ਜਥੇਦਾਰ ਤੋਤਾ ਸਿੰਘ ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਬਲਿਹਾਰ ਸਿੰਘ ਰਾਮੇਵਾਲ, ਅਮਨਜੀਤ ਸਿੰਘ ਖਹਿਰਾ, ਕੁਲਵੰਤ ਸਿੰਘ ਧਾਲੀਵਾਲ ਅਤੇ ਹੋਰਾਂ ਨਾਲ। ਤਸਵੀਰ : ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ, 7 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੇ ਹਿੱਤਾਂ ਦੀ ਰਾਖੀ ਸਿਰਫ਼ ਅਕਾਲੀ ਸਰਕਾਰ ਹੀ ਕਰ ਸਕਦੀ ਹੈ, ਜਿਸ ਦੇ ਪੁਖਤਾ ਸਬੂਤ ਪੰਜਾਬ ਵਿਚ ਵਿਕਾਸ ਦੀ ਆਈ ਕ੍ਰਾਂਤੀ ਤੋ ਸਹਿਜੇ ਹੀ ਮਿਲ ਸਕਦੇ ਹਨ। ਇਹ ਵਿਚਾਰ ਸਾਬਕਾ ਸਿੱਖਿਆ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਤੋਤਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਯੂ. ਕੇ. ਵੱਲੋਂ ਰੱਖੇ ਇਕ ਸਮਾਗਮ ਦੌਰਾਨ ਬੋਲਦਿਆਂ ਕਹੇ। ਉਨ੍ਹਾਂ ਕਿਹਾ ਕਿ ਸੜਕਾਂ, ਬਿਜਲੀ ਪੈਦਾ ਕਰਨ ਲਈ ਸਰਕਾਰ ਵੱਲੋਂ ਕੀਤੇ ਕਾਰਜਾਂ ਤੋਂ ਇਲਾਵਾ ਵਿੱਦਿਆ ਦੇ ਖੇਤਰ ’ਚ ਪੁੱਟੀਆਂ ਨਵੀਆਂ ਪੁਲਾਂਘਾਂ ਸਿਰਫ਼ ਅਕਾਲੀ ਸਰਕਾਰ ਵੇਲੇ ਵੀ ਵੇਖਣ ’ਚ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸ: ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸਦਕਾ ਕਬੱਡੀ ਵਰਲਡ ਕੱਪ ਕਰਵਾਉਣਾ ਅਤੇ ਹਾਕੀ ਦੇ ਮਿਆਰ ਨੂੰ ਉਚਾ ਚੁੱਕਣ ਲਈ ਪੰਜਾਬ ਸਰਕਾਰ ਨੇ ਹਰ ਸੰਭਵ ਯਤਨ ਕੀਤੇ ਹਨ। ਉਨ੍ਹਾਂ ਨੇ ਪ੍ਰਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਧੀਆਂ-ਪੁੱਤਰਾਂ ਦੇ ਵਿਆਹਾਂ ਮੌਕੇ ਸੰਜਮ ਤੋਂ ਕੰਮ ਲੈਣ ਅਤੇ ਖਰਚੇ ਘਟਾਉਣ, ਦਾਜ ਵਰਗੀ ਲਾਹਨਤ ਤੋਂ ਛੁਟਕਾਰਾ ਪਾਉਣ੍ਯ ਤਾਂ ਕਿ ਪੰਜਾਬੀਆਂ ਦਾ ਜੀਵਨ ਸੌਖਾ ਅਤੇ ਖੁਸ਼ਹਾਲ ਹੋਣ ਦੇ ਨਾਲ-ਨਾਲ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਅਨੁਸਾਰ ਹੋਵੇ। ਇਸ ਮੌਕੇ ਸ਼੍ਰੋਮਣੀ ਯੂਥ ਅਕਾਲੀ ਦਲ ਯੂ. ਕੇ. ਦੇ ਪ੍ਰਧਾਨ ਸ: ਬਲਿਹਾਰ ਸਿੰਘ ਰਾਮੇਵਾਲ, ਨੌਰਥ ਵਿਸਟ ਯੂ. ਕੇ. ਦੇ ਸਰਪ੍ਰਸਤ ਕੁਲਵੰਤ ਸਿੰਘ ਧਾਲੀਵਾਲ, ਪ੍ਰਧਾਨ ਅਮਨਜੀਤ ਸਿੰਘ ਖਹਿਰਾ, ਰਣਜੀਤ ਸਿੰਘ ਰਾਣਾ ਅਤੇ ਗਿਆਨੀ ਅਮਰਜੀਤ ਸਿੰਘ ਰਾਠੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।









