ਡਰਬੀ ਵਿਖੇ ਸਿੱਖ ਮਿਊਜ਼ੀਅਮ ਦੇ ਪ੍ਰਬੰਧਕਾਂ ਨਾਲ ਜਥੇਦਾਰ ਤੋਤਾ ਸਿੰਘ।
ਲੰਦਨ, 10 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਪ੍ਰਧਾਨ ਅਤੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਇੰਗਲੈਂਡ ਦੌਰੇ ਦੌਰਾਨ ਵੱਖ-ਵੱਖ ਸ਼ਹਿਰਾਂ ਸਾਊਥਾਲ, ਸਲੋਹ, ਬਰਮਿੰਘਮ, ਡਰਬੀ, ਮਾਨਚੈਸਟਰ ਆਦਿ ਵਿਚ ਅਕਾਲੀ ਵਰਕਰਾਂ ਨਾਲ ਅਹਿਮ ਮੀਟਿੰਗਾਂ ਕੀਤੀਆਂ ਅਤੇ ਪ੍ਰਵਾਸੀ ਭਾਰਤੀਆਂ ਅਤੇ ਖਾਸ ਤੌਰ ’ਤੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਨੇ ਮੀਟਿੰਗਾਂ ਦੌਰਾਨ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਸਰਕਾਰ ਨੂੰ ਹਮੇਸ਼ਾ ਆਪਣੀ ਸਰਕਾਰ ਸਮਝਦੇ ਹਨ ਅਤੇ ਪੰਜਾਬ ਦਾ ਵਿਕਾਸ ਹਮੇਸ਼ਾ ਅਕਾਲੀ ਸਰਕਾਰ ਵੇਲੇ ਹੋਇਆ ਹੈ। ਉਨ੍ਹਾਂ ਨੇ ਪ੍ਰਵਾਸੀਆਂ ਨੂੰ ਆਪਣੇ ਪੁੱਤਰਾਂ ਦਾ ਮੁੱਲ ਨਾ ਵੱਟਣ ਦੀ ਬੇਨਤੀ ਕਰਦਿਆਂ ਵਿਆਹਾਂ ਨੂੰ ਦਾਜ ਰਹਿਤ ਕਰਨ ਦੀ ਬੇਨਤੀ ਕੀਤੀ। ਸਿੱਖਾਂ ਦੀ ਕਾਲੀ ਸੂਚੀ ਸਬੰਧੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਕਾਲੀ ਸੂਚੀ ਬਾਰੇ ਸਪੱਸ਼ਟ ਕਰਨ ਤਾਂ ਕਿ ਹਵਾਈ ਅੱਡਿਆਂ ’ਤੇ ਸਿੱਖਾਂ ਦੀ ਹੁੰਦੀ ਖੱਜਲ ਖੁਆਰੀ ਬੰਦ ਹੋਵੇ। ਉਨ੍ਹਾਂ ਨੇ ਡਰਬੀ ਵਿਖੇ ਬਣਿਆ ਪਹਿਲਾ ਸਿੱਖ ਮਿਊਜ਼ੀਅਮ ਵੀ ਵੇਖਿਆ। ਇਨ੍ਹਾਂ ਮੌਕਿਆਂ ’ਤੇ ਸ: ਕੁਲਵੰਤ ਸਿੰਘ ਧਾਲੀਵਾਲ, ਅਮਨਜੀਤ ਸਿੰਘ ਖਹਿਰਾ, ਮਹਿੰਦਰਪਾਲ ਸਿੰਘ ਧਾਲੀਵਾਲ, ਬਲਜੀਤ ਸਿੰਘ ਮੱਲ੍ਹੀ, ਸੋਹਣ ਸਿੰਘ ਸਮਰਾ, ਅਜੀਤ ਸਿੰਘ ਗਿੱਲ, ਜਗਰਾਜ ਸਿੰਘ ਸਰਾਂ, ਸੁਰਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ, ਅਮਨਦੀਪ ਸਿੰਘ ਸਿੱਧੂ ਤੋਂ ਇਲਾਵਾ ਬਹੁਤ ਸਾਰੇ ਅਕਾਲੀ ਵਰਕਰ ਹਾਜ਼ਰ ਸਨ।









