

ਰੋਮ, 30 ਅਗਸਤ (ਪੰ: ਐ:) - ਪੰਜਾਬੀ ਨੌਜਵਾਨ ਜਿਥੇ ਵਿਦੇਸ਼ਾਂ ਵਿਚ ਸਖ਼ਤ ਮਿਹਨਤ ਕਰ ਕਾਮਯਾਬੀ ਦੇ ਝੰਡੇ ਗੱਢਣ ਵਿਚ ਵਿਸ਼ਵਾਸ ਰੱਖਦੇ ਹਨ, ਉਥੇ ਕਈ ਨੌਜਵਾਨ ਸ਼ਾਇਦ ਭਾਰਤ ਛੱਡਣ ਲੱਗੇ ਠੱਗੀ ਠੋਰੀ ਰਾਹੀਂ ਜਲਦ ਅਮੀਰ ਹੋਣ ਦਾ ਨਿਸ਼ਚਾ ਕਰ ਲੈਂਦੇ ਹਨ, ਫਿਰ ਚਾਹੇ ਉਨ੍ਹਾਂ ਨੂੰ ਆਪਣੀ ਮੰਜਿ਼ਲ ’ਤੇ ਪਹੁੰਚਣ ਲਈ ਜਾਇਜ਼ ਨਜਾਇਜ਼ ਰਸਤਾ ਹੀ ਕਿਉਂ ਨਾ ਅਪਨਾਉਣਾ ਪਵੇ। ਬੀਤੇ ਦਿਨੀਂ ਅਜਿਹੀ ਇਕ ਮਿਸਾਲ ਦੇਖਣ ਨੂੰ ਮਿਲੀ। ਪੰਜਾਬ ਦੇ ਜਿਲ੍ਹਾ ਪਟਿਆਲਾ ਨਾਲ ਸਬੰਧ ਰੱਖਣ ਵਾਲਾ ਗਗਨਦੀਪ ਸਿੰਘ ਨਾਹਰ ਉਰਫ਼ ਗਗਨ ਪੁੱਤਰ ਕੁਲਦੀਪ ਸਿੰਘ ਨਾਹਰ ਅਤੇ ਮਾਤਾ ਗੁਰਿੰਦਰ ਕੌਰ ਨਾਹਰ ਦਾ ਇਕਲੌਤਾ ਪੁੱਤਰ, ਜੋ ਕਿ ਤਕਰੀਬਨ ਚਾਰ ਸਾਲ ਪਹਿਲਾਂ ਇਟਲੀ ਆਇਆ ਸੀ। ਕੰਪਿਊਟਰ ਦੇ ਖੇਤਰ ਵਿਚ ਆਪਣੇ ਆਪ ਨੂੰ ਮਾਹਿਰ ਅਤੇ ਕੰਪਿਊਟਰ ਇੰਜੀਨੀਅਰ ਦੱਸਣ ਵਾਲਾ ਗਗਨਦੀਪ ਮਿੱਠ ਬੋਲੜਾ ਅਤ ਬੇਹੱਦ ਚਲਾਕ ਕਿਸਮ ਦਾ ਵਿਅਕਤੀਤਵ ਵਾਲਾ ਨੌਜਵਾਨ ਸੀ, ਜੋ ਆਪਣੀਆਂ ਮਿੱਠੀਆਂ ਗੱਲਾਂ ਵਿਚ ਲਾ ਦੂਸਰੇ ਵਿਅਕਤੀ ’ਤੇ ਡੂੰਘਾ ਪ੍ਰਭਾਵ ਛੱਡਦਾ ਸੀ। ਇਨਾਂ ਗੁਣਾਂ ਦੇ ਸਦਕਾ ਗਗਨਦੀਪ ਸਿੰਘ ਲੜੀਵਾਰ ਪੰਜਾਬੀ ਨੌਜਵਾਨਾਂ ਨੂੰ ਆਪਣੇ ਦੋਸਤ ਮਿੱਤਰ ਬਣਾ ਲੁੱਟਦਾ ਰਿਹਾ। ਨਿੱਜੀ ਟੈਕਸੀ ਚਲਾਉਣ ਵਾਲੇ ਮਦਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਗਗਨਦੀਪ ਉਸ ਤੋਂ 2100 ਯੂਰੋ ਉਧਾਰ ਇਹ ਕਹਿ ਕੇ ਲੈ ਗਿਆ ਕਿ ਉਸਨੇ ਆਪਣਾ ਪਰਿਵਾਰ ਇਟਲੀ ਬੁਲਾਉਣ ਲਈ ਅਪਲਾਈ ਕੀਤਾ ਹੈ, ਜਿਸਦੀਆਂ ਟਿਕਟਾਂ ਬਨਾਉਣ ਲਈ ਉਸਨੂੰ ਪੈਸੇ ਦੀ ਲੋੜ ਹੈ। ਮੋਰਾਤੋਰੀ ਦਾ ਕੰਮ ਕਰਨ ਵਾਲੇ ਕੇਵਲ ਕ੍ਰਿਸ਼ਨ ਨੂੰ ਆਪਣੇ ਪਿਤਾ ਦੇ ਬਿਮਾਰ ਹੋਣ ਦੀ ਖ਼ਬਰ ਦੱਸ ਉਸ ਨੇ ਮੋਟੀ ਰਕਮ ਠੱਗ ਲਈ। ਪਾਨਿਆਂ ਦੀ ਫੈਕਟਰੀ ਵਿਚ ਕੰਮ ਕਰਨ ਵਾਲੇ ਰਜਿੰਦਰ ਕੁਮਾਰ ਦੇ ਘਰੋਂ ਸੋਨੇ ਦਾ ਕੜਾ ਅਤੇ ਬੈਂਕ ਦਾ ਕਾਰਡ ਚੋਰੀ ਕਰ ਕੇ ਗਗਨਦੀਪ ਗਾਇਬ ਹੋ ਗਿਆ। ਹਰਦੀਪ ਸਿੰਘ ਦੀਪੀ ਅਨੁਸਾਰ ਗਗਨਦੀਪ ਉਸ ਨਾਲ ਸਾਂਝਾ ਕਾਰੋਬਾਰ ਸ਼ੁਰੂ ਕਰਨ ਦੇ ਮੰਤਵ ਤਹਿਤ ਸਬਜ ਬਾਗ ਦਿਖਾ 10,000 ਯੂਰੋ ਠੱਗ ਕੇ ਲੈ ਗਿਆ। ਇਨ੍ਹਾਂ ਉਪਰੋਕਤ ਵਿਅਕਤੀਆਂ ਨੇ ਹੋਈ ਠੱਗੀ ਦੀ ਰੋਮ ਵਿਖੇ ਗਗਨਦੀਪ ਖਿਲਾਫ ਪੁਲਿਸ ਰਿਪੋਰਟ ਕਰਵਾ ਦਿੱਤੀ ਹੈ। ਇਨ੍ਹਾਂ ਰਿਪੋਰਟਾਂ ਦੇ ਅਧਾਰ ’ਤੇ ਠੱਗੀ ਦਾ ਸਿ਼ਕਾਰ ਹੋਏ ਵਿਅਕਤੀਆਂ ਨੇ ਪਟਿਆਲਾ ਪੁਲਿਸ ਨੂੰ ਮੁਜ਼ਰਿਮ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸਿਆ ਜਾਂਦਾ ਹੈ ਕਿ 5 ਅਗਸਤ ਨੂੰ ਗਗਨਦੀਪ ਇਟਲੀ ਛੱਡ ਕੇ ਭਾਰਤ ਦੌੜ ਗਿਆ। ਠੱਗੀ ਦਾ ਸਿ਼ਕਾਰ ਹੋਏ ਵਿਅਕਤੀਆਂ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਬੂਤਾਂ ਦੇ ਅਧਾਰ ’ਤੇ ਠੱਗ ਗਗਨਦੀਪ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ, ਜਿਸ ਨਾਲ ਕਿ ਉਹ ਕਿਸੇ ਹੋਰ ਦੇਸ਼ ਵਿਚ ਜਾ ਵੱਢੀਆਂ ਗੈਰਕਾਨੂੰਨੀ ਕਾਰਵਾਈਆਂ ਨੂੰ ਅੰਜ਼ਾਮ ਨਾ ਦੇ ਸਕੇ। ਉਨ੍ਹਾਂ ਇਹ ਵੀ ਸ਼ੱਕ ਜਾਹਿਰ ਕੀਤਾ ਕਿ ਗਗਨਦੀਪ ਇਹ ਸਾਰੀ ਕਾਰਵਾਈ ਆਪਣੇ ਪਰਿਵਾਰ ਦੀ ਮਿਲੀ ਭੁਗਤ ਨਾਲ ਕਰ ਰਿਹਾ ਹੈ ਅਤੇ ਜੇ ਉਹ ਪਟਿਆਲਾ ਪੁਲਿਸ ਨੂੰ ਕੋਠੀ ਨੰਬਰ 2 ਰਣਜੀਤ ਨਗਰ, ਸਰਹਿੰਦ ਰੋਡ, ਜਿਲ੍ਹਾ ਪਟਿਆਲਾ ਵਿਖੇ ਬਰਾਮਦ ਨਹੀਂ ਹੁੰਦਾ ਤਾਂ ਬਿਨਾਂ ਸ਼ੱਕ ਉਹ ਰਾਜਸਥਾਨ ਵਿਖੇ ਆਪਣੇ ਸਹੁਰੇ ਘਰ ਰੂਪੋਸ਼ ਹੋਇਆ ਹੋਵੇਗਾ।
ਗਗਨਦੀਪ ਹੱਥੋਂ ਠੱਗੀ ਦਾ ਸਿ਼ਕਾਰ ਹੋਏ ਵਿਅਕਤੀਆਂ ਵੱਲੋਂ ਇਨਸਾਫ ਦੀ ਅਪੀਲ
- Monday, 30 August 2010 15:19









