ਨਵੀਂ ਦਿੱਲੀ, 8 ਫਰਵਰੀ (ਬਿਊਰੋ) - ਵਿਰਾਟ ਕੋਹਲੀ ਦੇ ਸ਼ਾਨਦਾਰ 77 ਰਨਾਂ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਨੂੰ ਤਿਕੋਣੀ ਲੜੀ ਦੇ ਦੂਜੇ ਇੱਕ ਦਿਨਾਂ ਮੈਚ ਵਿੱਚ ਚਾਰ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ 46,4 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ 'ਤੇ 234 ਰਨਾਂ ਦੇ ਟੀਚੇ ਨੂੰ ਪਾਰ ਕਰ ਲਿਆ। ਅਸ਼ਵਿਨ ਦੀ ਗੇਂਦਬਾਜੀ ਦੇ ਅੱਗੇ ਸ੍ਰੀਲੰਕਾ ਦੀ ਬੱਲੇਬਾਜੀ ਲੜਖੜਾ ਗਈ। ਸਚਿਨ ਤੇਂਦੁਲਕਰ ਦੇ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਨਿਰਾਸ਼ ਹੋਣਾ ਪਿਆ। ਸਚਿਨ 48 ਰਨਾਂ ਦੇ ਨਿਜੀ ਸਕੋਰ 'ਤੇ ਮੈਥਿਊਜ ਦੀ ਗੇਂਦ 'ਤੇ ਆਊਟ ਹੋ ਗਏ। ਭਾਰਤ ਲਈ ਤਿੰਨ ਵਿਕਟ ਲੈਣ ਅਤੇ ਸੂਝ ਭਰੀ 30 ਰਨਾਂ ਦੀ ਹਰਫਨਮੌਲਾ ਪਾਰੀ ਖੇਡਣ ਲਈ ਆਰ ਅਸ਼ਵਿਨ ਨੂੰ ਮੈਨ ਆਫ 'ਦ ਮੈਚ ਘੋਸ਼ਿਤ ਕੀਤਾ ਗਿਆ। ਭਾਰਤੀ ਟੀਮ ਦੇ ਸਭ ਤੋਂ ਘੱਟ ਚਾਰ ਰਣ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬਣਾਏ। ਸਹਵਾਗ 10 ਦੇ ਨਿੱਜੀ ਸਕੋਰ 'ਤੇ ਕੁਲਾਸੇਕਰਾ ਦੇ ਹੱਥੋਂ ਕੈਚ ਆਊਟ ਹੋਏ। ਰੈਨਾ 24 ਰਣ ਦੇ ਨਿੱਜੀ ਸਕੋਰ 'ਤੇ ਐਂਜਿਲੋ ਮੈਥਿਊਜ ਦੀ ਗੇਂਦ 'ਤੇ ਆਊਟ ਹੋਏ। ਪਰਥ ਵਿੱਚ ਖੇਡੇ ਸੀਬੀ ਸੀਰੀਜ਼ ਦੇ ਦੂਜੇ ਇਕ ਦਿਨਾਂ ਮੈਚ ਵਿੱਚ ਟਾਸ ਜਿੱਤ ਕੇ ਸ੍ਰੀਲੰਕਾ ਦੀ ਟੀਮ ਪਹਿਲਾਂ ਬੱਲੇਬਾਜੀ ਕਰਨ ਉਤਰੀ ਅਤੇ ਅੱਠ ਵਿਕਟਾਂ ਖੁੰਝਾ ਕੇ ਭਾਰਤ ਲਈ 234 ਰਨਾਂ ਦਾ ਟੀਚਾ ਨਿਰਧਾਰਤ ਕੀਤਾ। ਸ੍ਰੀਲੰਕਾ ਦੇ ਐਲਡੀ ਚੰਡੀਮਾਲ ਨੇ 81 ਗੇਂਦ ਖੇਡਕੇ 64 ਰਣ ਬਣਾਏ। ਓਪਨਰ ਦਿਲਸ਼ਨ ਨੇ 48 ਰਣ ਬਣਾਏ। ਸੰਗਕਾਰਾ 26 ਰਣ ਬਣਾਕੇ ਧੋਨੀ ਹੱਥੋਂ ਕੈਚ ਆਊਟ ਹੋਏ। ਇਸ ਤਿਕੋਣੀ ਲੜੀ ਵਿੱਚ ਭਾਰਤ ਦੀ ਪਹਿਲੀ ਜਿੱਤ ਹੈ। ਭਾਰਤ, ਸ੍ਰੀਲੰਕਾ ਅਤੇ ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਸਿਰੀਜ਼ ਵਿੱਚ ਭਾਰਤ ਦਾ ਅਗਲਾ ਮੁਕਾਬਲਾ ਏਡੀਲੇਡ ਵਿੱਚ ਆਸਟ੍ਰੇਲਿਆ ਦੇ ਖਿਲਾਫ 12 ਫਰਵਰੀ ਨੂੰ ਹੋਵੇਗਾ।
ਤਿਕੋਣੀ ਲੜੀ ਦੇ ਇਕ ਦਿਨਾਂ ਮੈਚ ਵਿਚ ਸ੍ਰੀਲੰਕਾ ਤੋਂ ਭਾਰਤ ਜੇਤੂ
- Wednesday, 08 February 2012 17:35














