Tuesday, Feb 07th

Last update12:23:14 AM GMT

ਨੌਜਵਾਨ ਪੀੜ੍ਹੀ ਨੂੰ ਉਸਾਰੂ ਸੇਧ ਦਿੰਦੀ ਹੈ-ਚੱਕ ਜਵਾਨਾਂ

ਨਸ਼ਿਆਂ ਦੀ ਦਲਦਲ ਵਿੱਚ ਫਸੀ ਨੌਜਵਾਨ ਪੀੜ੍ਹੀ ਨੂੰ ਉਸਾਰੂ ਸੇਧ ਦਿੰਦੀ ਬਿੱਗ ਫ਼ਿਲਮਜ਼ ਦੀ ਪੇਸ਼ਕਸ਼ ਗੁਰਦਾਸ ਮਾਨ ਅਭਿਨੀਤ ਫ਼ਿਲਮ ‘ਚੱਕ ਜਵਾਨਾਂ‘ ਵੀ ਉਹਨਾਂ ਫ਼ਿਲਮਾਂ ਵਿੱਚ ਸ਼ਾਮਿਲ ਹੈ ਜਿਸਨੂੰ ਦੇਖਣ ਲਈ ਦਰਸ਼ਕਾਂ ਵਿੱਚ ਉਤਸੁਕਤਾ ਹੈ। ਪ੍ਰਤਿਭਾਸ਼ਾਲੀ ਨੌਜਵਾਨ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਤਿਆਰ ਹੋਈ ਨਿਰਮਾਤਾ ਬਲਵਿੰਦਰ ਸਿੰਘ ਜੰਜੂਆ ਅਤੇ ਰੁਪਿੰਦਰ ਸਿੰਘ ਚਾਹਲ ਦੀ ਇਸ ਫ਼ਿਲਮ ਵਿੱਚ ਗੁਰਦਾਸ ਮਾਨ ਤੋਂ ਇਲਾਵਾ ਅਦਾਕਾਰਾ ਜੋਨਿਤਾ ਡੋਡਾ, ਗੌਰਵ ਕੱਕੜ, ਰਾਣਾ ਰਣਵੀਰ, ਪਰਦੀਪ ਜੋਸ਼ੀ, ਕਰਮਜੀਤ ਅਨਮੋਲ, ਪ੍ਰਿੰਸ ਕੇ.ਜੇ. ਸਿੰਘ, ਹੈਰੀ ਸ਼ਰਨ ਅਤੇ ਗੁਰਕੀਰਤਨ ਆਦਿ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਦੇ ਡਾਇਲਾਗ ਰਾਜੇਸ਼ ਵਸ਼ਿਸ਼ਟ ਦੁਆਰਾ ਲਿਖੇ ਗਏ ਹਨ ਅਤੇ ਇਹਨਾਂ ਡਾਇਲਾਗਾਂ ਨੂੰ ਲਿਖਿਤ ਤੋਂ ਵੇਖਣਯੋਗ ਕੈਮਰਾਮੈਨ ਕ੍ਰਿਸ਼ਨਾ ਨੇ ਬਣਾਇਆ ਹੈ। ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਮਨਮੋਹਕ ਸਥਾਨਾਂ ‘ਤੇ ਫ਼ਿਲਮਾਈ ਗਈ ਇਸ ਫ਼ਿਲਮ ਦੇ ਐਡੀਟਰ ਓਮਕਾਰ ਨਾਥ ਹਨ ਅਤੇ ਫ਼ਿਲਮ ਵਿਚਲੇ ਗੀਤਾਂ ‘ਤੇ ਕਲਾਕਾਰਾਂ ਨੂੰ ਨਚਾਉਣ ਦਾ ਕੰਮ ਡਾਂਸ ਡਾਇਰੈਕਟਰ ਬਾਬਾ ਯਾਦਵ ਨੇ ਪੂਰਾ ਕੀਤਾ ਹੈ।  
ਸੰਗੀਤਕਾਰ ਜੈਦੇਵ ਕੁਮਾਰ ਦੇ ਬਿਹਤਰੀਨ ਸੰਗੀਤ ਨਾਲ ਸ਼ਿੰਗਾਰੀ ਇਸ ਫ਼ਿਲਮ ਦੇ ਖ਼ੂਬਸੂਰਤ ਗੀਤਾਂ ਦੇ ਰਚਣਹਾਰੇ ਖੁਦ ਗੁਰਦਾਸ ਮਾਨ ਅਤੇ ਇਹਨਾਂ ਗੀਤਾਂ ਨੂੰ ਆਵਾਜ਼ਾਂ ਗੁਰਦਾਸ ਮਾਨ, ਮੀਕਾ ਤੇ ਫ਼ਿਰੋਜ਼ ਖਾਨ ਨੇ ਦਿੱਤੀਆਂ ਹਨ। ਪੂਰੀ ਦੀ ਪੂਰੀ ਫ਼ਿਲਮ ਨੌਜਵਾਨ ਪੀੜ੍ਹੀ ਨੂੰ ਸਾਹਮਣੇ ਰੱਖ ਕੇ  ਬਣਾਈ ਗਈ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਸੁਧਾਰਨ ਲਈ ਜੇਕਰ ਯਤਨ ਕੀਤੇ ਜਾਣ ਤਾਂ ਉਸ ਦੇ ਸਾਰਥਕ ਸਿੱਟੇ ਨਿੱਕਲ ਸਕਦੇ ਹਨ। ਹਲਾਂਕਿ ਇਸ ਤੋਂ ਪਹਿਲਾਂ ਗੁਰਦਾਸ ਮਾਨ ਦੀਆਂ ਰਿਲੀਜ਼ ਹੋਈਆਂ ਦੋ ਫ਼ਿਲਮਾਂ ‘ਮਿੰਨੀ ਪੰਜਾਬ‘ ਅਤੇ ‘ਸੁਖਮਨੀ‘ ਬਾਕਸ ਆਫ਼ਿਸ ‘ਤੇ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਛੱਡ ਸਕੀਆਂ ਪਰ ਫਿਰ ਵੀ ਵਿਸ਼ੇ ਤੇ ਕਲਾਕਾਰੀ ਪੱਖੋਂ ਮਜ਼ਬੂਤ ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਕਾਫ਼ੀ ਉਮੀਦਾਂ ਹਨ।
ਹੱਥਲਾ ਲੇਖ ਲਿਖਣ ਤੱਕ ਇਸ ਫ਼ਿਲਮ ਦੀ ਰਿਲੀਜ਼ਿੰਗ ਮਿਤੀ 27 ਅਗਸਤ ਹੈ ਅਤੇ ਇਸੇ ਦਿਨ ਹੀ ਨਿਰਮਾਤਾ ਇਕਬਾਲ ਢਿੱਲੋਂ ਦੀ ਮਿਸ ਪੂਜਾ ਸਟਾਰਰ ਫ਼ਿਲ਼ਮ ‘ਚੰਨਾ ਸੱਚੀਂ ਮੁੱਚੀਂ‘ ਵੀ ਰਿਲੀਜ਼ ਹੋਣੀ ਹੈ ਸੋ ਹੋ ਸਕਦਾ ਹੈ ਪੰਜਾਬੀ ਫ਼ਿਲਮਾਂ ਦੀ ਬਿਹਤਰੀ ਨੂੰ ਧਿਆਨ ਵਿੱਚ ਰੱਖਕੇ ‘ਚੱਕ ਜਵਾਨਾਂ‘ ਦੀ ਰਿਲੀਜ਼ਿੰਗ ਤਰੀਕ ਅੱਗੇ ਪੈ ਜਾਵੇ। ਪਰ ਫਿਰ ਵੀ ਇੱਕ ਵਧੀਆ ਫ਼ਿਲਮ ਨੂੰ ਵੇਖਣ ਲਈ ਦਰਸ਼ਕਾਂ ਵਿੱਚ ਹੁਣ ਤੋਂ ਹੀ ਉਤਸੁਕਤਾ ਹੈ।

ਹਰਿੰਦਰ ਭੁੱਲਰ

ਫ਼ਿਰੋਜ਼ਪੁਰ

Joomla Templates and Joomla Extensions by ZooTemplate.Com

Add comment


Security code
Refresh