯੂਥ ਅਕਾਲੀ ਦਲ ਨੇ ਲੰਘੀਆਂ ਚੋਣਾਂ ਵਿੱਚ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਉਸੇ ਤਰ੍ਹਾਂ ਅਗਾਮੀ ਨਗਰ ਕੌਂਸਲ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਵੀ ਪਾਰਟੀ ਦੀ ਜਿੱਤ ਲਈ ਸਰਗਰਮ ਭੂਮਿਕਾ ਨਿਭਾਉਣ। ਇਸ ਮੌਕੇ ਜ਼ਿਲ੍ਹਾ ਯੂਥ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਹਰਪ੍ਰੀਤ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਅਤੇ ਹੋਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਉਨ੍ਹਾਂ ਨਵੇਂ ਬਣੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰਾਂ ਦੀ ਵੰਡ ਵੀ ਕੀਤੀ। ਇਸ ਮੌਕੇ ਅਮਨਵੀਰ ਸਿੰਘ ਚੈਰੀ ਮੁੱਖ ਸਰਪ੍ਰਸਤ ਯੂਥ ਅਕਾਲੀ ਦਲ (ਵਪਾਰ ਸੈੱਲ), ਬੀਬੀ ਪਰਮਜੀਤ ਕੌਰ ਵਿਰਕ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ (ਦਿਹਾਤੀ), ਵਿਜੇ ਸਾਹਨੀ, ਹੈਪੀ ਗੋਇਲ, ਸੰਦੀਪ ਦਾਨੀਆ ਅਤੇ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਵਰਕਰ ਹਾਜ਼ਰ ਸਨ।