Tuesday, Feb 07th

Last update12:23:14 AM GMT

ਨਵੰਬਰ-84 ਦੇ ਸਿੱਖ ਕਤਲੇਆਮ ਦੇ ਮਾਮਲੇ ਮੁੜ ਖੋਲ੍ਹੇ ਜਾਣ- ਜਸਟਿਸ ਸੋਢੀ

ਨਵੀਂ ਦਿੱਲੀ,31 ਅਗਸਤ ( ਜਸਵੰਤ ਸਿੰਘ ‘ਅਜੀਤ’) - ਸੀ. ਬੀ. ਆਈ. ਨੇ ਨਵੰਬਰ-84 ਦੀ ਸਿੱਖ ਨਸਲਕੁਸ਼ੀ ਦੇ ਲਈ ਗਰਦਾਨੇ ਜਾਂਦੇ ਇੱਕ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਨਵੰਬਰ-84 ਦੇ ਸਿੱਖ ਕਤਲੇਆਮ ਦੇ ਸਬੰਧ ਵਿੱਚ ਦਿੱਲੀ ਪੁਲਿਸ ਦੇ ਦੰਗਾ ਰੋਕੂ ਸੈਲ ਦੀ ਜਾਂਚ ਅਤੇ ਮੁੱਕਦਮੇਬਾਜ਼ੀ ਮਹਿਜ਼ ਇੱਕ ਡਰਾਮਾ ਅਤੇ ਪਖੰਡ ਸੀ, ਜੋ ਦਿੱਲੀ ਪੁਲਿਸ ਵਲੋਂ ਮੁੱਖ ਦੋਸ਼ੀ, ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸਾਂਸਦ ਸੱਜਣ ਕੁਮਾਰ ਨੂੰ ਬਚਾਉਣ ਦੇ ਲਈ ਰਚਿਆ ਗਿਆ ਸੀ। ਦਿੱਲੀ ਦੇ ਸਾਬਕਾ ਜੱਜ, ਜਸਟਿਸ ਆਰ. ਐਸ. ਸੋਢੀ ਨੇ ਸੀ. ਬੀ. ਆਈ. ਦੇ ਇਸ ਖੁਲਾਸੇ ਪੁਰ ਟਿੱਪਣੀ ਕਰਦਿਆਂ ਕਿਹਾ ਹੈ ਕਿ ਦਿੱਲੀ ਪੁਲਿਸ, ਜੋ ਸਿੱਖ ਕਤਲੇਆਮ ਦੌਰਾਨ ਜਾਂ ਤਾਂ ਮੂਕ ਦਰਸ਼ਕ ਬਣੀ ਰਹੀ ਜਾਂ ਕਾਤਲਾਂ ਅਤੇ ਫਸਾਦੀਆਂ ਨੂੰ ਹੱਲਾਸ਼ੇਰੀ ਦਿੰਦੀ ਰਹੀ, ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਸੀ? ਜਸਟਿਸ ਸੋਢੀ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਨਾ ਕੇਵਲ ਸੱਜਣ ਕੁਮਾਰ ਨੂੰ ਹੀ ਬਚਾਉਣ ਲਈ ਜਾਂਚ ਤੇ ਮੁੱਕਦਮੇਬਾਜ਼ੀ ਦਾ ਡਰਾਮਾ ਰਚਿਆ, ਸਗੋਂ ਉਸਨੇ ਹਰ ਦੋਸ਼ੀ ਨੂੰ ਬਚਾਉਣ ਵਾਸਤੇ ਇਹੀ ਕੁਝ ਕੀਤਾ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਦੇ ਇਸ ਖੁਲਾਸੇ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਦਿੱਲੀ ਪੁਲਿਸ ਦੇ ਇਸੇ ਰਵੱਈਏ ਕਾਰਣ ਹੀ ਕਤਲੇਆਮ ਦੇ ਦੋਸ਼ੀ ਅਜੇ ਤੱਕ ਬਚਦੇ ਚਲੇ ਆ ਰਹੇ ਹਨ।
ਜਸਟਿਸ ਸੋਢੀ ਨੇ ਕਿਹਾ ਕਿ ਸੀ. ਬੀ. ਆਈ. ਦੇ ਇਸ ਖੁਲਾਸੇ ਤੋਂ ਬਾਅਦ ਇਹ ਜ਼ਰੂਰੀ ਜੋ ਜਾਂਦਾ ਹੈ ਕਿ, ਨਵੰਬਰ-84 ਦੇ ਸਾਰੇ ਕਤਲਾਂ ਦੇ ਮਾਮਲੇ ਮੁੜ ਖੋਲ੍ਹੇ ਜਾਣ ਤੇ ਉਨ੍ਹਾਂ ਦੀ ਨਿਰਪੱਖ ਜਾਂਚ ਕਰਵਾਈ ਜਾਏ। ਉਨ੍ਹਾਂ ਸਪੱਸ਼ਟ ਕੀਤਾ ਕਿ ਕਤਲਾਂ ਦੀ ਜਾਂਚ ਸਬੰਧੀ ਕੋਈ ਸਮੇਂ ਸੀਮਾ ਨਹੀਂ ਹੁੰਦੀ। ਜਦੋਂ ਵੀ ਸ਼ੰਕਾਵਾਂ ਪੈਦਾ ਹੋਣ ਜਾਂ ਕਤਲਾਂ ਦੇ ਮੁੱਦੇ ਤੇ ਸੁਆਲੀਆ ਨਿਸ਼ਾਨ ਲੱਗਣ ਲੱਗ ਪੈਣ, ਤਾਂ ਉਨ੍ਹਾਂ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਈ ਜਾਣੀ ਜ਼ਰੂਰੀ ਹੋ ਜਾਂਦੀ ਹੈ।  ਇਸ ਕਰਕੇ ਨਵੰਬਰ-84 ਵਿੱਚ ਮਾਰੇ ਗਏ ਸਿੱਖਾਂ ਦੇ ਸਾਰੇ ਮਾਮਲਿਆਂ ਨੂੰ ਮੁੜ ਖੋਲ੍ਹੇ ਜਾਣ ਅਤੇ ਉਨ੍ਹਾਂ ਦੀ ਜਾਂਚ ਕਰਵਾਏ ਜਾਣ ਦੇ ਲਈ ਨਿਰਪੱਖ ਜਾਂਚ-ਕਮਿਸ਼ਨ ਬਣਾਏ ਜਾਣ ਦੇ ਰਸਤੇ ਵਿੱਚ ਕੋਈ ਕਾਨੂੰਨੀ ਰੁਕਾਵਟ ਨਹੀਂ ਹੈ।

Joomla Templates and Joomla Extensions by ZooTemplate.Com

Add comment


Security code
Refresh