
ਰੋਮ (ਇਟਲੀ) 31 ਜਨਵਰੀ (ਸਾਬੀ ਚੀਨੀਆਂ) - ਪੰਜਾਬ ਵਿਧਾਨ ਸਭਾ ਚੋਣਾਂ ਲੰਘ ਜਾਣ ਤੋਂ ਬਾਅਦ ਹੁਣ ਪ੍ਰਵਾਸੀ ਭਾਰਤੀਆਂ ਦਾ ਪੂਰਾ ਧਿਆਨ ਪੰਜਾਬੀਆਂ ਦੀ ਆਨ ਅਤੇ ਸ਼ਾਨ ਖੇਡ ਕਬੱਡੀ ਵੱਲ ਨੂੰ ਹੋ ਤੁਰਿਆ ਹੈ। ਇਸੇ ਸਬੰਧ ਵਿਚ ਗੱਲਬਾਤ ਕਰਦੇ ਹੋਏ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਦੇ ਪ੍ਰਧਾਨ ਭਾਰਤ ਪ੍ਰਕਾਸ਼ ਪਾਸ਼ੀ ਅਤੇ ਮਦਨ ਬੰਗੜ ਨੇ ਦੱਸਿਆ ਕਿ, ਉਨ੍ਹਾਂ ਦੇ ਕਲੱਬ ਵੱਲੋਂ ਜਿੱਥੇ ਇਟਲੀ ਦੇ ਖੇਡ ਮੇਲਿਆਂ ਲਈ ਵਿਸ਼ੇਸ਼ ਯੋਗਦਾਨ ਦਿੱਤਾ ਜਾਂਦਾ ਹੈ, ਉਥੇ ਹੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਰਕੱਢ ਪਿੰਡ ਸਰਹਾਲਾ ਰਾਣੂੰਆ ਵਿਖੇ ਕਰਵਾਏ ਜਾਂਦੇ ਖੇਡ ਮੇਲੇ ਲਈ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਖੇਡ ਮੇਲੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2, 3 ਅਤੇ 4 ਫਰਵਰੀ ਨੂੰ ਪਿੰਡ ਦੇ ਖੇਡ ਮੈਦਾਨ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਸਰਹਾਲਾ ਰਾਣੂੰਆ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਵੱਲੋਂ ਕਰਵਾਏ ਜਾ ਰਹੇ ਖੇਡ ਮੇਲੇ ਵਿਚ ਕਬੱਡੀ ਭਾਰ ਵਰਗ ਪਿੰਡ ਪੱਧਰ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਅੱਠ ਕਬੱਡੀ ਅਕੈਡਮੀ ਵਿਚ ਦਿਲ ਖਿੱਚਵੇਂ ਮੁਕਾਬਲੇ ਵੇਖਣ ਨੂੰ ਮਿਲਣਗੇ। ਇਸ ਮੌਕੇ ਹੋਰ ਰਵਾਇਤੀ ਖੇਡਾਂ ਵੀ ਕਰਵਾਈਆਂ ਜਾਣਗੀਆਂ।
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵੱਲੋਂ ਸਰਹਾਲਾ ਰਾਣੂੰਆ ਵਿਖੇ ਪੰਜਵਾਂ ਖੇਡਾ ਮੇਲਾ ਕਰਵਾਇਆ ਜਾਵੇਗਾ - ਪਾਸ਼ੀ, ਬੰਗੜ
- Tuesday, 31 January 2012 23:15














