Tuesday, Feb 07th

Last update12:23:14 AM GMT

ਸ: ਮੌਟੀ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਗਲਤ ਜਾਣਕਾਰੀ ਵਿਚ ਸੋਧ ਕਰਨ ਦੀ ਬੇਨਤੀ

ਨਵੀਂ ਦਿੱਲੀ, 29 ਜੁਲਾਈ (ਜਸਵੰਤ ਸਿੰਘ ਅਜੀਤ) - ਸ: ਇੰਦਰਜੀਤ ਸਿੰਘ ਮੌਂਟੀ, ਚੇਅਰਮੈਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਿਲਕ ਨਗਰ ਨੇ ਇਥੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ, ਮੀਡੀਆ ਵਿੱਚ ਆਈਆਂ ਖ਼ਬਰਾਂ ਅਨੁਸਾਰ ਐਡਵੋਕੇਟ ਐਚ. ਐਸ. ਫੂਲਕਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜੋ ਚਿੱਠੀ ਲਿਖੀ ਹੈ, ਉਸ ਵਿੱਚ ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਤੇ ਸਾਬਕਾ ਪ੍ਰਧਾਨਾਂ ਸ: ਹਰਵਿੰਦਰ ਸਿੰਘ ਸਰਨਾ, ਸ: ਪ੍ਰਹਿਲਾਦ ਸਿੰਘ ਚੰਡੋਕ ਅਤੇ ਸ: ਅਵਤਾਰ ਸਿੰਘ ਹਿਤ ਪੁਰ ਦੋਸ਼ ਲਾਇਆ ਹੈ ਕਿ ਇਨ੍ਹਾਂ ਸਾਰਿਆਂ ਨੇ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਕੇਸਾਂ ਨੂੰ ਕਮਜ਼ੋਰ ਕਰਨ ਲਈ ਬੇ-ਬੁਨਿਆਦ ਦੋਸ਼ ਲਾਏ ਹਨ।
ਸ: ਮੌਂਟੀ ਨੇ ਕਿਹਾ ਕਿ, ਉਨ੍ਹਾਂ ਨੂੰ ਹੈਰਾਨੀ ਹੈ ਜਦਕਿ ਐਡਵੋਕੇਟ ਐਚ. ਐਸ. ਫੂਲਕਾ ਨੇ ਚਹੁੰ ਵਿਅਕਤੀਆਂ ਪੁਰ ਦੋਸ਼ ਲਾਏ ਹਨ, ਪ੍ਰੰਤੂ ਸ਼ਪੱਸ਼ਟੀਕਰਨ ਦੇਣ ਦੇ ਲਈ ਕੇਵਲ ਦੋ ਨੂੰ ਹੀ ਸੱਦਿਆ ਗਿਆ ਹੈ। ਬਾਕੀ ਦੋਹਾਂ ਸ: ਪ੍ਰਹਿਲਾਦ ਸਿੰਘ ਚੰਢੋਕ ਅਤੇ ਸ: ਅਵਤਾਰ ਸਿੰਘ ਹਿਤ ਨੂੰ ਕਿਉਂ ਨਹੀਂ ਸੱਦਿਆ ਗਿਆ? ਚਾਹੀਦਾ ਤਾਂ ਇਹ ਸੀ ਕਿ ਐਡਵੋਕੇਟ ਫੂਲਕਾ ਵੱਲੋਂ ਜਿਨ੍ਹਾਂ ਵਿਅਕਤੀਆਂ ਪੁਰ ਦੋਸ਼ ਲਾਏ ਗਏ ਹਨ ਉਨ੍ਹਾਂ ਸਾਰਿਆਂ ਨੂੰ ਹੀ ਸਪੱਸ਼ਟੀਕਰਨ ਦੇਣ ਦੇ ਲਈ ਸੱਦਿਆ ਜਾਂਦਾ।
ਸ: ਇੰਦਰਜੀਤ ਸਿੰਘ ਮੌਂਟੀ ਨੇ ਆਪਣੇ ਬਿਆਨ ਵਿੱਚ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤੇ ਗਏ ਬਿਆਨ ਕਿ ਇਨ੍ਹਾਂ ਦੋਹਾਂ ਨੂੰ ਇਸੇ ਮੁੱਦੇ ’ਤੇ ਪਹਿਲਾਂ ਤਲਬ ਕੀਤਾ ਜਾ ਚੁੱਕਾ ਹੈ, ਪੁਰ ਟਿੱਪਣੀ ਕਰਦਿਆਂ ਕਿਹਾ ਕਿ, ਜਾਪਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਨ੍ਹਾਂ ਦੋਹਾਂ ਦੇ ਸ੍ਰੀ ਅਕਾਲ ਤਖ਼ਤ ਪੁਰ ਤਲਬ ਕੀਤੇ ਜਾਣ ਦੇ ਸਬੰਧ ਵਿੱਚ ਗਲਤ ਜਾਣਕਾਰੀ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਸ: ਪ੍ਰਹਿਲਾਦ ਸਿੰਘ ਚੰਢੋਕ ਨੂੰ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੇ ਲਈ ਮੁੱਖ ਦੋਸ਼ੀ ਗਰਦਾਨੇ ਜਾਂਦੇ ਜਗਦੀਸ਼ ਟਾਈਟਲਰ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤੇ ਜਾਣ ਅਤੇ ਜਥੇਦਾਰ ਅਵਤਾਰ ਸਿੰਘ ਹਿਤ ਵੱਲੋਂ ਨਵੰਬਰ ’84 ਦੀ ਪੀੜਤਾ ਦਰਸ਼ਨ ਕੌਰ ਨੂੰ ਮਾਰਕੁੱਟ ਕੀਤੇ ਜਾਣ ਦੇ ਲਾਏ ਦੋਸ਼ ਦੇ ਸਬੰਧ ਵਿੱਚ ਤਲਬ ਕੀਤਾ ਗਿਆ ਸੀ, ਨਾ ਕਿ ਐਡਵੋਕੇਟ ਐਚ. ਐਸ. ਫੂਲਕਾ ਵੱਲੋਂ ਲਾਏ ਗਏ ਦੋਸ਼ਾਂ ਦੇ ਮੁੱਦੇ ’ਤੇ।
ਸ: ਮੌਂਟੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਉਹ ਸਥਿਤੀ ਨੂੰ ਸਮਝਣ ਤੇ ਦਿੱਤੀ ਗਈ ਗਲਤ ਜਾਣਕਾਰੀ ਵਿੱਚ ਸੋਧ ਕਰਕੇ ਅਗਲਾ ਕਦਮ ਚੁੱਕਣ।

Joomla Templates and Joomla Extensions by ZooTemplate.Com

Add comment


Security code
Refresh