Tuesday, Feb 07th

Last update12:23:14 AM GMT

3 ਸਤੰਬਰ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਵੇਗੀ ‘ਛੇਵਾਂ ਦਰਿਆ‘

ਪੰਜਾਬੀ ਫ਼ਿਲਮ ਸਨਅਤ ਵਿੱਚ ਬਹੁਤ ਘੱਟ ਅਜਿਹੀਆਂ ਔਰਤਾਂ ਹਨ ਜੋ ਹੀਰੋਇਨ ਬਣਨ ਤੋਂ ਬਿਨਾਂ ਪਰਦੇ ਦੇ ਪਿੱਛੇ ਰਹਿ ਕੇ ਕਿਸੇ ਫ਼ਿਲਮ ਦਾ ਨਿਰਮਾਣ ਕਰਨਾ ਲੋਚਦੀਆਂ ਹੋਣ। ਹਰਮਨ ਪਿਆਰੇ ਗਾਇਕ ਗੁਰਦਾਸ ਮਾਨ ਦੀ ਪਤਨੀ ਸ੍ਰੀਮਤੀ ਮਨਜੀਤ ਮਾਨ (ਜੋ ਕਿ ਪਹਿਲਾਂ ਇੱਕ ਅਭਿਨੇਤਰੀ ਰਹਿ ਚੁੱਕੀ ਹੈ ਅਤੇ ਹੁਣ ਵੀ ਉਹ ਸਿਰਫ਼ ਗੁਰਦਾਸ ਮਾਨ ਦੀਆਂ ਫ਼ਿਲਮਾਂ ਦਾ ਹੀ ਨਿਰਮਾਣ ਨਿਰਦੇਸ਼ਨ ਕਰਦੀ ਹੈ) ਤੋਂ ਬਾਅਦ ਬਿਨਾਂ ਕਿਸੇ ਫ਼ਿਲਮੀ ਸਹਾਰੇ ਦੇ ਇੱਕ ਹੋਰ ਨਾਂ ਪੰਜਾਬੀ ਫ਼ਿਲਮਾਂ ਦੇ ਅੰਬਰ ‘ਤੇ ਚਮਕਣ ਜਾ ਰਿਹਾ ਹੈ ਜਿਸਨੇ ਇੱਕੋ ਵੇਲੇ ਨਿਰਮਾਣ, ਨਿਰਦੇਸ਼ਨ ਅਤੇ ਫ਼ਿਲਮ ਲੇਖਣ ਦੇ ਖੇਤਰ ਵਿੱਚ ਪੈਰ ਪਾਇਆ ਹੈ। ਇਹ ਦ੍ਰਿੜ ਇਰਾਦੇ ਵਾਲੀ ਮਜ਼ਬੂਤ ਔਰਤ ਹੈ ਇਸ਼ ਅਮਿਤੋਜ ਕੌਰ ਜਿਸਨੇ ਨੂਰ ਨਿਸ਼ਾਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਆਪਣੀ ਫ਼ਿਲਮ ‘ਛੇਵਾਂ ਦਰਿਆ‘ 3 ਸਤੰਬਰ ਨੂੰ ਵਿਸ਼ਵ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ। ਨਸ਼ਿਆਂ ਦੇ ਵਹਿਣ ਵਿੱਚ ਵਹਿ ਰਹੀ ਪੰਜਾਬ ਦੀ ਜਵਾਨੀ ਦੇ ਅਸਲ ਕਾਰਨਾਂ ਨੂੰ ਪੇਸ਼ ਕਰਦੀ ਇਸ ਫ਼ਿਲਮ ਵਿੱਚ ਹੀਰੋ ਦਾ ਕਿਰਦਾਰ ਵਡਾਲੀ ਘਰਾਣੇ ਦੇ ਸ਼ਹਿਜ਼ਾਦੇ ਲਖਵਿੰਦਰ ਵਡਾਲੀ ਅਤੇ ਮਨਪ੍ਰੀਤ ਸਿੰਘ ਨੇ ਅਦਾ ਕੀਤਾ ਹੈ। ਇਹਨਾਂ ਦੋਨਾਂ ਦੀਆਂ ਹੀਰੋਇਨਾਂ ਦੇ ਰੂਪ ਵਿੱਚ ਦਰਸ਼ਕਾਂ ਨੂੰ ਅਮਰੀਕਨ ਅਭਿਨੇਤਰੀ ਕ੍ਰਿਸਟਾ ਕੈਨਨ ਅਤੇ ਦੱਖਣ ਦੀਆਂ ਕਾਫ਼ੀ ਫ਼ਿਲਮਾਂ ਕਰ ਚੁੱਕੀ ਨਵਨੀਤ ਕੌਰ ਨਜ਼ਰੀ ਆਉਣਗੀਆਂ। ਫ਼ਿਲਮ ਦੇ ਬਾਕੀ ਕਲਾਕਾਰਾਂ ਵਿੱਚ ਨੀਨਾ ਗੁਪਤਾ, ਦੀਪ ਢਿੱਲੋਂ, ਬੀਨੂੰ ਢਿੱਲੋਂ, ਰਾਣਾ ਰਣਵੀਰ, ਗੁਲਸ਼ਨ ਗਰੋਵਰ, ਮਨਮੀਤ ਸਿੰਘ ਅਤੇ ਪੁਸ਼ਪਿੰਦਰ ਜ਼ੀਰਾ ਆਦਿ ਸ਼ਾਮਿਲ ਹਨ। ਸੰਗੀਤ ਨੂੰ ਫ਼ਿਲਮ ਦਾ ਅਹਿਮ ਅੰਗ ਮੰਨਦਿਆਂ ਇਸ਼ ਨੇ ਇਸ ਫ਼ਿਲਮ ਦਾ ਬਿਹਤਰੀਨ ਸੰਗੀਤ  ਜੈਦੇਵ ਕੁਮਾਰ ਅਤੇ ਟਾਈਗਰ ਸਟਾਈਲ ਜਿਹੇ ਸਫ਼ਲਤਮ ਸੰਗੀਤਕਾਰਾਂ ਤੋਂ ਤਿਆਰ ਕਰਵਾਇਆ ਹੈ। ਗੀਤਕਾਰ ਕੁਲਵੰਤ ਸਿੰਘ, ਕੁਮਾਰ ਅਤੇ ਅਮਨ ਸਿੰਘ ਦੇ ਲਿਖੇ ਗੀਤਾਂ ਨੂੰ ਸੁਰ ਦੇ ਧਨੀ ਵਡਾਲੀ ਭਰਾਵਾਂ, ਜਸਪਿੰਦਰ ਨਰੂਲਾ, ਮਨਪ੍ਰੀਤ ਅਖਤਰ, ਫ਼ਿਰੋਜ਼ ਖਾਨ, ਲਖਵਿੰਦਰ ਵਡਾਲੀ, ਕ੍ਰਿਸਟਾ ਕੈਨਨ ਅਤੇ ਸਿਮਰਜੀਤ ਕੁਮਾਰ, ਸਿੱਧੂ ਤਾਜਪੁਰੀ ਜਿਹੇ ਗਾਇਕਾਂ ਨੇ ਆਪਣੀਆਂ ਆਵਾਜ਼ਾਂ ਨਾਲ ਸ਼ਿੰਗਾਰਿਆ ਹੈ।  
‘ਆਪਣੀ ਬੋਲੀ ਆਪਣਾ ਦੇਸ਼‘ ਅਤੇ ‘ਸਤਿ ਸ੍ਰੀ ਅਕਾਲ‘ ਜਿਹੀਆਂ ਫ਼ਿਲਮਾਂ ਦਾ ਫ਼ਿਲਮਾਂਕਣ ਕਰ ਚੁੱਕੇ ਪੂਨਾ ਫ਼ਿਲਮ ਇੰਸਟੀਚਿਊਟ ਤੋਂ ਤਾਲੀਮ ਯਾਫ਼ਤਾ ਕੈਮਰਾਮੈਨ ਇੰਦਰਜੀਤ ਬਾਂਸਲ ਦੁਆਰਾ ਲੁਧਿਆਣਾ ਅਤੇ ਮਾਲੇਰਕੋਟਲਾ ਵਿਖੇ ਫ਼ਿਲਮਾਈ ਗਈ ਇਸ ਫ਼ਿਲਮ ਲਈ ਜਿੱਥੇ ਹਾਲੀਵੁੱਡ ਅਤੇ ਬਾਲੀਵੁੱਡ ਦੇ ਚੋਟੀ ਦੇ ਅਦਾਕਾਰਾਂ ਨੂੰ ਲਿਆ ਗਿਆ ਹੈ ਉੱਥੇ ਤਕਨੀਕੀ ਪੱਖੋਂ ਵੀ ਇਹ ਫ਼ਿਲਮ ਉੱਤਮ ਦਰਜੇ ਦੀ ਬਣਾਈ ਗਈ ਹੈ। ਵਿਸ਼ੇ ਪੱਖੋਂ ਨਿਵੇਕਲੀ ਇਸ ਫ਼ਿਲਮ ਦਾ ਨਾਮ ਵੇਖ ਕੇ ਦਰਸ਼ਕ ਸੋਚਦੇ ਹੋਣਗੇ ਕਿ ਇਹ ਨਸ਼ਿਆਂ ਵਰਗੀ ਅਲਾਮਤ ‘ਤੇ ਚੋਟ ਕਰਦੀ ਕੋਈ ਆਰਟ ਫ਼ਿਲਮ ਹੋਵੇਗੀ ਪਰ ਇਸ ਸਬੰਧੀ ਸਪੱਸ਼ਟ ਕਰਦਿਆਂ ਇਸ ਦੀ ਨਿਰਦੇਸ਼ਕਾ ਅਤੇ ਨਿਰਮਾਤਰੀ ਇਸ਼ ਨੇ ਕਿਹਾ ਕਿ ਉਸਦੀ ਇਹ ਫ਼ਿਲਮ ਇੱਕ ਕਮਰਸ਼ੀਅਲ ਫ਼ਿਲਮ ਹੈ ਕਿ ਨਾ ਕਿ ਆਰਟ ਫ਼ਿਲਮ, ਹਾਂ ਇਹ ਜ਼ਰੂਰ ਹੈ ਕਿ ਉਸਨੇ ਇਸ ਫ਼ਿਲਮ ਨੂੰ ਇੱਕ ਮਸਾਲਾ ਫ਼ਿਲਮ ਵਜੋਂ ਨਹੀਂ ਬਣਾਇਆ ਪਰ ਉਸਨੇ ਇੱਕ ਅਹਿਮ ਵਿਸ਼ੇ ਦੀ ਗੱਲ ਕਰਨ ਦੇ ਨਾਲ-ਨਾਲ ਦਰਸ਼ਕਾਂ ਦੇ ਮਨੋਰੰਜਨ ਦਾ ਧਿਆਨ ਵੀ ਰੱਖਿਆ ਹੈ। ਉਸਦੀ ਸੋਚ ਹੈ ਕਿ ਜਦ ਕੋਈ ਦਰਸ਼ਕ ਟਿਕਟ ਖਰੀਦ ਕੇ ਉਸਦੀ ਇਸ ਫ਼ਿਲਮ ਨੂੰ ਦੇਖਣ ਜਾਵੇ ਤਾਂ ਇਸ ਨਾਲ ਜਿੱਥੇ ਉਸਦਾ ਮਨੋਰੰਜਨ ਹੋਵੇ ਉੱਥੇ ਨਾਲ ਹੀ ਉਸ ਨੂੰ ਇਹ ਫ਼ਿਲਮ ਵੇਖਣ ਨਾਲ ਆਪਣੇ ਵਿਚਾਰਾਂ ਵਿੱਚ ਵੀ ਤਬਦੀਲੀ ਆਈ ਮਹਿਸੂਸ ਹੋਵੇ।
ਸ਼ਿਮਲਾ ਦੇ ਪੰਜਾਬੀ ਪਰਿਵਾਰ ਵਿਖੇ ਜਨਮੀ ਅਤੇ ਪਿਛਲੇ ਕਾਫ਼ੀ ਅਰਸੇ ਤੋਂ ਅਮਰੀਕਾ ਵਿਖੇ ਰਹਿ ਰਹੀ ਇਸ਼ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਅਥਾਹ ਮੁਹੱਬਤ ਹੈ ਇਸੇ ਲਈ ਉਸਨੇ ਕਿਸੇ ਹੋਰ ਭਾਸ਼ਾ ਦੀ ਫ਼ਿਲਮ ਬਣਾਉਣ ਨਾਲੋਂ ਪੰਜਾਬੀ ਫ਼ਿਲਮ ਬਣਾਉਣ ਨੂੰ ਤਰਜੀਹ ਦਿੱਤੀ। ਉਸ ਅਨੁਸਾਰ ਕਦੇ ਪੰਜਾਬ ਨੂੰ ਸਾਰੇ ਦੇਸ਼ ਦਾ ‘ਅੰਨਦਾਤਾ‘ ਕਿਹਾ ਜਾਂਦਾ ਸੀ ਪਰ ਅੱਜ ‘ਹਰੀ ਕ੍ਰਾਂਤੀ‘ ਦੇ ਨਾਂ ‘ਤੇ ਜ਼ਹਿਰਾਂ ਸਾਡੇ ਸਰੀਰਾਂ ਵਿੱਚ ਘੁਲ ਚੁੱਕੀਆਂ ਹਨ, ਹਰ ਮੋੜ ‘ਤੇ ਠੇਕਾ ਹੈ, ਹਰ ਦੂਜਾ ਘਰ ਨਸ਼ਿਆਂ ਨਾਲ ਜੂਝ ਰਿਹਾ ਹੈ। ਆਖਿਰ ਇਹ ਹੋਇਆ ਕਿਵੇਂ ? ਕਿਤੇ ਨਾ ਕਿਤੇ ਕੋਈ ਕੁਤਾਹੀ ਜ਼ਰੂਰ ਹੋਈ ਹੈ। ਇਸ ਕੋਝੇ ਵਰਤਾਰੇ ਲਈ ਕਿਸੇ ‘ਤੇ ਉਂਗਲ ਚੁੱਕਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਇਸ ਸਭ ਲਈ ਹਰ ਪੰਜਾਬੀ ਕਿਸੇ ਨਾ ਕਿਸੇ ਰੂਪ ਵਿੱਚ ਜ਼ਿੰਮੇਵਾਰ ਹੈ ਤੇ ਹੋ ਸਕਦਾ ਹੈ ਕਿ ਉਹਨਾਂ ਵਿੱਚ ਮੈਂ ਵੀ ਸ਼ਾਮਿਲ ਹੋਵਾਂ। ਇਹਨਾਂ ਸਾਰੇ ਹੀ ਵਿਸ਼ਿਆਂ ਦੀ ਗੱਲ ਕਰਨ ਲਈ ਉਸਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ। ਆਸ ਹੈ ਲੀਕ ਤੋਂ ਹਟ ਕੇ ਵਿਸ਼ੇ ‘ਤੇ ਬਣਾਈ ਗਈ ਇਹ ਫ਼ਿਲਮ ਜਿੱਥੇ ਦਰਸ਼ਕਾਂ ਦਾ ਮਨੋਰੰਜਨ ਕਰ ਸਕਣ ਦੇ ਸਮਰੱਥ ਹੋਵੇਗੀ ਓਥੇ ਸਮੂਹ ਪੰਜਾਬੀਆਂ ਨੂੰ ਇਹਨਾਂ ਬੁਰਾਈਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੰਦੇਸ਼ ਵੀ ਦੇਵੇਗੀ।

ਹਰਿੰਦਰ ਭੁੱਲਰ

Joomla Templates and Joomla Extensions by ZooTemplate.Com

Add comment


Security code
Refresh