ਲੰਦਨ, 18 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਸ ਵਾਰ ਇੰਗਲੈਂਡ ਦੀਆਂ ਕੌਂਸਲ ਚੋਣਾਂ ’ਚ ਪੰਜਾਬੀਆਂ ਨੇ ਸਿਆਸੀ ਹਲਕਿਆਂ ’ਚ ਤਕੜਾ ਹੱਥ ਮਾਰਿਆ ਹੈ, ਇੰਗਲੈਂਡ ਦੀਆਂ ਕੌਂਸਲਾਂ ਦੇ ਇਸ ਵਰ੍ਹੇ ਕਈ ਪੰਜਾਬੀ ਕੌਂਸਲਰ ਮੇਅਰ ਬਣੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 45 ਸਾਲਾਂ ਤੋਂ ਇੰਗਲੈਂਡ ’ਚ ਰਹਿ ਰਹੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਜਗਤਪੁਰ ਦੇ ਸ: ਨਿਰਮਲ ਸਿੰਘ ਗਿੱਲ ਇਸ ਵਾਰ ਲੰਦਨ ਆਫ ਬਾਰੋ ਬਾਰਕਿੰਗ ਐਂਡ ਡੈਗਨਹੈਮ ਦੇ ਮੇਅਰ ਚੁਣੇ ਗਏ ਹਨ। ਉਹ ਪਿਛਲੇ 20 ਸਾਲਾਂ ਤੋਂ ਇਸ ਬਾਰੋ ਦੇ ਲੌਂਗਬਰਿਜ ਹਲਕੇ ਤੋਂ ਕੌਂਸਲਰ ਚੱਲੇ ਆ ਰਹੇ ਹਨ। ਇਸ ਕੌਂਸਲ ਦੇ ਵੋਟਰਾਂ ਨੇ ਬ੍ਰਿਟਿਸ਼ ਨੈਸ਼ਨਲ ਪਾਰਟੀ ਦਾ ਬਿਲਕੁਲ ਸਫਾਇਆ ਹੀ ਕਰ ਦਿੱਤਾ ਹੈ। ਜਦਕਿ ਇਸ ਪਾਰਟੀ ਦੇ ਪਹਿਲਾਂ 12 ਮੈਂਬਰ ਸਨ। ਸ: ਗਿੱਲ ਦੇ ਬੇਟੇ ਸੁਖਨਿੰਦਰ ਸਿੰਘ ਗਿੱਲ (ਰੌਕੀ ਗਿੱਲ) ਕੌਂਸਲ ਦੇ ਡਿਪਟੀ ਲੀਡਰ ਬਣਾਏ ਗਏ ਹਨ।









