ਬਰੇਸ਼ੀਆ (ਇਟਲੀ) 21 ਜਨਵਰੀ (ਪ੍ਰਮਿੰਦਰ ਸ਼ਰਮਾ) - ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਦੀ ਦੇਖ ਰੇਖ ਹੇਠ ਬਿਹਾਰ ਸਥਾਪਨਾ ਦਿਵਸ 'ਤੇ 1 ਮਾਰਚ ਤੋਂ 4 ਮਾਰਚ ਤੱਕ ਪਟਨਾ ਵਿਚ ਪਹਿਲਾ ਵੂਮੈਨ ਕਬੱਡੀ ਵਿਸ਼ਵ ਕੱਪ ਹੋਣ ਜਾ ਰਿਹਾ ਹੈ। ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜਨਾਰਦਨ ਸਿੰਘ ਗਿਹਲੋਤ ਅਤੇ ਮੀਤ ਪ੍ਰਧਾਨ ਅਸ਼ੋਕ ਦਾਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਕੱਪ ਵਿਚ ਵਿਸ਼ਵ ਵਿਚੋਂ ਲੜਕੀਆਂ ਦੀਆਂ ਵੀਹ ਟੀਮਾਂ ਹਿੱਸਾ ਲੈਣਗੀਆਂ ਜਿਸ ਵਿੱਚ ਏਸ਼ੀਆ, ਅਫਰੀਕਾ, ਯੂਰਪ ਅਤੇ ਅਮਰੀਕਾ ਚਾਰ ਮਹਾਂਦੀਪਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ, ਇਸ ਕਬੱਡੀ ਨੂੰ ਉਲੰਪਿਕ ਵੱਲੋਂ ਵੀ ਮਾਨਤਾ ਮਿਲ ਚੁੱਕੀ ਹੈ। ਅਗਲੀ ਉਲੰਪਿਕ ਵਿਚ ਰੈਕਟੰਗਲਰ ਕਬੱਡੀ ਖੇਡੀ ਜਾਵੇਗੀ। ਇਸ ਕੱਪ ਵਿੱਚ ਪਹਿਲੀ ਵਾਰ ਇਟਲੀ ਕਬੱਡੀ ਟੀਮ ਹਿੱਸਾ ਲੈਣ ਜਾ ਰਹੀ ਹੈ। ਇਸ ਵਿਚ ਇੰਡੀਅਨ ਅਤੇ ਇਟਾਲੀਅਨ ਖਿਡਾਰੀਆਂ ਦਾ ਸੁਮੇਲ ਹੈ। ਕੋਚ ਪ੍ਰਮਿੰਦਰ ਸ਼ਰਮਾ ਟੈਕਨੀਕਲ ਅਫਸਰ ਹਰਵਿੰਦਰ ਕੁਮਾਰ ਖਿਡਾਰੀ ਐਮ ਪੀ ਧਨੋਆ, ਮਨਦੀਪ ਕੌਰ ਸ਼ਰਮਾ ਇਸ ਟੀਮ ਨੂੰ ਟਰੇਨਿੰਗ ਕਰਾ ਰਹੇ ਹਨ ਤਾਂ ਕਿ ਇਟਲੀ ਟੀਮ ਵਧੀਆ ਪ੍ਰਦਰਸ਼ਨ ਕਰ ਸਕੇ। ਪਰਮਿੰਦਰ ਸ਼ਰਮਾ ਨੇ ਉਹਨਾਂ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਹੈ ਕਿ, ਉਹ ਮਾਂ ਬਾਪ ਜਿਹੜੇ ਧੀਆਂ ਨੂੰ ਪੁੱਤਾਂ ਬਰਾਬਰ ਸਮਝ ਕੇ ਘਰ ਤੋਂ ਇੰਨੀ ਦੂਰ ਜਾਣ ਦੇ ਰਹੇ ਹਨ, ਉਹ ਸਮਾਜ ਵਿਚ ਸਮਝਦਾਰ ਮਾਪਿਆਂ ਦਾ ਦਰਜਾ ਰੱਖਦੇ ਹਨ। ਸਾਡੇ ਸਮਾਜ ਵਿਚ ਅਜੇ ਵੀ ਬਹੁਤ ਸਾਰੇ ਲੋਕ ਪਿਛਾਂਹ ਖਿੱਚੂ ਸੋਚ ਵਾਲੇ ਹਨ, ਜੋ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਨਹੀਂ ਦੇਖਣਾ ਚਾਹੁੰਦੇ। ਸਾਡਾ ਅਸਲੀ ਮਕਸਦ ਹੈ ਕਿ ਇਹ ਦੂਰੀਆਂ ਮਿਟਾਈਆਂ ਜਾਣ, ਆਪਣੀ ਸੋਚ ਨੂੰ ਬਦਲਿਆ ਜਾਵੇ ਅਤੇ ਲੜਕੀਆਂ ਨੂੰ ਵੀ ਸਭ ਦੇ ਬਰਾਬਰ ਹੱਕ ਮਿਲਣ।
ਪਟਨਾ ਵੂਮੈਨ ਕਬੱਡੀ ਵਿਸ਼ਵ ਕੱਪ ਵਿਚ ਇਟਲੀ ਦੀ ਟੀਮ ਹਿੱਸਾ ਲਏਗੀ
- Saturday, 21 January 2012 00:33














