Tuesday, Feb 07th

Last update12:23:14 AM GMT

ਸਿਗਰਟਨੋਸ਼ੀ ਨੂੰ ਨਕੇਲ ਪਾਉਣੀ ਜਰੂਰੀ

ਇਸ ਵਿਚ ਕੋਈ ਸ਼ੱਕ ਨਹੀਂ ਕਿ ਗਰਭ ਦੌਰਾਨ ਔਰਤ ਦੀਆਂ ਕਾਰਗੁਜਾਰੀਆਂ ਦਾ ਭਰੂਣ ’ਤੇ ਵੱਡਾ ਪ੍ਰਭਾਵ ਪੈਂਦਾ ਹੈ। ਜਿਸ ਤਰਾਂ ਬੱਚਾ ਮਾਂ ਦੀ ਸਿੱਖਿਆ ਲੈ ਸਮਾਜ ਵਿਚ ਵਿਕਾਸ ਕਰਦਾ ਹੈ, ਉਸੇ ਤਰਾਂ ਜਨਮ ਤੋਂ ਪਹਿਲਾਂ ਉਹ ਮਾਂ ਦੇ ਸਰੀਰ ਦਾ ਹਿੱਸਾ ਰਹਿ ਹਰ ਪਲ ਨੂੰ ਮਹਿਸੂਸ ਕਰਨ ਦੀ ਸਮਰੱਥਾ ਰੱਖਦਾ ਹੈ। ਬੱਚੇ ਦੇ ਜੀਵਨ ’ਤੇ ਪੈਣ ਵਾਲਾ ਪ੍ਰਭਾਵ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਾਂ ਦੇ ਵਿਚਰਣ ਦੇ ਤੌਰ ਤਰੀਕਿਆਂ ਤੋਂ ਸਾਬਿਤ ਹੋ ਜਾਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਯੂਰਪ ਵਿਚ ਜਨਮ ਲੈਣ ਵਾਲੇ ਬੱਚਿਆਂ ਦੀ ਵੱਡੀ ਤਾਦਾਦ ਵਿਕਲਾਂਗ ਜਾਂ ਮੰਦਬੁੱਧੀ ਹੁੰਦੀ ਹੈ। ਜਿਸਦਾ ਮੁੱਖ ਕਾਰਨ ਮਾਂ ਵੱਲੋਂ ਗਰਭ ਦੌਰਾਨ ਨਸ਼ੀਲੇ ਪਦਾਰਥਾਂ ਦਾ ਸੇਵਨ ਜਿਵੇਂ ਸ਼ਰਾਬ, ਸਿਗਰਟ ਆਦਿ ਹੈ। ਇਟਲੀ ਵਿਚ ਵਿਚਰ ਕੇ ਵੇਖੀਏ ਤਾਂ ਸਹਿਜੇ ਹੀ ਇਨਾਂ ਤੱਥਾਂ ਦੇ ਪ੍ਰਮਾਣ ਸਾਹਮਣੇ ਆ ਜਾਂਦੇ ਹਨ। ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਦੇ ਮੁੱਦੇ ਨੂੰ ਫਿਲਹਾਲ ਨਾ ਵੀ ਘੋਖੀਏ ਤਾਂ ਘੱਟੋ ਘੱਟ ਸਕੂਲਾਂ ਦੇ ਬਾਹਰ ਸਿਗਰਟਨੋਸ਼ੀ ਦੇ ਰੁਝਾਨ ਨੂੰ ਜਰੂਰ ਨਕੇਲ ਪੈਣੀ ਚਾਹੀਦੀ ਹੈ। ਬੱਚਿਆਂ ਸਾਹਮਣੇ ਸਿਗਰਟਨੋਸ਼ੀ ਉਨ੍ਹਾਂ ਦੇ ਜੀਵਨ ’ਤੇ ਮਾੜਾ ਪ੍ਰਭਾਵ ਤਾਂ ਪਾਉਂਦੀ ਹੈ, ਬਲਕਿ ਉਨ੍ਹਾਂ ਲਈ ਇਹ ਨਸ਼ਾ ਸਧਾਰਨ ਅਤੇ ਆਮ ਸਾਬਿਤ ਕਰਨ ਦੀ ਭੂਮਿਕਾ ਵੀ ਨਿਭਾਉਂਦੀ ਹੈ। ਬੀਤੇ ਦਿਨੀਂ ਇਕ ਬੈਠਕ ਦੌਰਾਨ ਔਰਤ ਰੋਗਾਂ ਦੇ ਮਾਹਿਰ ਡਾ: ਕਲਾਊਦੀਓ ਜੋਰਲਾਂਦੀਨੋ ਨੇ ਇਟਾਲੀਅਨ ਸਮਾਜ ਨੂੰ ਸਲਾਹ ਦਿੱਤੀ ਕਿ ਸਿਗਰਟਨੋਸ਼ੀ ਕਰਦੀਆਂ ਗਰਭਵਤੀ ਔਰਤਾਂ ਨੂੰ ਜੁਰਮਾਨਾ ਹੋਣਾ ਚਾਹੀਦਾ ਹੈ, ਕਿਉਂਕਿ ਸਿਗਰਟਨੋਸ਼ੀ ਗਰਭਵਤੀ ਔਰਤਾਂ ਲਈ ਹੀ ਨਹੀਂ ਬਲਕਿ ਸਮਾਜ ਦਾ ਹਿੱਸਾ ਬਨਣ ਵਾਲੇ ਨਵੇਂ ਮਾਸੂਮ ਮਹਿਮਾਨ ਲਈ ਵੀ ਜਹਿਰ ਸਾਬਿਤ ਹੁੰਦੀ ਹੈ। 2005 ’ਚ ਇਟਲੀ ਵਿਚ ਸਿਗਰਟਨੋਸ਼ੀ ਦੇ ਖਿਲਾਫ ਇਕ ਕਾਨੂੰਨ ਹੌਂਦ ਵਿਚ ਆਇਆ ਸੀ, ਜਿਸ ਅਧੀਨ ਸਥਾਨਕ ਹੋਟਲ, ਡਿਸਕੋ ਕਲੱਬ, ਦਫ਼ਤਰ ਆਦਿ ਦੇ ਨੇੜ੍ਹੇ ਸਿਗਰਟ ਪੀਣ ’ਤੇ ਮਨਾਹੀ ਸੀ। ਰੈਸਟੋਰੈਂਟ, ਬਾਰ ਆਦਿ ਵਿਚ ਸਿਗਰਟ ਪੀਣੀ ਤਾਂ ਹੀ ਸੰਭਵ ਕੀਤੀ ਗਈ ਸੀ ਜੇ ਉਥੇ ਸਿਗਰਟਨੋਸ਼ੀ ਦਾ ਵੱਖਰਾ ਕਮਰਾ ਬਣਾਇਆ ਗਿਆ ਹੋਵੇ। ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਅਦਾਰੇ ਨੂੰ 2000 ਯੂਰੋ ਜੁਰਮਾਨਾ ਅਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਨੂੰ 275 ਯੂਰੋ ਜੁਰਮਾਨਾ ਤੈਅ ਕੀਤਾ ਗਿਆ ਸੀ। ਇਹ ਜੁਰਮਾਨਾ ਦੁਗਣਾ ਭੁਗਤਣਾ ਪਵੇਗਾ ਜੇ ਕੋਈ ਵਿਅਕਤੀ ਬੱਚੇ ਜਾਂ ਗਰਭਵਤੀ ਔਰਤ ਦੇ ਨੇੜ੍ਹੇ ਸਿਗਰਟਨੋਸ਼ੀ ਕਰਦਾ ਫੜਿਆ ਜਾਵੇ। ਇਥੇ ਇਹ ਤੱਥ ਵਿਚਾਰਣਯੋਗ ਹੈ ਕਿ ਜੇ ਗਰਭਵਤੀ ਔਰਤ ਦੇ ਨੇੜ੍ਹੇ ਸਿਗਰਟਨੋਸ਼ੀ ਕਰਨ ’ਤੇ ਮਨਾਹੀ ਹੈ, ਕਿਉਂਕਿ ਇਸ ਨਾਲ ਉਸਦੇ ਬੱਚੇ ’ਤੇ ਗਲਤ ਪ੍ਰਭਾਵ ਪੈ ਸਕਦਾ ਹੈ ਤਾਂ ਇਹ ਮਨਾਹੀ ਗਰਭਵਤੀ ਔਰਤ ’ਤੇ ਹੋਣੀ ਵੀ ਲਾਜ਼ਮੀ ਹੈ, ਕਿਉਂਕਿ ਉਹ ਗਰਭਵਤੀ ਔਰਤ ਸਿਗਰਟਨੋਸ਼ੀ ਨਾਲ ਆਪਣੇ ਅੰਦਰ ਪਲ ਰਹੇ ਜੀਵ ਨੂੰ ਸਿੱਧੇ ਤੌਰ ’ਤੇ ਨੁਕਸਾਨ ਪਹੁੰਚਾ ਰਹੀ ਹੈ। ਵਿਗਿਆਨਕ ਤੱਥ ਅਨੁਸਾਰ ਸਿਗਰਟਨੋਸ਼ੀ ਆੱਕਸੀਜ਼ਨ ਦੀ ਕਮੀ ਪੈਦਾ ਕਰਦੀ ਹੈ ਅਤੇ ਆੱਕਸੀਜ਼ਨ ਦੀ ਕਮੀ ਨਾਲ ਗਰਭ ਵਿਚ ਪਲ ਰਿਹਾ ਜੀਵ ਨੁਕਸਾਨਿਆ ਜਾ ਸਕਦਾ ਹੈ।

 

ਧੰਨਵਾਦ ਸਹਿਤ,

ਮੁੱਖ ਸੰਪਾਦਕ

www.punjabexpress.info & www.stranieriinitalia.it
This e-mail address is being protected from spambots. You need JavaScript enabled to view it ,
This e-mail address is being protected from spambots. You need JavaScript enabled to view it

Joomla Templates and Joomla Extensions by ZooTemplate.Com

Add comment


Security code
Refresh