ਰੋਮ, 16 ਜੂਨ (ਕੈਂਥ) - ਜਦੋਂ ਦਾ ਪੇਂਡੂ ਖੇਡ ਕਬੱਡੀ ਦੇ ਬਿਹਤਰ ਭਵਿੱਖ ਲਈ ਕਬੱਡੀ ਖੇਡ ਨਾਲ ਸਬੰਧਿਤ ਸੰਸਥਾਵਾਂ ਨੇ ਡੋਪ ਟੈਸਟ ਨੂੰ ਯਕੀਨੀ ਬਨਾਉਣ ਦਾ ਫੈਸਲਾ ਲਿਆ ਹੈ ਉਦੋਂ ਦਾ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਕਬੱਡੀ ਦੇ ਕਈ ਨਾਮੀ ਖਿਡਾਰੀ ਵੀ ਚਿੰਤਾ ਦੇ ਬੱਦਲਾਂ ਹੇਠ ਫਸੇ ਹੋਏ ਪ੍ਰਤੀਤ ਹੁੰਦੇ ਹਨ। ਡੋਪ ਟੈਸਟ ਨੇ ਜਿੱਥੇ ਨਸ਼ਈ ਖਿਡਾਰੀਆਂ ਦੇ ਸ਼ੀਸ਼ ਮਹਿਲ ਨੂੰ ਤਰੇੜਾਂ ਪਾ ਦਿੱਤੀਆਂ ਹਨ, ਉੱਥੇ ਹੁਣ ਕਬੱਡੀ ਦੇ ਮੈਦਾਨ ਵਿੱਚ ਉਹੀ ਖਿਡਾਰੀ ਆਪਣੀ ਕਲਾ ਦਾ ਲੋਹਾ ਮਨਵਾਉਣਗੇ ਜਿਨ੍ਹਾਂ ਦੀ ਹਿੱਕ ਵਿੱਚ ਜਾਨ ਹੈ। ਪੇਂਡੂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪਧੱਰ ’ਤੇ ਪੂਰਨ ਤੌਰ ’ਤੇ ਸਥਾਪਿਤ ਕਰਨ ਲਈ ਸ਼ਲਾਘਾਯੋਗ ਗਤੀਵਿਧੀਆਂ ਕਰ ਰਹੀ ਪੰਜਾਬ ਦੀ ਨਾਮੀਂ ਸੰਸਥਾ “ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਵੱਲੋਂ ਡੋਪ ਟੈਸਟ ਪ੍ਰਤੀ ਲਾਪ੍ਰਵਾਹੀ ਵਰਤਣ ਵਾਲੇ ਖਿਡਾਰੀਆਂ ਤੇ ਕਬੱਡੀ ਕਲੱਬਾਂ ਵਿਰੁੱਧ ਕਾਰਵਾਈ ਨੂੰ ਅਮਲੀ ਜਾਮਾਂ ਪਹਿਨਾਉਦਿਆਂ ਸੰਨ 2009 ਦੇ ਸਮੂਹ ਖੇਡ ਮੇਲਿਆਂ ਲਈ ਕਬੱਡੀ ਖਿਡਾਰੀ ਜਸਵੀਰ ਸਿੰਘ ਉਰਫ਼ ਸ਼ੀਰਾ ਜਰਗੜ੍ਹੀ ਅਤੇ ਸਨਦੀਪ ਸਿੰਘ ਵੈਦ ਉਰਫ਼ ਮੰਨੂ ਘਲੋਟੀ ’ਤੇ ਪਾਬੰਦੀ ਲਗਾਈ ਸੀ। ਪ੍ਰੈੱਸ ਨੂੰ ਫੋਨ ’ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਭੁਪਿੰਦਰ ਸਿੰਘ ਪੰਧੇਰ ਵਿੱਤ ਸਕੱਤਰ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਨੇ ਕਿਹਾ ਕਿ, ਸੰਨ 2009 ਵਿੱਚ ਉਕਤ ਕਬੱਡੀ ਖਿਡਾਰੀ ਉਨ੍ਹਾਂ ਦੀ ਐਸੋਸੀਏਸ਼ਨ ਨੂੰ ਡੋਪ ਟੈਸਟ ਦਾ ਮਾਨਤਾ ਪ੍ਰਾਪਤ ਸਰਟੀਫਿਕੇਟ ਨਹੀਂ ਦੇ ਸਕੇ ਸਨ । ਜਿਸਦੇ ਮੱਦੇ ਨਜ਼ਰ ਐਸੋਸੀਏਸ਼ਨ ਨੇ ਇਨ੍ਹਾਂ ਖਿਡਾਰੀਆਂ ’ਤੇ ਸੰਨ 2009 ਦੇ ਸਾਰੇ ਖੇਡ ਮੇਲਿਆਂ ਲਈ (ਸਿਰਫ਼ ਇੱਕ ਸਾਲ ਲਈ) ਰੋਕ ਲਗਾਈ ਸੀ। ਸ: ਪੰਧੇਰ ਨੇ ਦੱਸਿਆਂ ਕਿ, ਹੁਣ ਇਨ੍ਹਾਂ ਖਿਡਾਰੀਆਂ ਉੱਪਰ ਸੰਨ 2010 ਦੇ ਖੇਡ ਮੇਲਿਆਂ ਲਈ ਕੋਈ ਪਾਬੰਦੀ ਨਹੀਂ ਹੈ। ਇਹ ਖਿਡਾਰੀ ਅੱਜਕਲ੍ਹ ਇਟਲੀ ਦੇ ਵਸਨੀਕ ਹਨ ਅਤੇ ਦੁਨੀਆਂ ਦੇ ਕਿਸੇ ਵੀ ਖੇਡ ਮੇਲੇ ਵਿਚ ਭਾਗ ਲੈ ਸਕਦੇ ਹਨ। ਸ: ਪੰਧੇਰ ਨੇ ਦੁਨੀਆਂ ਭਰ ਦੀਆਂ ਸਮੂਹ ਖੇਡ ਕਲੱਬਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਡੋਪ ਟੈਸਟ ਨੂੰ ਅਮਲੀ ਜਾਮਾਂ ਪਹਿਨਾਉਣ।









