ਸੰਨ 1993 ਵਿੱਚ ਪਾਇਲ ਸੰਗੀਤ ਕੰਪਨੀਂ ਵਿੱਚ ਆਈ ਟੇਪ ‘ਖ਼ਤਰਾ ਹੈ ਸੋਹਣਿਆ ਨੂੰ‘ ਰਾਹੀਂ ਪੰਜਾਬੀ ਗਾਇਕੀ ਦੇ ਪਿੜ ਵਿੱਚ ਭੁਪਿੰਦਰ ਧਰਮਾ ਦੇ ਨਾਂ ਹੇਠ ਉੱਤਰੇ ਗਾਇਕ ਧਰਮਪ੍ਰੀਤ ਨੇ ਇਹਨਾਂ ਸਤਾਰਾਂ ਸਾਲਾਂ ਵਿੱਚ ਆਪਣੀ ਸੰਗੀਤਕ ਜ਼ਿੰਦਗੀ ਵਿੱਚ ਬੜੇ ਉਤਰਾਅ-ਚੜ੍ਹਾਅ ਦੇਖੇ ਹਨ। ਮੋਗੇ ਨੇੜਲੇ ਕਸਬੇ ਬਿਲਾਸਪੁਰ ਦਾ ਜੰਮਪਲ ਇਹ ਸੁਰੀਲਾ ਗਾਇਕ ਪੰਜਾਬੀ ਸੰਗੀਤ ਸਨਅਤ ਦੇ ਉਸ ਸੁਨਹਿਰੇ ਕਾਲ ਦਾ ਵੀ ਗਵਾਹ ਹੈ ਜਦ 1997 ‘ਚ ਗੋਇਲ ਸੰਗੀਤ ਕੰਪਨੀ ਵੱਲੋਂ ਰਿਲੀਜ਼ ਕੀਤੀ ਗਈ ਉਸਦੀ ਸੁਪਰ-ਡੁਪਰ ਹਿੱਟ ਟੇਪ ‘ਦਿਲ ਨਾਲ ਖੇਡਦੀ ਰਹੀ‘ ਰਿਕਾਰਡ 23 ਲੱਖ ਦੀ ਵਿਕਰੀ ਨੂੰ ਵੀ ਪਾਰ ਕਰ ਗਈ ਸੀ। ਇਸ ਉਪਰੰਤ ਆਈਆਂ ਉਸਦੀਆਂ ਟੇਪਾਂ ‘ਅੱਜ ਸਾਡਾ ਦਿਲ ਤੋੜ ‘ਤਾ‘, ‘ਐਨਾ ਕਦੇ ਵੀ ਨਹੀਂ ਰੋਇਆ‘, ‘ਟੁੱਟੇ ਦਿਲ ਨਹੀਂ ਜੁੜਦੇ‘, ‘ਪੜ੍ਹ ਸਤਿਗੁਰ ਦੀ ਬਾਣੀ‘, ‘ਦਿਲ ਹੋਰ ਕਿਸੇ ਦਾ‘ ਨੇ ਵੀ ਬਿਜ਼ਨਸ ਪੱਖੋਂ ਕੰਪਨੀਆਂ ਨੂੰ ਮਾਲਾ-ਮਾਲ ਕਰੀ ਰੱਖਿਆ।
ਸੰਨ 2006 ਵਿੱਚ ਉਸਦਾ ਮੇਲ ਉੱਘੀ ਸੰਗੀਤ ਕੰਪਨੀ ‘ਅਮਰ ਆਡੀਓ‘ ਦੇ ਨਿਰਮਾਤਾ ਪਿੰਕੀ ਧਾਲੀਵਾਲ ਨਾਲ ਹੋ ਗਿਆ। ਧਰਮਪ੍ਰੀਤ, ਪਿੰਕੀ ਧਾਲੀਵਾਲ ਅਤੇ ਸੰਗਦਿਲ ਸੰਤਾਲੀ ਦੀ ਟੀਮ ਨੇ ਲਗਾਤਾਰ ਹੀ ‘ਸਾਉਣ ਦੀਆਂ ਝੜੀਆਂ‘ ਅਤੇ ‘ਦੇਸੀ ਮਸਤੀ‘ ਨਾਮੀ ਦੋ ਸਫ਼ਲ ਟੇਪਾਂ ਸਰੋਤਿਆਂ ਦੀ ਝੋਲੀ ਪਾਈਆਂ। ਇਹਨਾਂ ਟੇਪਾਂ ਤੋਂ ਪਹਿਲਾਂ ਧਰਮਪ੍ਰੀਤ ਨੂੰ ਸਿਰਫ਼ ਉਦਾਸ ਗੀਤ ਗਾਉਣ ਵਾਲੇ ਗਾਇਕ ਵਜੋਂ ਹੀ ਜਾਣਿਆਂ ਜਾਂਦਾ ਸੀ ਪਰ ਇਹਨਾਂ ਟੇਪਾਂ ਨਾਲ ਉਸ ‘ਤੇ ਲੱਗਾ ਇਹ ਠੱਪਾ ਵੀ ਖ਼ਤਮ ਹੋ ਗਿਆ। ਧਰਮਪ੍ਰੀਤ ਦੱਸਦਾ ਹੈ ਕਿ ‘ਸਾਉਣ ਦੀਆਂ ਝੜੀਆਂ‘ ਦੀ ਬੇਮਿਸਾਲ ਕਾਮਯਾਬੀ ਤੋਂ ਬਾਅਦ ਉਸਦੀ ਅਗਲੀ ਟੇਪ ‘ਦੇਸੀ ਮਸਤੀ‘ ਦੀ ਰਿਲੀਜ਼ਿੰਗ ਸਮੇਂ ਪਾਇਰੇਸੀ ਦੇ ਇਸ ਸਿਖ਼ਰ ਵਿੱਚ ਵੀ ਕੰਪਨੀ ਨੇ ਉਸਦੀ ਇਸ ਟੇਪ ਦੀਆਂ 75000 ਕਾਪੀਆਂ ਰਿਲੀਜ਼ ਕਰਨ ਦਾ ਜ਼ੋਖਮ ਉਠਾਇਆ ਸੀ ਪਰ ਉਸ ਵੇਲੇ ਸਭ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦ ਸ਼ਾਮ ਨੂੰ ਇਸ ਟੇਪ ਦਾ ਵੱਡੀ ਗਿਣਤੀ ਵਿੱਚ ਆਰਡਰ ਹੋਰ ਆ ਗਿਆ।
ਇਹਨਾਂ ਦੋਨਾਂ ਟੇਪਾਂ ਦੀ ਸਫ਼ਲਤਾ ਤੋਂ ਬਾਅਦ ਇਹਨੀਂ ਦਿਨੀਂ ਇੱਕ ਵਾਰ ਫਿਰ ਧਰਮਪ੍ਰੀਤ ਉਸੇ ਅਮਰ ਆਡੀਓ ਵਿੱਚ ਚਰਚਿਤ ਗਾਇਕਾ ਮਿਸ ਪੂਜਾ ਨਾਲ ਆਪਣੀ ਨਵੀਂ ਟੇਪ ‘ਕਲਾਸਫ਼ੈਲੋ‘ ਰਾਹੀਂ ਸੰਗੀਤਕ ਮੰਡੀ ਵਿੱਚ ਨਿੱਤਰਿਆ ਹੈ। ਸੰਗੀਤਕਾਰ ਤਰੁਨ ਰਿਸ਼ੀ ਦੇ ਸੰਗੀਤ ਨਾਲ ਲਬਰੇਜ਼ ਇਸ ਟੇਪ ਵਿੱਚ ਸੰਗਦਿਲ ਸੰਤਾਲੀ, ਬਚਨ ਬੇਦਿਲ ਅਤੇ ਅਮਨ ਬਿਲਾਸਪੁਰ ਜਿਹੇ ਪ੍ਰਪੱਕ ਗੀਤਕਾਰਾਂ ਦੇ ਕੁੱਲ ਅੱਠ ਗੀਤ ਹਨ। ਟੇਪ ਵਿਚਲੇ ਚਾਰ ਗੀਤਾਂ ਨੂੰ ਵੀਡੀਓ ਨਿਰਦੇਸ਼ਕ ਗੁਰਦੀਪ ਸਿੰਘ, ਜਸਪ੍ਰੀਤ ਰਾਜਨ, ਐਚ ਢਿੱਲੋਂ ਅਤੇ ਰੰਜਨ ਨੇ ਸੁਣਨ ਤੋਂ ਵੇਖਣਯੋਗ ਬਣਾਇਆ ਹੈ। ਟੇਪ ਦੇ ਸਾਰੇ ਦੇ ਸਾਰੇ ਗੀਤ ਹੀ ਕਮਾਲ ਦੀ ਸ਼ਾਇਰੀ ਅਤੇ ਗਾਇਕੀ ਪੱਖੋਂ ਅਤਿ-ਉੱਤਮ ਹਨ ਬਸ ਜੇਕਰ ਕੋਈ ਘਾਟ ਰੜਕਦੀ ਹੈ ਤਾਂ ਉਹ ਸਹਿ-ਗਾਇਕਾ ਸੁਦੇਸ਼ ਕੁਮਾਰੀ ਦੀ ਕਿਉਂਕਿ ਇਸ ਤੋਂ ਪਹਿਲਾਂ ਧਰਮਪ੍ਰੀਤ ਦੀਆਂ ਦੋਵੇਂ ਦੋਗਾਣਾ ਟੇਪਾਂ ਸੁਦੇਸ਼ ਕੁਮਾਰੀ ਨਾਲ ਹੀ ਰਿਕਾਰਡ ਹੋ ਕੇ ਸਰੋਤਿਆਂ ਤੱਕ ਪਹੁੰਚੀਆਂ ਹਨ ਪਰ ਇਸ ਵਾਰ ਕੰਪਨੀ ਨੇ ਥੋੜ੍ਹਾ ਹਟ ਕੇ ਕਰਨ ਦੇ ਚੱਕਰ ਵਿੱਚ ਧਰਮਪ੍ਰੀਤ ਦੇ ਨਾਲ ਸਹਿ-ਗਾਇਕਾ ਵਜੋਂ ਮਿਸ ਪੂਜਾ ਨੂੰ ਲਿਆ ਸੀ ਜੋ ਸਰੋਤਿਆਂ ਨੂੰ ਹਜ਼ਮ ਨਹੀਂ ਹੋਇਆ। ਰਿਲੀਜ਼ਿੰਗ ਦੇ ਦਿਨ ਤੋਂ ਹੀ ਇਸ ਟੇਪ ਦੀਆਂ ਚੁਫ਼ੇਰਿਉਂ ਚੰਗੀਆਂ ਖ਼ਬਰਾਂ ਆ ਰਹੀਆਂ ਹਨ ਜਿਸ ਨਾਲ ਗਾਇਕ ਅਤੇ ਕੰਪਨੀ ਦੋਵੇਂ ਪੂਰੇ ਖ਼ੁਸ਼ ਹਨ।
ਕਲਾਕਾਰਾਂ ਦੀ ਨਗਰੀ ਬਠਿੰਡਾ ਵਿਖੇ ਰਹਿ ਰਹੇ ਇਸ ਗਾਇਕ ਦਾ ਕਹਿਣਾ ਹੈ ਕਿ ਕੋਈ ਵਕਤ ਸੀ ਕਿ ਪੰਜਾਬੀ ਗਾਇਕਾਂ ਦੀਆਂ ਟੇਪਾਂ ਵੀ ਲੱਖਾਂ ਵਿੱਚ ਵਿਕਦੀਆਂ ਰਹੀਆਂ ਹਨ ਪਰ ਅੱਜ ਪਾਇਰੇਸੀ ਨੇ ਇਸ ਸਨਅਤ ਨੂੰ ਐਡੀ ਵੱਡੀ ਢਾਹ ਲਾਈ ਹੈ ਕਿ ਇਹ ਗਿਣਤੀ ਘਟ ਕੇ ਹਜ਼ਾਰਾਂ ਵਿੱਚ ਰਹਿ ਗਈ ਹੈ। ਜੇਕਰ ਸਥਿਤੀ ਇਉਂ ਹੀ ਰਹੀ ਤਾਂ ਹੁਣ ਉਹ ਦਿਨ ਜ਼ਿਆਦਾ ਦੂਰ ਨਹੀਂ ਹੈ ਜਦ ਗਾਇਕ ਗਾਉਣਾ ਛੱਡ ਕੇ ਕੋਈ ਹੋਰ ਧੰਦਾ ਕਰਨ ਲਈ ਮਜਬੂਰ ਹੋ ਜਾਣਗੇ। ਇਸ ਲਈ ਜੇਕਰ ਸਭ ਸਰੋਤੇ ਚਾਹੁੰਦੇ ਹਨ ਕਿ ਪੰਜਾਬੀ ਗਾਇਕੀ ਇਸੇ ਤਰਾਂ ਹੀ ਪੂਰੀ ਦੁਨੀਆਂ ‘ਤੇ ਰਾਜ ਕਰਦੀ ਰਹੇ ਤਾਂ ਇਹਦੇ ਲਈ ਪਾਇਰੇਸੀ ਨੂੰ ਖ਼ਤਮ ਕਰਨ ਲਈ ਸਭਨਾਂ ਦੇ ਯਤਨ ਜ਼ਰੂਰੀ ਹਨ।

ਹਰਿੰਦਰ ਭੁੱਲਰ
ਫ਼ਿਰੋਜ਼ਪੁਰ









