Tuesday, Feb 07th

Last update12:23:14 AM GMT

17 ਸਤੰਬਰ ਨੂੰ ਆ ਰਹੀ ਹੈ-‘ਇੱਕ ਕੁੜੀ ਪੰਜਾਬ ਦੀ‘

ਪੰਜਾਬੀ ਫ਼ਿਲਮ ਸਨਅਤ ਨੂੰ ਫ਼ਿਲਮ ‘ਜੀ ਆਇਆਂ ਨੂੰ‘ ਰਾਹੀਂ ਮੰਦੀ ਦੇ ਦੌਰ ‘ਚੋਂ ਕੱਢ ਕੇ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਵਾਲੇ ਬਾਲੀਵੁਡ ਦੇ ਮੰਨੇ ਪ੍ਰਮੰਨੇ ਕੈਮਰਾਮੈਨ ਤੇ ਹੁਣ ਉਘੇ ਪੰਜਾਬੀ ਫ਼ਿਲਮਸਾਜ਼ ਮਨਮੋਹਨ ਸਿੰਘ ਦੁਆਰਾ ਨਿਰਦੇਸ਼ਤ ਨਵੀਂ ਪੰਜਾਬੀ ਫ਼ਿਲਮ ‘ਇੱਕ ਕੁੜੀ ਪੰਜਾਬ ਦੀ‘ 17 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮਨ ਜੀ ਦੀ ਹਰ ਫ਼ਿਲਮ ਵਾਂਗ ਦਰਸ਼ਕਾਂ ਨੂੰ ਇਸ ਫ਼ਿਲਮ ਦੀ ਵੀ ਬੜੀ ਬੇ-ਸਬਰੀ ਨਾਲ ਉਡੀਕ ਹੈ।
‘ਜੀ ਆਇਆਂ ਨੂੰ‘ ਤੋਂ ਬਾਅਦ ‘ਅਸਾਂ ਨੂੰ ਮਾਣ ਵਤਨਾਂ ਦਾ‘, ‘ਯਾਰਾਂ ਨਾਲ ਬਹਾਰਾਂ‘, ‘ਦਿਲ ਆਪਣਾ ਪੰਜਾਬੀ‘, ‘ਮਿੱਟੀ ਵਾਜਾਂ ਮਾਰਦੀ‘, ‘ਮੇਰਾ ਪਿੰਡ‘, ਅਤੇ ‘ਮੁੰਡੇ ਯੂ.ਕੇ. ਦੇ‘ ਜਿਹੀਆਂ ਸਫ਼ਲ ਫ਼ਿਲਮਾਂ ਦਾ ਨਿਰਮਾਣ ਕਰਕੇ ਮਨਮੋਹਨ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਜਜ਼ਬੇ ਦੇ ਨਾਲ-ਨਾਲ ਫ਼ਿਲਮ ਨਿਰਮਾਣ ਬਾਰੇ ਮੁਕੰਮਲ ਗਿਆਨ ਵੀ ਹੋਵੇ ਤਾਂ ਪੰਜਾਬੀ ਫਿਲਮਾਂ ਕਦੇ ਵੀ ਘਾਟੇ ਦਾ ਸੌਦਾ ਨਹੀਂ ਹੋ ਸਕਦੀਆਂ। ਆਪਣੀ ਇਸੇ ਸੋਚ ਨੂੰ ਲੈ ਕੇ ਉਹਨਾਂ ਨੇ ਸਕਾਈਲਿੰਕ ਇੰਟਰਟੇਨਮੈਂਟ ਲਿਮਿਟਿਡ ਅਤੇ ਪੰਜ-ਆਬ ਮੂਵੀਜ਼ ਇੰਟਰਨੈਸ਼ਨਲ ਦੇ ਬੈਨਰ ਅਤੇ ਐਸ. ਐਸ. ਜੌਹਲ ਦੀ ਪੇਸ਼ਕਸ਼ ਹੇਠ ਆਪਣੀ ਨਵੀਂ ਪੰਜਾਬੀ ਫ਼ਿਲਮ ‘ਇੱਕ ਕੁੜੀ ਪੰਜਾਬ ਦੀ‘ ਦਾ ਨਿਰਮਾਣ ਕੀਤਾ ਹੈ। ਇਸ ਫ਼ਿਲਮ ਦੇ ਨਿਰਮਾਤਾ ਖੁਦ ਮਨ ਜੀ ਅਤੇ ਰਤਨ ਭਾਟੀਆ ਹਨ।
ਮਨ ਜੀ ਦੀ ਇਸ ਫ਼ਿਲਮ ਵਿੱਚ ਹੀਰੋ ਦੀ ਭੂਮਿਕਾ ਉੱਘੇ ਗਾਇਕ ਅਮਰਿੰਦਰ ਗਿੱਲ ਨੇ ਅਦਾ ਕੀਤੀ ਹੈ ਜੋ ਕਿ ਇਸ ਤੋਂ ਪਹਿਲਾਂ ਮਨ ਜੀ ਦੀ ਪਿਛਲੀ ਫ਼ਿਲਮ ‘ਮੁੰਡੇ ਯੂ.ਕੇ. ਦੇ‘ ਰਾਹੀਂ ਸਫ਼ਲਤਾ ਪੂਰਵਕ ਫ਼ਿਲਮੀ ਕੈਮਰੇ ਦਾ ਸਾਹਮਣਾ ਕਰਕੇ ਆਪਣੀ ਯੋਗਤਾ ਸਾਬਤ ਕਰ ਚੁੱਕਾ ਹੈ। ਅਮਰਿੰਦਰ ਨਾਲ ਇਸ ਵਾਰ ਹੀਰੋਇਨ ਦੇ ਰੂਪ ਵਿੱਚ ਇੱਕ ਅਸਲੋਂ ਨਵੀਂ ਪਰ ਵਧੀਆ ਅਭਿਨੇਤਰੀ ਜਸਪਿੰਦਰ ਚੀਮਾ ਨਜ਼ਰੀਂ ਆਵੇਗੀ।ਹੋਰਨਾਂ ਭੂਮਿਕਾਵਾਂ ਵਿੱਚ ਜਿੱਥੇ ਦੀਪ ਢਿੱਲੋਂ, ਕੰਵਲਜੀਤ ਸਿੰਘ, ਗੁੱਗੂ ਗਿੱਲ, ਨਵਨੀਤ ਨਿਸ਼ਾਨ, ਡਾ. ਸੁਰਿੰਦਰ ਸ਼ਰਮਾ, ਨੀਟਾ ਮਹਿੰਦਰਾ, ਬਲਵਿੰਦਰ ਬੇਗੋਵਾਲ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ ਅਤੇ ਬਾਲੀਵੁੱਡ ਵਿੱਚ ਚੰਗਾ ਨਾਮਣਾ ਖੱਟ ਚੁੱਕੇ ਮਾਲਵੇ ਦੇ ਗੱਭਰੂ ਅਮਨ ਧਾਲੀਵਾਲ ਵਰਗੇ ਵੱਡੇ ਸਿਤਾਰੇ ਦਰਸ਼ਕਾਂ ਦਾ ਮਨ ਮੋਹਣਗੇ ਉੱਥੇ ਰੰਗਮੰਚ ਅਤੇ ਟੈਲੀਵਿਜ਼ਨ ਦੇ ਜਾਣੇ-ਪਹਿਚਾਣੇ ਕਲਾਕਾਰ ਹਰਿੰਦਰ ਭੁੱਲਰ, ਪ੍ਰਿੰਸ ਕੇ.ਜੇ. ਸਿੰਘ, ਗਗਨ ਗਿੱਲ, ਸੁਖਵਿੰਦਰ ਰਾਜ, ਕਰਮਜੀਤ ਸਿਰਸਾ ਅਤੇ ਸੁਹਜ ਬਰਾੜ ਦਾ ਵੀ ਬੜੇ ਵਧੀਆ ਤਰੀਕੇ ਨਾਲ ਇਸ ਫ਼ਿਲਮ ਰਾਹੀਂ ਵੱਡੇ ਪਰਦੇ ‘ਤੇ ਆਗਾਜ਼ ਹੋਣ ਜਾ ਰਿਹਾ ਹੈ। ਬਾਕੀ ਕਲਾਕਾਰਾਂ ਵਿੱਚ ਮਲਕੀਤ ਰੌਣੀ, ਸੀਮਾ ਕੌਸ਼ਲ, ਸੁਖਵੀਰ ਰਜ਼ੀਆ, ਤਰਸ਼ਿੰਦਰ ਸੋਨੀ, ਸਿਮਰਤ, ਸੁਰਭੀ ਜੋਤੀ, ਜੋਤ ਸੰਧੂ, ਦਿਵਿਆ ਓਹਰੀ, ਕਾਵਿਆ ਸਿੰਘ, ਕੁਲਵੰਤ ਗਿੱਲ, ਜੇ.ਐਸ. ਜੱਗੀ, ਬਿਕਰਮ ਮਾਨ, ਅਵਤਾਰ ਸਿੰਘ, ਮੁਕੇਸ਼ ਗਿੱਦੜਬਾਹਾ ਅਤੇ ਗੁਰਪ੍ਰੀਤ ਸੰਧੂ ਆਦਿ ਸ਼ਾਮਿਲ ਹਨ। ਫ਼ਿਲਮ ਨੂੰ ਸੰਗੀਤਕ ਰੰਗ ਨਾਲ ਉੱਘੇ ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ ਨੇ ਰੰਗਿਆ ਹੈ ਅਤੇ ਗੀਤਕਾਰ ਅਮਰਦੀਪ ਗਿੱਲ, ਰਾਣਾ ਰਣਬੀਰ, ਨਿੰਮਾ ਲੁਹਾਰਕਾ ਅਤੇ ਹਰਜੀਤ ਸਿਦਕੀ, ਰਾਣਾ ਮਾਧੋਝੰਡੀਆ ਤੇ ਝਲਮਨ ਸਿੰਘ ਢੰਡਾ ਦੁਆਰਾ ਰਚਿਤ ਗੀਤਾਂ ਨੂੰ ਆਪਣੀਆਂ ਸੁਰੀਲੀਆਂ ਆਵਾਜ਼ਾਂ ਨਾਲ ਪ੍ਰਸਿੱਧ ਗਾਇਕਾਂ ਅਮਰਿੰਦਰ ਗਿੱਲ, ਲਾਭ ਜੰਜੂਆ, ਰਵਿੰਦਰ ਸਿੰਘ, ਪਾਮੇਲਾ ਜੈਨ, ਰਾਣਾ ਰਣਵੀਰ ਅਤੇ ਸੁਖਸ਼ਿੰਦਰ ਸ਼ਿੰਦਾ ਨੇ ਚਾਰ ਚੰਨ ਲਾਏ ਹਨ। ਸਪੀਡ ਰਿਕਾਰਡਜ਼ ਨੇ ਚੁਫ਼ੇਰੇ ਇਸ ਫ਼ਿਲਮ ਦਾ ਸੰਗੀਤ ਰਿਲੀਜ਼ ਕਰਨ ਦੀ ਜ਼ਿੰਮੇਵਾਰੀ ਸਾਂਭੀ ਹੈ। ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਦੀ ਵਾਗਡੋਰ ਖੁਦ ਮਨ ਜੀ ਦੇ ਹੱਥ ‘ਚ ਰਹੀ ਹੈ। ਡਾਇਲਾਗ ਲਿਖਣ ਦਾ ਔਖਾ ਤੇ ਕਲਾਤਮਕ ਕੰਮ ਇਸ ਵਾਰ ਵੀ ਪ੍ਰਸਿੱਧ ਕਲਾਕਾਰ ਰਾਣਾ ਰਣਬੀਰ ਦੇ ਹਿੱਸੇ ਆਇਆ ਹੈ ਜਿਸਨੂੰ ਉਸਨੇ ਬਾਖੂਬੀ ਨੇਪਰੇ ਚਾੜ੍ਹਿਆ ਹੈ। ਫ਼ਿਲਮ ਦੇ ਖੂਬਸੂਰਤ ਦ੍ਰਿਸ਼ਾਂ ਨੂੰ ਕੈਮਰੈ ‘ਚ ਕੈਦ ਕਰਨ ਦਾ ਸੂਖਮ ਕੰਮ ਵੀ ਇਸ ਵਾਰ ਮਨ ਜੀ ਨੇ ਆਪ ਹੀ ਕੀਤਾ ਹੈ। ਉਹਨਾਂ ਦੀਆਂ ਪਿਛਲੀਆਂ ਫ਼ਿਲਮਾਂ ਵਾਂਗ ਇਸ ਵਾਰ ਵੀ ਇਸ ਫ਼ਿਲਮ ਦੇ ਮੁੱਖ ਸਹਾਇਕ ਨਿਰਦੇਸ਼ਕ ਦਰਸ਼ਨ ਦਰਵੇਸ਼ ਹਨ। ਪੰਜਾਬੀ ਸੀਰੀਅਲ ‘ਦੇਸ ਪ੍ਰਦੇਸ‘ ਅਤੇ ਹੋਰ ਕਈ ਮਸ਼ਹੂਰ ਲੜੀਵਾਰਾਂ ਮਗਰੋਂ ਲੰਬਾ ਸਮਾਂ ਚੁੱਪ ਰਹਿਣ ਬਾਅਦ ਦਰਸ਼ਨ ਦਰਵੇਸ਼ ਨੇ ਇਸ ਫ਼ਿਲਮ ਰਾਹੀਂ ਫਿਰ ਆਪਣੀ ਅਦਾਕਾਰੀ ਦੀ ਅਗਲੀ ਪਾਰੀ ਦੀ ਸ਼ੁਰੂਆਤ ਵੀ ਕੀਤੀ ਹੈ। ਫ਼ਿਲਮ ਵਿਚਲੇ ਕਲਾਕਾਰਾਂ ਨੂੰ ਨਚਾਉਣ ਦਾ ਕੰਮ ਉੱਘੇ ਕੋਰੀਓਗ੍ਰਾਫੀ ਭੂਪੀ ਨੇ ਕੀਤਾ ਹੈ ਅਤੇ ਆਰਟ ਡਾਇਰੈਕਸ਼ਨ ਦਾ ਰਚਨਾਤਮਕ ਕੰਮ ਤੀਰਥ ਗਿੱਲ ਦੁਆਰਾ ਸਿਰੇ ਚੜ੍ਹਿਆ ਹੈ। ਫ਼ਿਲਮ ਦੀ ਕਾਂਟ-ਛਾਂਟ (ਐਡੀਟਿੰਗ) ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਐਡੀਟਰ ਬੰਟੀ ਨਾਗੀ ਨੇ ਕੀਤੀ ਹੈ। ਫ਼ਿਲਮ ਦੀਆਂ ਖੂਬਸੂਰਤ ਲੋਕੇਸ਼ਨਾਂ ਨੂੰ ਲੱਭਣ ਅਤੇ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਦਰਸ਼ਨ ਔਲਖ ਦੇ ਮਜ਼ਬੂਤ ਮੋਢਿਆਂ ‘ਤੇ ਪਾਈ ਗਈ ਸੀ ਜਿਸਨੂੰ ਉਸਨੇ ਟਿੰਮੀ ਅੰਬਾਲਾ ਅਤੇ ਵਿੱਕੀ ਟਰੈਵਲ ਨਾਲ ਮਿਲ ਕੇ ਬਾਖੂਬੀ ਨਿਭਾਇਆ ਹੈ।
ਇਸ ਫ਼ਿਲਮ ਦੀ ਕਹਾਣੀ ਕੁੜੀਆਂ ਦੀ ਸਮਾਜਿਕ ਬਰਾਬਰੀ ਦੇ ਵਿਸ਼ੇ ਨੂੰ ਪੇਸ਼ ਕਰਦੀ ਹੈ। ਫ਼ਿਲਮ ਦੀ ਹੀਰੋਇਨ ਮੁੰਡਿਆਂ ਵਾਗ ਹੀ ਜ਼ਿੰਦਗੀ ਨੂੰ ਜਿਉਣਾ ਚਾਹੁੰਦੀ ਹੈ ਜਿਸਦਾ ਕਿ ਸਮਾਜ ਵੱਲੋਂ ਵਿਰੋਧ ਹੁੰਦਾ ਹੈ ਅਜਿਹੇ ਹਾਲਾਤਾਂ ਵਿੱਚ ਉਹ ਕੀ-ਕੀ ਫ਼ੈਸਲੇ ਲੈਂਦੀ ਹੈ ਅਤੇ ਕੀ ਘਟਨਾਕ੍ਰਮ ਪੈਦਾ ਹੁੰਦੇ ਹਨ ਇਹ ਦੇਖਣ ਲਾਇਕ ਹੋਵੇਗਾ। ਜਿੱਥੇ ਕਾਮੇਡੀ ਕਲਾਕਾਰ ਡਾ. ਸੁਰਿੰਦਰ ਸ਼ਰਮਾ ਅਤੇ ਰਾਣਾ ਰਣਵੀਰ ਦੀਆਂ ਛੁਰਲੀਆਂ ਦਰਸ਼ਕਾਂ ਨੂੰ ਹਸਾਉਣਗੀਆਂ ਉੱਥੇ ਗੁਰਪ੍ਰੀਤ ਘੁੱਗੀ ਅਤੇ ਗੁੱਗੂ ਗਿੱਲ ਦੀ ਅਦਾਕਾਰੀ ਦਾ ਬਿਲਕੁਲ ਨਵਾਂ ਪਹਿਲੂ ਦੇਖ ਕੇ ਦਰਸ਼ਕ ਅਸ਼-ਅਸ਼ ਕਰ ਉੱਠਣਗੇ। ਫ਼ਿਲਮ ਵਿਚਲੀ ਇੱਕ ਅਹਿਮ ਭੂਮਿਕਾ ਕਿਮੀ ਵਰਮਾ ਨੇ ਇਉਂ ਨਿਭਾਈ ਹੈ ਜਿਸਨੂੰ ਦੇਖ ਕੇ ਲੱਗੇਗਾ ਕਿ ਜਿਵੇਂ ਇਹ ਰੋਲ ਸਿਰਫ਼ ਉਸ ਲਈ ਹੀ ਬਣਿਆ ਹੋਵੇ ਤੇ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਇਸ ਰੋਲ ‘ਚ ਸਿਰਫ਼ ਉਹੀ ਜਚ ਸਕਦੀ ਸੀ। ਯੂਨੀਵਰਸਿਟੀ ਦੇ ਥੀਏਟਰ ਵਿਭਾਗ ਦੇ ਮਾਹੌਲ ਦਾ ਚਿਤਰਨ ਵੀ ਪੰਜਾਬੀ ਫ਼ਿਲਮਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਫ਼ਿਲਮ ਰਾਹੀਂ ਬਾਖੂਬੀ ਪਰਦੇ ‘ਤੇ ਉਤਾਰਿਆ ਗਿਆ ਹੈ ਜੋ ਇਸ ਫ਼ਿਲਮ ਨੂੰ ਨਵੀ ਦਿੱਖ ਪ੍ਰਦਾਨ ਕਰਦਾ ਹੈ। ਵੱਖ-ਵੱਖ ਵਿਸ਼ਿਆਂ ਨੂੰ ਛੋਂਹਦੀ ਅਤੇ ਐਨੇ ਵਧੀਆ ਕਲਾਕਾਰਾਂ ਵਾਲੀ ਇਸ ਫ਼ਿਲਮ ਨੂੰ ਦੇਖ ਕੇ ਹਰ ਪੰਜਾਬੀ ਦਾ ਮਨ ਨਿਸ਼ਚੇ ਹੀ ਟੁੰਬਿਆ ਜਾਵੇਗਾ।

ਹਰਿੰਦਰ ਭੁੱਲਰ

ਫ਼ਿਰੋਜ਼ਪੁਰ


Joomla Templates and Joomla Extensions by ZooTemplate.Com

Add comment


Security code
Refresh