ਨਿਵਾਸ ਆਗਿਆ ਨਵਿਆਉਣ ਅਤੇ ਪਰਿਵਾਰ ਨੂੰ ਇਕੱਠਾ ਕਰਨਾ ਹੋ ਸਕਦਾ ਹੈ ਮੁਸ਼ਕਿਲ
ਰੋਮ (ਇਟਲੀ) 7 ਫਰਵਰੀ (ਵਰਿੰਦਰ ਕੌਰ ਧਾਲੀਵਾਲ) - 429 ਯੂਰੋ ਪ੍ਰਤੀ ਮਹੀਨਾ ਅਤੇ 13ਵੀਂ ਤਨਖਾਹ ਸਮੇਤ 5577 ਯੂਰੋ ਸਲਾਨਾ ਆਮਦਨ 2012 ਲਈ ਨਿਧਾਰਿਤ ਕੀਤੀ ਗਈ ਹੈ। ਇਸ ਵਧੀ ਦਰ ਤੋਂ ਹੋਣ ਵਾਲੀ ਆਮਦਨ ਨਾਲ ਗਰੀਬ ਪਰਿਵਾਰਾਂ ਅਤੇ ਬਜੁਰਗਾਂ ਨੂੰ ਸਹਾਇਤਾ ਪ੍ਰਾਪਤ ਕਰਵਾਈ ਜਾਵੇਗੀ। ਜਿਕਰਯੋਗ ਹੈ ਕਿ ਇਸ ਦਾ ਵਧੇਰਾ ਅਸਰ ਵਿਦੇਸ਼ੀਆਂ 'ਤੇ ਪਵੇਗਾ ਜਿਨ੍ਹਾਂ ਵੱਲੋਂ ਨਿਵਾਸ ਆਗਿਆ ਨਵਿਆਉਣ ਲਈ ਜਾਂ ਪਰਿਵਾਰਕ ਦਰਖਾਸਤ ਦੇਣ ਲਈ ਵੱਧ ਆਮਦਨ ਜੁਟਾਉਣੀ ਪਵੇਗੀ। ਆਮਦਨ ਵੱਧ ਦਰਸਾਉਣ ਕਾਰਨ ਟੈਕਸ ਵੀ ਵਧੇਰਾ ਤਾਰਨਾ ਪਵੇਗਾ ਅਤੇ ਬਟੋਰੇ ਗਏ ਵਾਧੂ ਟੈਕਸ ਨਾਲ 65 ਸਾਲਾ ਇਟਾਲੀਅਨ ਨਾਗਰਿਕ ਜਾਂ 10 ਸਾਲ ਤੋਂ ਇਟਲੀ ਵਿਚ ਕਾਨੂੰਨੀ ਤੌਰ 'ਤੇ ਰਹਿਣ ਵਾਲੇ ਵਿਦੇਸ਼ੀਆਂ ਨੂੰ ਆਰਥਿਕ ਸਹਾਇਤਾ ਪ੍ਰਾਪਤ ਕਰਵਾਈ ਜਾ ਸਕੇਗੀ। ਇਹ ਸਹਾਇਤਾ ਲੰਬੇ ਸਮੇਂ ਦੀ ਨਿਵਾਸ ਆਗਿਆ ਧਾਰਕਾਂ ਅਤੇ ਨਿਰਧਾਰਤ ਆਮਦਨ ਤੋਂ ਘੱਟ ਆਮਦਨ ਵਾਲੇ ਵਿਦੇਸ਼ੀਆਂ ਨੂੰ ਪ੍ਰਦਾਨ ਕਰਵਾਈ ਜਾ ਸਕੇਗੀ। ਆਮ ਤੌਰ 'ਤੇ ਇਟਾਲੀਅਨ ਨਾਗਰਿਕਾਂ ਦੇ ਮੁਕਾਬਲੇ ਵਿਦੇਸ਼ੀਆਂ ਦੀ ਉਮਰ ਦਰ ਘੱਟ ਹੈ, ਇਸ ਅਧਾਰ 'ਤੇ ਬਹੁਤ ਥੋੜੇ ਵਿਦੇਸ਼ੀ ਇਸ ਦਾ ਲਾਭ ਪ੍ਰਾਪਤ ਕਰ ਸਕਣਗੇ। ਵਿਦੇਸ਼ੀਆਂ 'ਤੇ ਇਸ ਵਧਾਈ ਗਈ ਆਮਦਨ ਦਰ ਦਾ ਵਧੇਰੇ ਮਾੜਾ ਅਸਰ ਪਵੇਗਾ। ਗੈਰ ਯੂਰਪੀ ਵਿਦੇਸ਼ੀਆਂ ਨੂੰ ਨਿਵਾਸ ਆਗਿਆ ਨਵਿਆਉਣ ਲਈ ਲਾਜ਼ਮੀ ਸਲਾਨਾ ਆਮਦਨ 5577 ਯੂਰੋ ਜੁਟਾਉਣੀ ਪਵੇਗੀ ਅਤੇ ਜੇ ਪਤੀ/ਪਤਨੀ ਲਈ ਪਰਿਵਾਰਕ ਨਿਵਾਸ ਆਗਿਆ ਦੀ ਦਰਖ਼ਾਸਤ ਦੇਣੀ ਹੋਵੇ ਤਾਂ ਆਮਦਨ ਦਰ ਡੇਢ ਗੁਣਾ (8365,50 ਯੂਰੋ) ਵਧੇਰੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਕੁੱਲ ਆਮਦਨ 5577+8365,50=13942,50 ਯੂਰੋ ਲੌੜੀਂਦੀ ਹੋਵੇਗੀ। ਯੂਰਪੀ ਨਾਗਰਿਕਾਂ ਲਈ ਵੀ ਤਬਦੀਲੀ ਕੀਤੀ ਗਈ ਹੈ। ਰੋਮਾਨੀਆ ਅਤੇ ਪੋਲਾਕੀਆਂ ਲਈ ਇਟਲੀ ਵਿਚ ਰਹਿਣ ਲਈ ਨਿਰਧਾਰਤ ਆਮਦਨ ਦਾ ਹੋਣਾ ਲਾਜ਼ਮੀ ਹੈ ਅਤੇ ਬੇਰੁਜਗਾਰੀ ਦੀ ਸੂਰਤ ਵਿਚ 3 ਮਹੀਨਿਆਂ ਉਪਰੰਤ ਆਮਦਨ ਦਾ ਸਰੋਤ ਅਤੇ ਇਟਲੀ ਵਿਚ ਰਹਿਣ ਦਾ ਮੰਤਵ ਦਰਸਾਉਣਾ ਲਾਜ਼ਮੀ ਹੈ। ਅਜਿਹਾ ਨਾ ਹੋਣ 'ਤੇ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।














