Tuesday, Feb 07th

Last update12:23:14 AM GMT

ਟਰੈਵਲ ਸੈਕਸ : ਛੁੱਟੀਆਂ ਦੌਰਾਨ ਸੁਰੱਖਿਅਤ ਸੰਭੋਗ ਕਿਰਿਆ ਲਾਜ਼ਮੀ

ਰੋਮ, 26 ਜੂਨ (ਵਰਿੰਦਰ ਕੌਰ ਧਾਲੀਵਾਲ) - ਬਹੁਤ ਸਾਰੇ ਲੋਕ ਛੁੱਟੀਆਂ ਤੋਂ ਮੁੜਨ ਵੇਲੇ ਆਪਣੇ ਨਾਲ ਯੌਨ ਸਬੰਧੀ ਸਕਰਾਮਕ ਰੋਗ ਅਤੇ ਅਣਚਾਹਿਆ ਗਰਭ ਲੈ ਕੇ ਮੁੜਦੇ ਹਨ। ਹਰ ਸਾਲ ਦੇ ਸਤੰਬਰ ਮਹੀਨੇ ਵਿਚ ਇਟਾਲੀਅਨ ਹਸਪਤਾਲ ਅਣਚਾਹੇ ਗਰਭ ਅਤੇ ਯੌਨ ਰੋਗ ਤੋਂ ਪੀੜਤ ਮਰੀਜਾਂ ਨਾਲ ਭਰੇ ਹੁੰਦੇ ਹਨ। ਇਹ ਖੁਲਾਸਾ ਇਟਲੀ ਦੇ ਇਸਤਰੀ ਰੋਗਾਂ ਦੇ ਮਾਹਿਰ ਅਤੇ ਪ੍ਰਸੂਤੀ ਵਿਗਿਆਨੀਆਂ ਦੀ ਸੁਸਾਇਟੀ ਵੱਲੋਂ ਕੀਤਾ ਗਿਆ। ਇਨ੍ਹਾਂ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਟਲੀ ਦੇ ਨਾਗਰਿਕ ਗਰਭ ਨਿਰੋਧਕ ਅਤੇ ਯੌਨ ਸਬੰਧੀ ਸਕਰਾਮਕ ਰੋਗਾਂ ਦੇ ਉਪਾਅ ਲਈ ਵਰਤੇ ਜਾਣ ਵਾਲੇ ਸਾਧਨਾਂ ਦੀ ਵਰਤੋਂ ਕਰਨ ਵਿਚ ਆਲਸੀ ਹਨ। ਇਕ ਖੋਜ ਅਨੁਸਾਰ ਇਹ ਖੁਲਾਸਾ ਹੋਇਆ ਕਿ ਇਟਲੀ ਦੇ ਵਧੇਰੇ ਨੌਜਵਾਨ ਕੋਇਟੁਸ ਇੰਟਰਪਟਸ ਸੰਭੋਗ (ਅਪੂਰਣ ਮੈਥੂਨ) ਵਿਧੀ ਦਾ ਪ੍ਰਯੋਗ ਕਰਦੇ ਹਨ। ਤਕਰੀਬਨ 30% ਨੌਜਵਾਨ ਇਸ ਤਕਨੀਕ ਵਿਚ ਵਿਸ਼ਵਾਸ਼ ਰੱਖਦੇ ਹਨ। ਇਸ ਵਿਧੀ ਤਹਿਤ ਸੰਖਲਨ ਤੋਂ ਪਹਿਲਾਂ ਇਕ ਦੂਜੇ ਤੋਂ ਵੱਖ ਹੋ ਜਾਂਦੇ ਹਨ ਪਰ ਇਹ ਵਿਧੀ ਗਰਭ ਨਿਰੋਧਕ ਨਹੀਂ ਹੈ। ਡਾਕਟਰ ਡੇਵਿਡ ਡੈਲਵਿਨ ਅਨੁਸਾਰ ਜੇ ਕੋਈ ਹੋਰ ਸਾਧਨ ਨਾ ਹੋਵੇ ਤਾਂ ਇਹ ਵਿਧੀ ਕਾਰਗਰ ਸਿੱਧ ਹੋ ਸਕਦੀ ਹੈ, ਹਮੇਸ਼ਾਂ ਲਈ ਨਹੀਂ, ਕਿਉਂਕਿ ਸ਼ੁਕਰਾਣੂ ਦਾ ਇਕ ਅੰਸ਼ ਗਰਭ ਧਾਰਨ ਲਈ ਕਾਫੀ ਹੁੰਦਾ ਹੈ। 22% ਨੌਜਵਾਨ ਕਿਸੇ ਵੀ ਤਰਾਂ ਦੇ ਗਰਭ ਧਾਰਨ ਵਿਧੀ ਨੂੰ ਅਪਨਾਉਣ ਦੇ ਇਛੁੱਕ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਰਭ ਨਿਰੋਧਕ ਵਿਧੀ ਉਨ੍ਹਾਂ ਦੇ ਮਾਤਾ ਪਿਤਾ ਨੂੰ ਵੀ ਚੰਗੀ ਨਹੀਂ ਸੀ ਲਗਦੀ, ਜਦਕਿ 58% ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਗਰਭ ਨਿਰੋਧਕ ਉਪਾਅ ਕਰਨ ਵਿਚ ਨਾਕਾਮਯਾਬ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਲੋੜ ਹੁੰਦੀ ਹੈ ਉਸ ਵਕਤ ਉਪਰੋਕਤ ਗਰਭ ਨਿਰੋਧਕ ਸਮੱਗਰੀ ਉਪਲੱਬਧ ਨਹੀਂ ਹੁੰਦੀ।
ਉਪਰੋਕਤ ਕਾਰਨ ਹਨ ਜਿਨਾਂ ਕਾਰਨ ਅਣਚਾਹੇ ਗਰਭ ਤੋਂ ਇਲਾਵਾ ਐਚ ਆਈ ਵੀ ਏਡਜ਼ ਅਤੇ ਹੋਰ ਯੌਨ ਸਬੰਧੀ ਬਿਮਾਰੀਆਂ ਇਟਲੀ ਦੇ ਨੌਜਵਾਨਾਂ ਵਿਚ ਫੈਲ ਰਹੀਆਂ ਹਨ। ਇਨਾਂ ਬਿਮਾਰੀਆਂ ਦਾ ਵਧੇਰਾ ਪਾਸਾਰ ਹਰ ਸਾਲ ਅਗਸਤ ਦੀਆਂ ਛੁੱਟੀਆਂ ਦੌਰਾਨ ਹੁੰਦਾ ਹੈ। ਇਹ ਹੀ ਕਾਰਨ ਹਨ ਕਿ ਸਤੰਬਰ ਮਹੀਨੇ ਵਿਚ ਇਨਾਂ ਬਿਮਾਰੀਆਂ ਸਬੰਧੀ ਮਰੀਜਾਂ ਦੀ ਭਰਮਾਰ ਹੁੰਦੀ ਹੈ। ਫਰਾਂਸ ਵਿਚ 40%, ਪੁਰਤਗਾਲ ਵਿਚ 24% ਅਤੇ ਇਟਲੀ ਵਿਚ ਸਿਰਫ 16% ਔਰਤਾਂ ਗਰਭ ਨਿਰੋਧਕ ਗੋਲੀਆਂ ਦਾ ਪ੍ਰਯੋਗ ਕਰਦੀਆਂ ਹਨ। ਇਸਤਰੀ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਸੁਸਾਇਟੀ ਵੱਲੋਂ ਖੁਲਾਸਾ ਕੀਤਾ ਗਿਆ ਕਿ, ਇਸ ਖੇਤਰ ਵਿਚ ਵਧੇਰਾ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ, ਇਟਲੀ ਭਰ ਦੇ 10 ਸ਼ਹਿਰਾਂ ਵਿਚ ਗਰਭ ਨਿਰੋਧਕ ਸਮੱਗਰੀ ਵੰਡੀ ਜਾਵੇਗੀ। ਇਸ ਤੋਂ ਇਲਾਵਾ 20 ਸ਼ਹਿਰਾਂ ਵਿਚ ਇਸ ਸਬੰਧੀ ਸਿੱਖਿਆ ਵੀ ਪ੍ਰਦਾਨ ਕਰਵਾਈ ਜਾਵੇਗੀ। ਜਿਹੜਾ ਵਿਅਕਤੀ ਇਸ ਵਰਕਸ਼ਾੱਪ ਦੌਰਾਨ ਗਰਭ ਨਿਰੋਧਕ ਉਪਾਅ ਬਾਰੇ ਆਪਣੀ ਜਾਣਕਾਰੀ ਨੂੰ ਸਪਸ਼ਟ ਕਰ ਸਕੇਗਾ, ਉਸਨੂੰ ਪਾਸਪੋਰਟ ਆੱਫ ਸੇਫ ਸੈਕਸ ਅਤੇ ਟਰੈਵਲ ਸੈਕਸ ਗਾਈਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟਰੈਵਲ ਸੈਕਸ ਗਾਈਡ ਸਾਰੀਆਂ ਕਿਤਾਬਾਂ ਦੀਆਂ ਦੁਕਾਨਾਂ ’ਤੇ ਉਪਲੱਬਧ ਹੈ, ਜੋ ਸੁਰੱਖਿਅਤ ਸੈਕਸ ਦੀ ਸਿੱਖਿਆ ਪ੍ਰਦਾਨ ਕਰਵਾਉਂਦੀ ਹੈ। ਇਕ ਖੋਜ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ 37% ਨੌਜਵਾਨ ਬਿਨਾਂ ਕਿਸੇ ਤਿਆਰੀ ਦੇ ਪਹਿਲੀ ਵਾਰ ਯੌਨ ਕਿਰਿਆ ਦੀ ਸ਼ੁਰੂਆਤ ਕਰਦੇ ਹਨ। ਜਿਕਰਯੋਗ ਹੈ ਕਿ ਇਸ ਮੁਹਿੰਮ ਨਾਲ ਇਥੋਂ ਦੇ ਨੌਜਵਾਨਾਂ ਨੂੰ ਸੁਰੱਖਿਅਤ ਯੌਨ ਸਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇਗੀ।

Joomla Templates and Joomla Extensions by ZooTemplate.Com

Add comment


Security code
Refresh