ਨਾਵਲ “ਹਾਸੇ ਬਣੇ ਸਰਾਪ” ਤੇ ਕਾਵਿ ਸੰਗ੍ਰਹਿ “ਭਿੱਜੀਆਂ ਪਲਕਾਂ” ਨਾਲ ਜਲਦ ਪਾਠਕਾਂ ਦੀ ਕਚਹਿਰੀ ’ਚ ਹਾਜ਼ਰ
ਪ੍ਰਸਿੱਧ ਨਾਵਲਕਾਰ ਪ੍ਰੈੱਸ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ। ਫੋਟੋ : ਕੈਂਥ
ਰੋਮ, 30 ਅਗਸਤ (ਕੈਂਥ) - ਇਟਲੀ ਦੀ ਜਦੋ-ਜਹਿਦ ਭਰੀ ਸੰਘਰਸ਼ਮਈ ਜਿੰਦਗੀ ਤੋਂ ਫੁਰਸਤ ਕੱਢ ਕੇ ਚੰਗਾ ਜਾਂ ਮਾੜਾ ਲਿਖਣਾ ਤਾਂ ਸ਼ਾਇਦ ਬਹੁਤਿਆਂ ਦਾ ਹੀ ਸੌ਼ਕ ਹੋਵੇਗਾ ਪਰ ਕਿਸੇ ਕਿਸੇ ਦੀ ਲਿਖ਼ਤ ਹਰ ਪਾਠਕ ਦੀ ਬੇਹੱਦ ਪਸੰਦੀਦਾ ਬਣ ਜਾਂਦੀ ਹੈ। ਅਜਿਹਾ ਹੀ ਇਕ ਵਿਅਕਤੀ ਹੈ ਸਾਊ, ਸਾਦੇ, ਹੱਸਮੁੱਖ ਤੇ ਮਿਲਾਪੜੇ ਸੁਭਾਅ ਦਾ ਧਨੀ ਗੀਤਕਾਰ ਤੇ ਨਾਵਲਕਾਰ ਸ੍ਰੀ ਪ੍ਰਭਜੀਤ ਨਿਰਵਾਲ ਜੋ ਕਿ ਸੰਨ 1997 ਵਿੱਚ ਯੂਰਪ ਦੀ ਸੈਰ ਕਰਨ ਆਇਆ ਤੇ ਸਦਾ ਲਈ ਹੀ ਯੂਰਪ ਦੀ ਧਰਤੀ ਦੇ ਦੇਸ਼ ਇਟਲੀ ਦਾ ਵਸਨੀਕ ਬਣ ਗਿਆ। ਨਿਰਵਾਲ ਨੂੰ ਲਿਖਣ ਦਾ ਸੌ਼ਕ ਬਚਪਨ ਤੋਂ ਹੀ ਹੋਣ ਕਾਰਨ ਉਸ ਨੇ ਹੁਣ ਤੱਕ ਅਨੇਕਾਂ ਅਜਿਹੇ ਗੀਤ, ਕਵਿਤਾਵਾਂ ਲਿਖੀਆਂ ਜਿਹਨਾਂ ਵਿੱਚ ਇਨਸਾਨ ਹੱਥੋਂ ਹੁੰਦੀ ਇਨਸਾਨ ਦੀ ਲੁੱਟ ਪ੍ਰਤੀ ਚਿੰਤਨ, ਵਿਦੇਸ਼ੀਆਂ ਦਾ ਪ੍ਰਦੇਸ਼ ਵਿੱਚ ਦਰਦ ਤੇ ਅਯੋਕੇ ਸਮਾਜ ਵਿੱਚ ਔਰਤ ਦੀ ਦੁਰਦਸ਼ਾ ਦੇ ਹਾਲ ਦੀ ਸ਼ਬਦੀ ਤਸਵੀਰ ਸਾਫ਼ ਝਲਕਦੀ ਹੈ। ਇਟਲੀ ਦੇ ਸ਼ਹਿਰ ਪਾਰਮਾ ਵਿਖੇ ਪ੍ਰੈੱਸ ਨਾਲ ਨਾਵਲਕਾਰ ਪ੍ਰਭਜੀਤ ਨਿਰਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ, ਉਹਨਾਂ ਦੀਆਂ ਪਹਿਲੀਆਂ ਰਚਨਾਵਾਂ 1987 ਸੰਨ ਵਿੱਚ ਪ੍ਰਸਿੱਧ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੇ ਨਾਮਵਰ ਮੈਗਜ਼ੀਨ “ਨਾਗਮਣੀ” ਵਿੱਚ ਛਪਣੀਆਂ ਸ਼ੁਰੂ ਹੋਈਆਂ। ਪ੍ਰਭਜੀਤ ਨਿਰਵਾਲ ਦੀਆਂ ਲਿਖੀਆਂ ਰਚਨਾਵਾਂ ਦੇ ਛਪਣ ਦਾ ਦੌਰ 87 ਤੋਂ ਸੁਰੂ ਹੋ ਕੇ ਅੱਜ ਵੀ ਨਿਰੰਤਰ ਜਾਰੀ ਹੈ। ਸੰਨ 2007 ਵਿੱਚ ਪ੍ਰਸਿੱਧ ਨਾਵਲ “ਅਲਵਿੱਦਾ” ਤੇ ਕਾਵਿ ਸੰਗ੍ਰਹਿ “ਗੁਆਚੇ ਨਕਸ਼” ਦੀ ਪ੍ਰਸਿੱਧੀ ਨੇ ਪ੍ਰਭਜੀਤ ਨਿਰਵਾਲ ਨੂੰ ਇਟਲੀ ਦੇ ਹਰ ਪੰਜਾਬੀ ਦੇ ਘਰ-ਘਰ ਪਹੁੰਚਾਇਆ। ਇਸ ਤੋਂ ਇਲਾਵਾ ਪੰਜਾਬੀ ਦੇ ਸੁਪਰ ਡੁੱਪਰ ਹਿੱਟ ਗੀਤ “ਲਾਲ ਚੂੜੇ ਵਿੱਚ ਅੱਜ ਲੁੱਕ ਗਈਆਂ ਬਾਹਾਂ ਸੋਹਣੇ ਯਾਰ ਦੀਆਂ” (ਗਾਇਕ ਦਲਜੀਤ ਬਿੱਟੂ) ਆਸ਼ਕਾਂ ਦੀਆਂ ਨੇ ਮੱਤਾਂ ਅਲੜਾ ਨੇ ਮਾਰੀਆਂ (ਗਾਇਕ ਮਨਦੀਪ ਅਟਵਾਲ) ਆ ਬਣ ਸਾਕੀ ਯਾਰ ਗਲਾਸੀ ਮਿਲਕੇ ਲਾਵਾਂਗੇ (ਸਿ਼ੰਦਾ ਸੁਰੀਲਾ) ਤੇ ਸੱਜਣਾਂ ਦੇ ਵਿਹੜੇ ਜਿਹੜਾ ਫੁੱਲ ਖਿੜਿਆ ਕਦੋਂ ਸਾਡੇ ਵਾਲਾਂ ਵਿੱਚ ਟੰਗ ਹੋਊ (ਗਾਇਕਾਵਾਂ ਮਲਕਾ ਜੋਤੀ) ਆਦਿ ਪ੍ਰਭਜੀਤ ਨਿਰਵਾਲ ਦੇ ਲਿਖੇ ਗੀਤ, ਜਿਹਨਾਂ ਨੂੰ ਸਰੋਤਿਆਂ ਨੇ ਬੇਹੱਦ ਪੰਸਦ ਕੀਤਾ। ਉਹਨਾਂ ਕਿਹਾ ਕਿ, ਉਹ ਪੰਜਾਬੀ ਮਾਂ ਬੋਲੀ ਨੂੰ ਇਟਲੀ ਵਿੱਚ ਪ੍ਰਫੁੱਲਿਤ ਕਰਨ ਲਈ ਵੀ ਕਾਫ਼ੀ ਚਿੰਤਤ ਹਨ। ਅੱਜਕਲ੍ਹ ਉਹ ਆਪਣੇ ਨਵੇਂ ਨਾਵਲ “ਹਾਸੇ ਬਣੇ ਸਰਾਪ” ਤੇ ਨਵੇਂ ਕਾਵਿ ਸੰਗ੍ਰਹਿ “ਭਿੱਜੀਆਂ ਪਲਕਾਂ” ਨੂੰ ਆਖਿਰੀ ਛੂਹਾਂ ਦੇਣ ਵਿੱਚ ਮਸਰੂਫ਼ ਹਨ ਤੇ ਬਹੁਤ ਜਲਦ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਸੇਵਾ ਵਿੱਚ ਆਪਣੇ ਇਹ ਦੋਨੋਂ ਅਨਮੋਲ ਤੋਹਫੇ ਲੈ ਕੇ ਹਾਜ਼ਰ ਹੋ ਰਹੇ ਹਨ। ਇਟਲੀ ਦੇ ਪੰਜਾਬੀ ਭਾਈਚਾਰੇ ਨੂੰ ਉਹਨਾਂ ਇਹੀ ਗੁਜਾਰਿਸ਼ ਕੀਤੀ ਹੈ ਕਿ ਉਹ ਪੰਜਾਬੀ ਮਾਂ ਬੋਲੀ ਲਿਖਣ ਤੇ ਪੜ੍ਹਨ ਲਈ ਆਪਣੇ ਬੱਚਿਆਂ ਨੂੰ ਜ਼ਰੂਰ ਜਾਗਰੂਕ ਕਰਨ।









