ਰੋਮ, 6 ਅਗਸਤ (ਟੇਕ ਚੰਦ ਜਗਤਪੁਰ) - ਜੋ ਗੀਤ ਲੋਕ ਬੁੱਲਾਂ ’ਤੇ ਚਰਚਾ ਬਣੇ ਅਤੇ ਜਿਸ ’ਚੋਂ ਪੰਜਾਬੀ ਸੱਭਿਆਚਾਰ ਦੀ ਖੂਸ਼ਬੂ ਮਹਿਕੇ। ਜਿਸ ਨੂੰ ਹਰ ਵਰਗ ਦੇ ਸਰੋਤੇ ਪ੍ਰਵਾਨ ਕਰਨ। ਮੈਂ ਹਮੇਸ਼ਾਂ ਹੀ ਅਜਿਹੇ ਗੀਤਾਂ ਨੂੰ ਲਿਖਣ ਤੋਂ ਕਦੇ ਵੀ ਨਹੀ ਝਿਜਕਾਂਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਗੀਤਕਾਰ ਅਤੇ ਸਟਾਰ ਮੇਕਰ ਕੰਪਨੀ ਦੇ ਨਿਰਮਾਤਾ ਸੱਤੀ ਖੋਖੇਵਾਲੀਆ ਨੇ ਆਪਣੇ ਯੂਰਪ ਦੌਰੇ ਦੌਰਾਨ ਇਟਲੀ ਵਿਖੇ ਪੱਤਰਕਾਰਾਂ ਨਾਲ ਵਿਸੇ਼ਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ, ਮੇਰੇ ਹਰ ਗੀਤ ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ। ਉਨ੍ਹਾਂ ਦੇ ਗੀਤਾਂ ਨੂੰ ਹਰ ਉੱਚ ਕੋਟੀ ਗਾਇਕਾਂ ਨੇ ਆਪਣੀ ਅਵਾਜ ’ਚ ਗਾ ਕੇ ਸਰੋਤਿਆਂ ਤੋਂ ਮਣਾਂ ਮੂੰਹੀ ਪਿਆਰ ਪ੍ਰਾਪਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ, ਉਹ ਗੀਤਾਂ ਦੇ ਅਜਿਹੇ ਬੋਲ ਨਹੀਂ ਲਿਖੇਗਾ ਜਿਸ ਨਲ ਸਮਾਜਿਕ ਕਦਰਾਂ ਕੀਮਤਾਂ ਅਤੇ ਸੱਭਿਆਚਾਰ ਨੂੰ ਢਾਹ ਲੱਗੇ। ਵੀਡੀਓ ਫਿਲਮਾਕਣਾਂ ’ਚ ਵਧ ਰਹੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ, ਸਰੋਤਿਆਂ ਨੂੰ ਇਸ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰਕ ਵਿਰਸੇ ਅਤੇ ਵਿਰਾਸਤ ਨਾਲ ਜੁੜੀ ਰਹੇ। ਉਨ੍ਹਾਂ ਅੱਗੇ ਕਿਹਾ ਕਿ, ਉਸਦੇ ਗੀਤ ਪੰਜਾਬੀ ਫਿਲਮਾਂ ’ਚ ਵੀ ਸਰੋਤਿਆਂ ਨੂੰ ਜਲਦੀ ਸੁਨਣ ਨੂੰ ਮਿਲਣਗੇ। ਇਸ ਮੌਕੇ ਪ੍ਰਮੋਟਰ ਰੋਮੀ ਟਾਹਲੀ, ਪੱਪਾ ਸਿੰਘਪੁਰੀਆ, ਹਰਪ੍ਰੀਤ ਗਾਖਲ, ਸਿ਼ਵ ਕੁਮਾਰ ਲਾਬੜਾ, ਰਿੰਕੂ ਸੈਣੀ ਆਦਿ ਵੀ ਮੌਜੂਦ ਸਨ।









