ਗੈਸ, ਬਿਜਲੀ ਦਾ ਸੰਕਟ ਮੰਡਰਾਇਆ ਇਟਲੀ 'ਤੇ
ਮੰਤਰਾਲੇ ਵੱਲੋਂ ਉਦਯੋਗਿਕ ਖਪਤ ਦਾ ਘਟਾਇਆ ਗਿਆ ਕੋਟਾ
ਪਰਿਵਾਰਾਂ ਨੂੰ ਬਚਾਉਣ ਦੀ ਅਪੀਲ - 1000 ਵਿਚੋਂ 10 ਹੋ ਸਕਦੇ ਹਨ ਪ੍ਰਭਾਵਿਤ
ਰੋਮ (ਇਟਲੀ) 7 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਇਟਲੀ ਦਾ ਮਾੜਾ ਹੋ ਰਿਹਾ ਮੌਸਮ ਆਮ ਜਨਜੀਵਨ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਰਿਹਾ ਹੈ। ਵੈਲੇਨਟਾਇਨ ਡੇਅ 14 ਫਰਵਰੀ ਤੱਕ ਮੌਸਮ ਵਿਭਾਗ ਵੱਲੋਂ ਐਮਰਜੈਂਸੀ ਦੀ ਘੋਸ਼ਣਾ ਬਰਕਰਾਰ ਦੱਸੀ ਜਾ ਰਹੀ ਹੈ। ਆਬਰੂਸੋ, ਉਰਬੀਨੋ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਦੱਸੇ ਜਾ ਰਹੇ। ਉਰਬੀਨੋ ਵਿਚ ਬੀਤੇ ਦਿਨੀਂ ਹੋਈ ਬਰਫਬਾਰੀ ਨਾਲ ਲੋਕਾਂ ਦੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਬਰਫ ਨਾਲ ਢੱਕੀਆਂ ਗਈਆਂ ਅਤੇ ਲੋਕ ਘਰਾਂ ਵਿਚ ਫਸ ਗਏ। ਇਕ ਮੀਟਰ ਦੇ ਕਰੀਬ ਹੋਈ ਬਰਫਬਾਰੀ ਨੇ ਆਮ ਜਨਜੀਵਨ ਅਸਤ ਵਿਅਸਤ ਕਰ ਦਿੱਤਾ। ਸ਼ਹਿਰੀਆਂ ਦੀ ਮਦਦ ਲਈ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਸ਼ਹਿਰ ਦੇ ਵਿਦਿਆਰਥੀਆਂ ਨੇ ਹੰਭਲਾ ਮਾਰ ਲੋਕਾਂ ਦੇ ਘਰਾਂ ਦੇ ਦਰਵਾਜਿਆਂ ਮੁਹਰੇ ਜੰਮੀ ਬਰਫ ਨੂੰ ਹਟਾਇਆ।
ਕੜਾਕੇ ਦੀ ਠੰਡ ਕਾਰਨ ਇਟਲੀ ਵਿਚ ਤਕਰੀਬਨ 25 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ ਭਾਰਤੀਆਂ ਤੋਂ ਇਲਾਵਾ ਇਕ ਮਾਲਦੀਵੀਅਨ 48 ਸਾਲਾ ਔਰਤ, ਇਕ 68 ਸਾਲਾ ਟਰੱਕ ਡਰਾਈਵਰ, 86 ਅਤੇ 84 ਸਾਲਾ ਬਜੁਰਗ ਵੀ ਸ਼ਾਮਿਲ ਹਨ।
ਅਗਲੇ 24 ਤੋਂ 36 ਘੰਟਿਆਂ ਦੌਰਾਨ ਏਮੀਲੀਆ ਰੋਮਾਨਾ, ਮਾਰਕੇ, ਉਮਬਰੀਆ, ਆਬਰੂਸੋ, ਮੋਲੀਸੇ, ਕੰਪਾਨੀਆ, ਤੋਸਕਾਨਾ, ਲਾਸੀਉ ਦੇ ਮੱਧ ਭਾਗ ਵਿਚ ਖਰਾਬ ਮੌਸਮੀ ਐਮਰਜੈਂਸੀ ਦੀ ਘੋਸ਼ਨਾ ਮੁੜ ਕੀਤੀ ਗਈ ਹੈ।
7 ਫਰਵਰੀ 2012 ਦਿਨ ਮੰਗਲਵਾਰ ਨੂੰ ਰੋਮ ਸ਼ਹਿਰ ਦੇ ਸਾਰੇ ਸਿੱਖਿਅਕ ਅਦਾਰੇ, ਸਕੂਲ ਆਦਿ ਬੰਦ ਰਹਿਣਗੇ। ਸਰਕਾਰੀ ਅਦਾਰੇ ਖੁੱਲੇ ਰਹਿਣਗੇ। ਸਕੂਲਾਂ ਦੀ ਸਫਾਈ ਅਤੇ ਸਥਿਤੀ ਘੋਖਣ ਉਪਰੰਤ 8 ਫਰਵਰੀ 2012 ਦਿਨ ਬੁੱਧਵਾਰ ਨੂੰ ਖੁੱਲਣ ਦੀ ਆਸ ਕੀਤੀ ਜਾ ਰਹੀ ਹੈ। ਰੋਮ ਸ਼ਹਿਰ ਦੇ ਮੇਅਰ ਵੱਲੋਂ ਜਾਰੀ ਕੀਤੀ ਗਈ ਸੰਕਟਕਾਲੀਨ ਸਥਿਤੀ ਦੌਰਾਨ ਸ਼ਹਿਰ ਵਾਸੀਆਂ ਤੋਂ ਮੁਆਫੀ ਮੰਗੀ ਗਈ ਅਤੇ ਉਨ੍ਹਾਂ ਸੁਖਦ ਦਿਨਾਂ ਦੀ ਆਸ ਕੀਤੀ।
ਮੌਸਮੀ ਐਮਰਜੈਂਸੀ ਕਾਰਨ ਇਟਲੀ ਦੇ ਮੱਧ, ਸਾਊਥ ਖੇਤਰਾਂ ਵਿਚ ਬਿਜਲੀ ਅਤੇ ਗੈਸ ਦਾ ਸੰਕਟ ਵੀ ਮੰਡਰਾ ਰਿਹਾ ਹੈ। ਸਿੰਦਾਕੋ ਆਂਜੇਲੋ ਦਾ ਉਤਾਵੀਉ ਨੇ ਸਪਸ਼ਟ ਕੀਤਾ ਕਿ ਤਕਰੀਬਨ 29770 ਉਪਭੋਗਤਾ ਪ੍ਰਭਾਵਿਤ ਹੋ ਸਕਦੇ ਹਨ। ਜਿਨ੍ਹਾਂ ਵਿਚੋਂ 10,100 ਰੋਮ, 18000 ਫ੍ਰਾਸੀਨਾਤੋ, 1200 ਆਬਰੁਸੋ ਦੇ ਬਿਨਾਂ ਬਿਜਲੀ ਦੇ ਹੋ ਸਕਦੇ ਹਨ, ਉਹ ਵੀ 60 ਘੰਟਿਆਂ ਲਈ।
ਸੰਨ ਵਾਲੇਨਤੀਨੋ ਦੇ 129 ਘਰ ਤਕਰੀਬਨ 60 ਘੰਟਿਆਂ ਤੋਂ ਬਿਨਾਂ ਬਿਜਲੀ ਦੇ ਹਨ। ਸਿੰਦਾਕੋ ਨੇ ਕਿਹਾ ਕਿ, ਇਨਾਂ ਸਮੱਸਿਆਵਾਂ ਦਾ ਜਲਦ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਸ਼ੀਆ ਅਤੇ ਫਰਾਂਸ ਵੱਲੋਂ ਗੈਸ ਵਿਚ ਕੀਤੀ ਗਈ ਕਟੌਤੀ ਕਾਰਨ ਇਟਲੀ ਤੋਂ ਇਲਾਵਾ ਹੋਰ ਕਈ ਯੂਰਪੀ ਦੇਸ਼ ਗੈਸ ਸੰਕਟ ਨਾਲ ਪ੍ਰਭਾਵਿਤ ਹਨ। ਯੂਰਪੀਅਨ ਯੂਨੀਅਨ ਕਮੇਟੀ ਨੇ ਉਦਯੋਗ ਖੇਤਰ ਨੂੰ ਦਿੱਤੀ ਜਾਣ ਵਾਲੀ ਗੈਸ 'ਤੇ ਰੋਕ ਲਗਾਉਣ ਦੀ ਸਲਾਹ ਦਿੱਤੀ ਹੈ। ਜਿਸ ਨਾਲ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਗੈਸ, ਬਿਜਲੀ ਪ੍ਰਭਾਵਿਤ ਨਾ ਹੋਵੇ। ਇਸ ਤੋਂ ਇਲਾਵਾ ਤੇਲ ਨੂੰ ਵੀ ਸਮਝਦਾਰੀ ਨਾਲ ਵਰਤਣ ਦੀ ਤਾੜਨਾ ਕੀਤੀ ਗਈ ਹੈ। ਵਿੱਤ ਮੰਤਰੀ ਕੋਰਾਦੋ ਪਾਸੇਰਾ ਨੇ ਖੁਲਾਸਾ ਕੀਤਾ ਕਿ ਸਮੱਸਿਆ ਬਿਨਾਂ ਸ਼ੱਕ ਬਹੁਤ ਗੰਭੀਰ ਹੈ, ਪਰ ਇਸ ਸਬੰਧੀ ਸੰਕਟਕਾਲੀਨ ਬੈਠਕ ਸੱਦੀ ਗਈ ਹੈ ਅਤੇ ਉਮੀਦ ਹੈ ਵੀਰਵਾਰ ਤੱਕ ਇਸਦਾ ਹੱਲ ਲੱਭ ਲਿਆ ਜਾਵੇਗਾ। ਗੈਸ ਅਤੇ ਤੇਲ ਕੰਪਨੀ ਦੇ ਸੀ ਈ ਉ ਨੇ ਰੇਡੀਉ 24 'ਤੇ ਬੋਲਦਿਆਂ ਜਨਤਕ ਸੰਦੇਸ਼ ਦੌਰਾਨ ਵਿਸ਼ਵਾਸ ਦੁਆਇਆ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਵੀਰਵਾਰ ਤੋਂ ਸੰਕਟਕਾਲੀਨ ਸਥਿਤੀ ਕਾਰਨ ਅਲਜੀਰੀਆ ਅਤੇ ਨਾੱਰਦਨ ਯੂਰਪ ਜਰੀਏ ਸਵਿਟਜਰਲੈਂਡ ਤੋਂ ਗੈਸ ਅਤੇ ਤੇਲ ਪ੍ਰਾਪਤ ਕਰਨ ਦੀ ਕੋਸ਼ਿਸ਼ ਸਫਲ ਹੋਵੇਗੀ।
ਇਟਲੀ ਨਾਲ ਇਸ ਸੰਕਟ ਦੀ ਸਥਿਤੀ ਵਿਚ ਯੂਰਪੀਅਨ ਯੂਨੀਅਨ ਨੇ ਸਾਥ ਦੇਣ ਦਾ ਭਰੋਸਾ ਦੁਆਇਆ। ਯੂਰਪੀ ਸੰਘ ਵੱਲੋਂ ਬਰੁਸਲ ਨੂੰ ਇਸ ਸਬੰਧੀ ਸੂਚਨਾ ਦਿੱਤੀ ਅਤੇ ਇਟਲੀ, ਰੋਮਾਨੀਆ ਅਤੇ ਜਰਮਨੀ ਨੂੰ ਰੂਸ ਵੱਲੋਂ ਘਟਾਈ ਗਈ ਗੈਸ ਸਪਲਾਈ ਬਾਰੇ ਸਪਸ਼ਟ ਕੀਤਾ।
ਰੇਲਮਾਰਗ ਅਤੇ ਮੁੱਖ ਮਾਰਗ ਮੱਧਮ ਬਰਫਬਾਰੀ ਕਾਰਨ ਪ੍ਰਭਾਵਿਤ ਰਹੇ। ਏ 14, ਏ 24 ਆਬਰੂਸੋ, ਏ 25, ਏ 16 ਨਾਪੋਲੀ ਕਾਨੋਸਾ, ਏ 3 ਬਰਫਬਾਰੀ ਨਾਲ ਪ੍ਰਭਾਵਿਤ ਰਹੇ।
ਆਬਰੁਸੋ, ਮਾਰਕੇ ਅਤੇ ਉਮਬਰੀਆ ਦੇ ਕਈ ਹਿੱਸੇ ਬਿਲਕੁਲ ਬੰਦ ਕੀਤੇ ਗਏ ਹਨ, ਜਿਸ ਨਾਲ ਕਿ ਉਸ ਖੇਤਰ ਵਿਚ ਕੋਈ ਬਰਫਬਾਰੀ ਦੌਰਾਨ ਨਾ ਫਸ ਸਕੇ।
ਸਲੇਰਨੋ - ਰੇਜੋ ਕਲਾਬਰੀਆ ਖੇਤਰ ਵਿਚ ਗੱਡੀ ਵਾਹਕ ਮੌਸਮ ਬਾਰੇ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 800 290 092 ਤੋਂ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਆਈ ਫੋਨ ਲਈ ਮੁਫ਼ਤ ਸੇਵਾ www.cciss.it e mobile.cciss.it ies ਇਸ ਸਾੱਫਟਵੇਅਰ ਨੂੰ ਡਾਉਨਲੋਡ ਕਰਨ ਉਪਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ।














