
ਆਂਸੀਓ ਹਸਪਤਾਲ ਵਿਖੇ ਨਵਤੇਜ ਸਿੰਘ ਸਿੱਧੂ ਦੀ ਖ਼ਬਰਸਾਰ ਲੈਣ ਪਹੁੰਚੇ ਇਟਲੀ ਦੀਆਂ ਕੁਝ ਪ੍ਰਮੁੱਖ ਸਖਸ਼ੀਅਤਾਂ। ਫੋਟੋ : ਕੈਂਥ
ਰੋਮ, 29 ਜੁਲਾਈ (ਕੈਂਥ) - ਬੀਤੇ ਦਿਨ ਨਸਲੀ ਭਿੰਨ –ਭੇਦ ਦੇ ਸ਼ਿਕਾਰ ਨਵਤੇਜ ਸਿੰਘ ਸਿੱਧੂ ਨੂੰ ਮਿਲੀ ਸਹਾਇਤਾ ਰਾਸ਼ੀ ਦੇ ਲਾ-ਪਤਾ ਹੋਣ ਦੀ ਖ਼ਬਰ ਪੂਰੀ ਦੁਨੀਆਂ ਵਿੱਚ ਜੰਗਲ ਦੀ ਅੱਗ ਵਾਂਗ ਫੈਲਣ ਨਾਲ ਜਿੱਥੇ ਇਟਲੀ ਦੇ ਭਾਰਤੀ ਭਾਈਚਾਰੇ ਅੰਦਰ ਇਸ ਬੇਇਨਸਾਫ਼ੀ ਦੀ ਚਰਚਾ ਜੋਰਾਂ ’ਤੇ ਹੈ ਉੱਥੇ ਇਟਲੀ ਦੇ ਪ੍ਰਸਿੱਧ ਗੁਰੂਘਰ ਸ੍ਰੀ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਰੋਮ ਦੇ ਪ੍ਰਧਾਨ ਸ: ਬਲਬੀਰ ਸਿੰਘ ਲੱਲ, ਉੱਘੇ ਸਮਾਜ ਸੇਵਕ ਤੇ ਸਾਂਤੀ ਦੂਤ ਸ: ਹਰਬਿੰਦਰ ਸਿੰਘ ਧਾਲੀਵਾਲ, ਸ: ਗੁਰਦੇਵ ਸਿੰਘ ਢਿੱਲੋਂ, ਸ: ਹਰਜੀਤ ਸਿੰਘ ਫੇਰੋਕੇ ਸਰਪ੍ਰਸਤ ਇੰਡੀਅਨ ਯੂਥ ਫੈਡਰੇਸ਼ਨ ਇਟਲੀ ਤੇ ਕਈ ਹੋਰ ਆਗੂ ਆਂਸੀਓ ਦੇ ਹਸਪਤਾਲ ਨਵਤੇਜ ਸਿੰਘ ਸਿੱਧੂ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਪਹੁੰਚੇ। ਇਨ੍ਹਾਂ ਆਗੂਆਂ ਨੇ ਪ੍ਰੈੱਸ ਨਾਲ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ, ਨਸਲੀ ਭਿੰਨ-ਭੇਦ ਦੇ ਸ਼ਿਕਾਰ ਨਵਤੇਜ ਸਿੰਘ ਸਿੱਧੂ ਨੂੰ ਮਿਲੀ ਸਹਾਇਤਾ ਰਾਸ਼ੀ ਕਿੱਥੇ ਗਈ? ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸਿੱਧੂ ਅਨੁਸਾਰ ਇਹ ਰਾਸ਼ੀ ਬਲਰਾਜ ਸਿੰਘ ਰੋਮਾ ਕੋਲ ਹੈ, ਜਦੋਂ ਕਿ ਬਲਰਾਜ ਸਿੰਘ ਰੋਮਾ ਨੇ ਪ੍ਰੈੱਸ ਨੂੰ ਇਸ ਰਾਸ਼ੀ ਬਾਰੇ ਜਾਣਕਾਰੀ ਨਾ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਜਿਹੀ ਹਾਲਤ ਵਿੱਚ ਨਵਤੇਜ ਸਿੰਘ ਸਿੱਧੂ (ਜਿਹੜਾ ਕਿ ਇਸ ਸਮੇਂ ਵੀ ਆਂਸੀਓ ਹਸਪਤਾਲ ਵਿੱਚ ਜੇਰੇ ਇਲਾਜ ਹੈ) ਨੂੰ ਕੋਈ ਸਮਝ ਨਹੀਂ ਆ ਰਹੀ ਕਿ ਉਹ ਕੀ ਕਰੇ? ਕਿਸ ਕੋਲ ਉਹ ਆਪਣੇ ਨਾਲ ਹੋਈ ਬੇਇਨਸਾਫ਼ੀ ਦੀ ਫਰਿਆਦ ਕਰੇ? ਹਸਪਤਾਲ ਪਹੁੰਚੇ ਆਗੂਆਂ ਨੇ ਸਿੱਧੂ ਨੂੰ ਇਨਸਾਫ ਦੁਆਉਣ ਦਾ ਪੂਰਨ ਭਰੋਸਾ ਦੁਆਇਆ ਹੈ ਪਰ ਕੀ ਸਿੱਧੂ ਨੂੰ ਉਸ ਦਾ ਹੱਕ ਮਿਲਦਾ ਹੈ ਜਾਂ ਫਿਰ...।









