ਫ਼ਿਰੋਜ਼ਪੁਰ 16 ਅਗਸਤ (ਹਰਿੰਦਰ ਭੁੱਲਰ) ਈ.ਟੀ.ਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਜਸਵੰਤ ਸੈਣੀ ਅਤੇ ਮਾਲਵਾ ਜ਼ੋਨ ਦੇ ਪ੍ਰ੍ਰਧਾਨ ਸੰਜੀਵ ਨਾਰੰਗ ਦੀ ਅਗਵਾਈ ਹੇਠ 500 ਦੇ ਕਰੀਬ ਜੁਝਾਰੂ ਅਧਿਆਪਕਾਂ ਨੇ ਯੂਨੀਅਨ ਦੇ ਐਲਾਨ ਅਨੁਸਾਰ ਅੱਜ ਸਥਾਨਕ ਦਾਣਾ ਮੰਡੀ ਵਿੱਚ ਮੁੱਖ-ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ। ਭਾਰੀ ਪੁਲਿਸ ਫੋਰਸ ਅਤੇ ਖੁਫ਼ੀਆ ਤੰਤਰ ਨੂੰ ਚਕਮਾ ਦਿੰਦੇ ਹੋਏ ਅਧਿਆਪਕ ਪੰਡਾਲ ਵਿੱਚ ਵੱਖ-ਵੱਖ ਥਾਵਾਂ ‘ਤੇ ਬੈਠ ਗਏ ਅਤੇ ਜਿਉਂ ਹੀ ਮੁੱਖ-ਮੰਤਰੀ ਸਟੇਜ ਤੋਂ ਬੋਲਣ ਲੱਗੇ ਤਾਂ ਜਥਿਆਂ ਦੇ ਰੂਪ ਵਿੱਚ ਅਧਿਆਪਕਾਂ ਨੇ ਸਰਕਾਰ ਵਿਰੋਧੀ ਨਾਹਰੇ ਮਾਰਨੇ ਸ਼ੁਰੂ ਕਰ ਦਿੱਤੇ। ਈ.ਟੀ.ਟੀ ਅਧਿਆਪਕਾਂ ਦੀ ਇਸ ਅਚਨਚੇਤ ਕੀਤੀ ਕਾਰਵਾਈ ਨਾਲ ਮੁੱਖ-ਮੰਤਰੀ ਆਪਣਾ ਭਾਸ਼ਣ ਵਿੱਚ ਹੀ ਭੁੱਲ ਗਏ ਅਤੇ ਉਹ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਨ ਲੱਗੇ।
ਜਦੋਂ ਹੀ ਈ.ਟੀ.ਟੀ ਅਧਿਆਪਕਾਂ ਨੇ ਨਾਰ੍ਹੇ ਮਾਰੇ ਤਾਂ ਪੁਲਿਸ ਫ਼ੋਰਸ ਨੇ ਉਹਨਾਂ ‘ਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਕਾਫ਼ੀ ਅਧਿਆਪਕਾਂ ਦੇ ਸੱਟਾਂ ਵੀ ਲੱਗੀਆਂ। ਪੰਡਾਲ ਵਿੱਚ ਮੌਜੂਦ ਸਰਕਾਰ ਹਮਾਇਤੀ ਗੁੰਡਾ ਅਨਸਰਾਂ ਨੇ ਵੀ ਅਧਿਆਪਕਾਂ ‘ਤੇ ਤਸ਼ੱਦਦ ਕਰਨਾਂ ਸ਼ੁਰੂ ਕਰ ਦਿੱਤਾ ਤੇ ਮੁੱਖ-ਮੰਤਰੀ ਦੀ ਹਾਜ਼ਰੀ ਵਿੱਚ ਉਹਨਾਂ ਨੇ ਅਧਿਆਪਕਾਂ ਦੀਆਂ ਪੱਗਾਂ ਲਾਹੁਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਬਾਅਦ ਵਿੱਚ ਪੁਲਿਸ ਨੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰ ਕੇ ਜਦ ਪੰਡਾਲ ਤੋਂ ਬਾਹਰ ਲਿਜਾਣਾ ਚਾਹਿਆ ਤਾਂ ਅਧਿਆਪਕਾਂ ਨੇ ਪੁਲਿਸ ਦੀ ਗੱਡੀ ਘੇਰ ਕੇ ਗ੍ਰਿਫ਼ਤਾਰ ਕੀਤੇ ਸਾਥੀਆਂ ਨੂੰ ਛੁਡਾ ਲਿਆ। ਭਾਂਵੇ ਕਿ ਇਸ ਕਾਰਵਾਈ ਦੀ ਅਗਾਊਂ ਸੂਚਨਾ ਮਿਲਣ ‘ਤੇ ਪੁਲਿਸ ਨੇ ਵੱਡੀ ਗਿਣਤੀ ਵਿੱਚ ਅੱਜ ਸਵੇਰ ਤੋਂ ਹੀ ਛਾਪਾਮਾਰੀ ਕਰਕੇ ਵੱਖ-ਵੱਖ ਥਾਵਾਂ ਤੋਂ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਫਿਰ ਵੀ ਅਧਿਆਪਕਾਂ ਨੇ ਆਪਣੀ ਕਾਰਵਾਈ ਨੂੰ ਅੰਜਾਮ ਦੇ ਹੀ ਦਿੱਤਾ।
ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰ ਰਹੇ ਈ.ਟੀ.ਟੀ. ਅਧਿਆਪਕਾਂ ਦਾ ਇਹ ਸੰਘਰਸ਼ ਕੋਈ ਨਵਾਂ ਨਹੀਂ ਬਲਕਿ ਅਕਾਲੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦਾ ਹੈ ਜਦੋਂ ਮੋਗਾ ਕਨਵੈਨਸ਼ਨ ਵਿੱਚ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਤੋਤਾ ਸਿੰਘ ਅਤੇ ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਹਾਜ਼ਰੀ ਵਿੱਚ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ ‘ਤੇ ਪਹਿਲੀ ਮੀਟਿੰਗ ਵਿੱਚ ਹੀ ਜ਼ਿਲ੍ਹਾ ਪ੍ਰੀਸ਼ਦ ਅਧੀਨ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਵਾਪਸ ਲੈ ਲਿਆ ਜਾਵੇਗਾ। ਪਰ ਅੱਜ ਚਾਰ ਸਾਲ ਬੀਤਣ ਅਤੇ ਸਰਕਾਰ ਨੂੰ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ ਵੀ ਸਰਕਾਰ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਰਕੇ ਯੂਨੀਅਨ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਸਰਕਾਰ ਦੇ ਕਿਸੇ ਵੀ ਮੰਤਰੀ ਨੂੰ ਸਟੇਜ ਤੋਂ ਬੋਲਣ ਨਹੀਂ ਦੇਣਗੇ ਇਸ ਚੇਤਾਵਨੀ ਨੂੰ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਫ਼ਿਰੋਜ਼ਪੁਰ ਤੋਂ ਕਰਦਿਆਂ ਹੀ ਈ.ਟੀ.ਟੀ. ਅਧਿਆਪਕਾਂ ਨੇ ਅੱਜ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ਅੱਜ ਦੀ ਕਾਰਵਾਈ ਤੋਂ ਬਾਅਦ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਤੋਂ ਅਸੀਂ ਡਰਨ ਜਾਂ ਝੁਕਣ ਵਾਲੇ ਨਹੀਂ ਹਾਂ ਜੇਕਰ ਸਰਕਾਰ ਨੇ ਸਾਡੀ ਮੰਗ ਜਲਦੀ ਹੀ ਨਹੀਂ ਮੰਨੀ ਤਾਂ ਇਸ ਤਰਾਂ ਦੀਆਂ ਕਾਰਵਾਈਆਂ ਆਉਣ ਵਾਲੇ ਸਮੇਂ ਵਿੱਚ ਵੀ ਇੰਝ ਹੀ ਜਾਰੀ ਰਹਿਣਗੀਆਂ।
ਪੱਗਾਂ ਦੀ ਗੱਲ ਕਰਨ ਵਾਲੀ ਅਕਾਲੀ ਸਰਕਾਰ ਦੇ ਮੁੱਖ-ਮੰਤਰੀ ਦੀ ਮੌਜੂਦਗੀ ਵਿੱਚ ਪੁਲਿਸ ਨੇ ਅਧਿਆਪਕਾਂ ਦੀਆਂ ਪੱਗਾਂ ਲਾਹੀਆਂ
- Monday, 16 August 2010 10:50









