ਵੋਮੈਨ ਵਿਸ਼ਵ ਕਬੱਡੀ ਕੱਪ 'ਚ ਇਟਲੀ ਦੀ ਟੀਮ ਭਾਗ ਲੈ ਕੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ - ਸ਼ਰਮਾ, ਲਾਂਬੜਾ
ਰੋਮ (ਇਟਲੀ) 4 ਫਰਵਰੀ (ਹਰਦੀਪ ਸਿੰਘ ਕੰਗ) - ਪੰਜਾਬ ਸਰਕਾਰ ਵੱਲੋਂ ਨਵੰਬਰ 2011 'ਚ ਕਰਵਾਏ ਗਏ ਦੂਜੇ ਵਿਸ਼ਵ ਕਬੱਡੀ ਕੱਪ ਦੀ ਚੈਂਪੀਅਨ ਬਣੀ ਭਾਰਤੀ ਮਹਿਲਾ ਟੀਮ ਦਾ ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰਸਟ ਯੂਰਪ ਵੱਲੋਂ 20 ਫਰਵਰੀ ਦਿਨ ਸੋਮਵਾਰ ਨੂੰ ਕਰਵਾਏ ਜਾ ਰਹੇ ਬਾਬਾ ਰਾਮ ਚੰਦ ਯਾਦਗਾਰੀ ਮੇਲੇ 'ਚ ਇਟਾਲੀਅਨ ਕਬੱਡੀ ਫੈਡਰੇਸ਼ਨ ਵੱਲੋਂ ਵਿਸੇæਸ਼ ਸਨਮਾਨ ਕੀਤਾ ਜਾਵੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪਰਮਿੰਦਰ ਸ਼ਰਮਾ ਪ੍ਰਧਾਨ ਇਟਾਲੀਅਨ ਕਬੱਡੀ ਫੈਡਰੇਸ਼ਨ ਅਤੇ ਸ਼ਿਵ ਕੁਮਾਰ ਲਾਂਬੜਾ ਐਮ ਡੀ ਸ਼ਿਵਾ ਟੀ ਆਰ ਐਸ ਟ੍ਰੈਵਲਜ਼ ਏਜੰਸੀ ਵੀਆਦਾਨਾ ਨੇ ਪ੍ਰੈੱਸ ਨਾਲ ਵਿਸੇæਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ, ਜਿਵੇਂ ਪੰਜਾਬ ਦੀਆਂ ਲੜਕੀਆਂ ਨੇ ਵਿਸ਼ਵ ਕਬੱਡੀ ਕੱਪ 'ਚ ਹਿੱਸਾ ਲੈ ਕੇ ਅਤੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਮੁੱਚੇ ਵਿਸ਼ਵ ਭਰ 'ਚ ਭਾਰਤ ਦਾ ਨਾਂਅ ਰੌਸ਼ਨ ਕੀਤਾ, ਉਸੇ ਤਰ੍ਹਾਂ ਵਿਦੇਸ਼ਾਂ ਵਿੱਚ ਵੀ ਪੰਜਾਬੀ ਲੜਕੀਆਂ ਨੂੰ ਖੇਡ ਖੇਤਰ 'ਚ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਖੇਡਾਂ 'ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹਿੱਸਾ ਲੈਣ ਲਈ ਉਨ੍ਹਾਂ ਲਈ ਸੁਨਿਹਰੀ ਮੌਕੇ ਹਨ, ਲੋੜ ਸਿਰਫ ਉਤਸ਼ਾਹਿਤ ਹੋਣ ਦੀ ਹੈ। ਉਨ੍ਹਾਂ ਅੱਗੇ ਕਿਹਾ ਕਿ, ਪਟਨਾ ਬਿਹਾਰ ਵਿਖੇ ਹੋ ਰਹੇ 1 ਤੋਂ 4 ਮਾਰਚ ਤੱਕ ਵੋਮੈਨ ਵਿਸ਼ਵ ਕਬੱਡੀ ਕੱਪ 'ਚ ਇਟਲੀ ਦੀ ਟੀਮ ਭਾਗ ਲੈ ਕੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਉਨ੍ਹਾਂ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਦੇ ਸੁਨਿਹਰੀ ਭਵਿੱਖ ਅਤੇ ਨਰੋਏ ਸਮਾਜ ਦੀ ਸਿਰਜਨਾ ਲਈ ਉਨ੍ਹਾਂ ਨੂੰ ਖੇਡਾਂ ਨਾਲ ਜੋੜ੍ਹਨ।














