Saturday, May 19th

Last update11:08:48 PM GMT

ਨਵੀਂ ਐਲਬਮ 'ਐ ਭਾਰਤ' - ਬੇਖੌਫ਼ ਅਤੇ ਊਸਾਰੂ ਸੋਚ ਦੇ ਮਾਲਕ ਰਾਜ ਕਾਕੜਾ ਦੀ ਕਲਮ ਅਤੇ ਗਾਇਕੀ ਨੂੰ ਸਲਾਮ

altਪੰਜਾਬੀ ਗਾਇਕੀ ਦੇ ਖੇਤਰ ਵਿੱਚ ਵਿਲੱਖਣ ਪਿਰਤਾਂ ਪਾਉਣ ਵਾਲੇ ਰਾਜ ਕਾਕੜਾ ਦੀ ਨਵੀਂ ਐਲਬਮ 'ਐ ਭਾਰਤ' ਨੂੰ ਸੁਣਕੇ ਉਸਦੀ ਕਲਮ ਨੂੰ ਸਲਾਮ ਕਰਨ ਨੂੰ ਵੀ ਜੀਅ ਕਰਦਾ ਹੈ, ਉਸਦੀ ਇਸ ਉਸਾਰੂ ਗਾਇਕੀ ਦੀ ਹਿੰਮਤ ਨੂੰ ਦਾਦ ਵੀ ਦੇਣੀ ਬਣਦੀ ਹੈ, ਕਿਉਂਕਿ ਜਿਸ ਤਰ੍ਹਾਂ ਰਾਜ ਕਾਕੜਾ ਨੇ ਆਪਣੀ ਲੇਖਣੀ ਰਾਹੀਂ ਸਿੱਖ ਕੌਮ, ਪੰਜਾਬੀਅਤ ਅਤੇ ਆਮ ਆਦਮੀ ਦੇ ਸੰਤਾਪ ਨੂੰ ਚਿੱਤਰਿਆ ਹੈ, ਉਹ ਕਿਸੇ ਵਿਰਲੇ ਅਤੇ ਸਮਰੱਥ ਕਲਮਕਾਰ ਦੇ ਹਿੱਸੇ ਆਉਣ ਵਾਲੀ ਹੀ ਗੱਲ ਹੈ ਅਤੇ ਰਾਜ ਕਾਕੜਾ ਦੀ ਗਾਇਕੀ ਵਿੱਚੋਂ ਜੋ ਇੱਕ ਪੁਖਤਾ ਗਾਇਕ ਦਾ ਝਲਕਾਰਾ ਪੈਂਦਾ ਹੈ, ਉਹ ਪੈਸੇ ਦੇ ਜੋਰ 'ਤੇ ਅੱਜਕਲ੍ਹ ਦੇ ਮੂੰਹ ਸਿਰ ਮੁਨਾਅ ਕੇ ਟਪੂਸੀਆਂ ਮਾਰਦੇ ਗਾਇਕਾਂ ਦੇ ਵੱਸ ਦਾ ਰੋਗ ਨਹੀਂ ਹੈ। ਕੁੜੀਆਂ ਦੇ ਲੱਕ ਮਿਣੂ ਅੱਜਕਲ੍ਹ ਦੇ ਗਾਇਕਾਂ ਲਈ ਨਸੀਅਤ ਭਰੀ 'ਸਪੀਡ ਰਿਕਾਰਡਜ਼' ਦੀ ਪੇਸਕਸ਼ ਇਸ ਐਲਬਮ ਵਿੱਚ ਕੁੱਲ 12 ਗੀਤ ਹਨ, ਜਿਸ ਨੂੰ ਸੰਗੀਤਕਾਰ ਅਨੂ ਮਨੂ ਨੇ ਆਪਣੇ ਸੰਗੀਤ ਨਾਲ ਸੰਵਾਰਿਆ ਹੈ। ਇਸ ਐਲਬਮ ਦੇ ਪਹਿਲੇ ਅਤੇ ਟਾਇਟਲ ਗੀਤ 'ਐ ਭਾਰਤ' ਵਿੱਚ ਦਿੱਲੀ ਦੇ ਤਖ਼ਤ ਨੂੰ ਮਿਹਣਾ ਮਾਰਦਾ ਹੋਇਆ ਗੀਤਕਾਰ ਕਹਿ ਰਿਹਾ ਹੈ ਕਿ, ਐ ਭਾਰਤ ਤੂੰ ਉਹ ਭਾਰਤ ਨਹੀਂ ਹੈ, ਜਿਸ ਭਾਰਤ ਲਈ ਅਸੀਂ ਹੱਸ ਹੱਸ ਫਾਂਸੀਆਂ ਦੇ ਰੱਸੇ ਚੁੰਮੇ ਸਨ, ਦੇਗਾਂ 'ਚ ਉਬਾਲੇ ਖਾਧੇ ਸਨ, ਸਿਰ 'ਤੇ ਕੱਫਣ ਬੰਨ ਕੇ ਮੁਗਲਾਂ ਨਾਲ ਲੜਾਈਆਂ ਕੀਤੀਆਂ ਸਨ। ਜਦੋਂ ਕਲਮਕਾਰ ਇਸ ਗੀਤ ਰਾਹੀਂ ਸਵਾਲ ਕਰਦਾ ਹੈ ਕਿ ਕੀ ਸਿੱਖ ਸਰਦਾਰਾਂ ਨੂੰ ਚੁਣ ਚੁਣ ਮਾਰਨ ਦੇ ਹੁਕਮ ਦੇਣੇ, ਸਮੇਂ ਦੀਆਂ ਸਰਕਾਰਾਂ ਨੂੰ ਸ਼ੋਭਾ ਦਿੰਦੇ ਹਨ? ਤਾਂ ਇਸ ਮਿਹਣੇਰੂਪੀ ਗੀਤ ਦਾ ਜਵਾਬ ਸ਼ਾਇਦ ਦਿੱਲੀ ਤਖ਼ਤ ਦਾ ਕੋਈ ਵੀ ਹੁਕਮਰਾਨ ਨਹੀਂ ਦੇ ਸਕਦਾ। ਇਸ ਗੀਤ ਰਾਹੀਂ ਉਹ ਕਮਾਦਾਂ ਦੇ ਖੇਤਾਂ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਅਤੇ ਲਾਵਾਰਸ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਨਾਲ ਨਾਲ ਜ਼ੇਲਾਂ ਵਿੱਚ ਨੌਜਵਾਨਾਂ ਦੀ ਇੱਕ ਪੂਰੀ ਪੀੜ੍ਹੀ ਰੁਲ ਜਾਣ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ ਕਿ, ਇਹ ਸਭ ਕੁਝ ਉਸੇ ਭਾਰਤ ਵਿੱਚ ਹੋਇਆ ਹੈ, ਜਿਸ ਭਾਰਤ ਲਈ ਅਸੀਂ ਸੌ ਵਿਚੋਂ ਅੱਸੀ ਸ਼ਹੀਦ ਹੋਏ ਹਾਂ। ਇਸ ਤੋਂ ਵੀ ਅੱਗੇ ਖੂਨ ਨਾਲ ਲਿਬੜੀ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਸ਼੍ਰੀ ਅਕਾਲ ਤਖ਼ਤ ਸਹਿਬ 'ਤੇ ਵਰਦੇ ਤੋਪਾਂ ਦੇ ਗੋਲਿਆਂ ਨੂੰ ਯਾਦ ਕਰਦਾ ਹੋਇਆ ਗੀਤਕਾਰ ਇਸ ਭਾਰਤ ਵਿੱਚ ਕੋਈ ਅਪੀਲ, ਦਲੀਲ ਜਾਂ ਵਕੀਲ ਦੀ ਗੱਲ ਨਾ ਸੁਣਨ ਦਾ ਵੀ ਮਿਹਣਾ ਮਾਰਦਾ ਹੈ। ਇਸ ਗੀਤ ਰਾਹੀਂ ਪੰਜਾਬ ਅਤੇ ਸਿੱਖ ਕੌਮ ਦੇ ਠੇਕੇਦਾਰਾਂ ਨੂੰ ਸੌੜੀ ਰਾਜਨੀਤੀ ਛੱਡ ਕੇ ਸੋਚਣ ਦੀ ਵੀ ਅਪੀਲ ਕਰਦਾ ਹੈ। ਅਗਲੇ ਗੀਤ 'ਲਾਰੀ' ਵਿੱਚ ਗਦਰੀ ਬਾਬਿਆਂ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਕੌਮੀ ਪਰਵਾਨਿਆਂ ਦੀ ਗੱਲ ਕਰਦਾ ਹੋਇਆ ਗੀਤਕਾਰ ਹੋਕਾ ਦੇ ਰਿਹਾ ਹੈ ਕਿ 'ਬਹਿ ਜੋ ਬੇਲਿਓ! ਲਾਰੀ ਚੱਲੀ ਐ ਸ਼ਹਿਰ ਨੂੰ।' ਇਸ ਤੋਂ ਅਗਲੇ ਗੀਤ 'ਜੀਭ ਤੋਤਲੀ' ਵਿੱਚ ਅੱਜਕਲ੍ਹ ਮਾਪਿਆਂ ਦੀ ਸੇਵਾ ਤੋਂ ਬੇਮੁੱਖ ਹੋਈ ਨਵੀਂ ਪੀੜ੍ਹੀ ਨੂੰ ਨਿਹੋਰਾ ਮਾਰਨ ਦਾ ਯਤਨ ਕਰਦਿਆਂ ਕਿਹਾ ਗਿਆ ਹੈ ਕਿ, ਬਾਪੂ ਦੇ ਬੂਟਾਂ ਲਈ ਕਿਉਂ ਜੇਬ ਖਾਲੀ ਹੋ ਜਾਂਦੀ ਹੈ ਅਤੇ ਬੇਬੇ ਦੀਆਂ ਐਨਕਾਂ ਲਈ ਦਫ਼ਤਰੋਂ ਛੁੱਟੀ ਕਿਉਂ ਨਹੀਂ ਲਈ ਜਾ ਸਕਦੀ। ਤੋਤਲੀ ਜਬਾਨ ਨਾਲ ਬਹਿਸ ਕਰਕੇ ਕੋਈ ਮਾਂ ਨਾਲੋਂ ਕਦੇ ਵੀ ਵੱਡਾ ਨਹੀਂ ਹੋ ਸਕਦਾ। ਚੌਥੇ ਗਾਣੇ 'ਲਾਲੀਪੋਪ' ਵਿਚ ਅਖੌਤੀ ਲੋਕਤੰਤਰ ਦੀਆਂ ਧੱਜੀਆਂ ਉਡਾਉਂਦਿਆਂ ਕਿਹਾ ਹੈ ਕਿ 'ਇਹ ਲੋਲੀਪੋਪ ਆਜ਼ਾਦੀ ਦਾ, ਏਹਨੂੰ ਚੂਪੀ ਜਾਹ, ਨਾਲੇ ਚੱਬੀ ਜਾਹ, ਇਹ ਗਣਤੰਤਰ ਦੀ ਹੱਡੀ ਐ, ਇਹਦੇ ਤੋਂ ਮਾਸ ਨਾ ਲੱਭੀ ਜਾਹ।' ਇਸ ਗੀਤ ਵਿੱਚ ਮੁੱਲ ਵਿਕਦੀਆਂ ਵੋਟਾਂ, ਸੰਵਿਧਾਨ ਦਾ ਸਹੀ ਅਰਥਾਂ 'ਚ ਲਾਗੂ ਨਾ ਹੋਣਾ, ਵੰਡ ਦੇ ਨੁਕਸਾਨ, ਟੂ-ਜੀ ਘਪਲੇ, ਤਿਰੰਗੇ ਦੇ ਨਾਮ 'ਤੇ ਮੱਚਦੀ ਲੁੱਟ ਅਤੇ ਲੋਕਾਂ ਸਿਰ ਪੈਂਦੀ ਕੁੱਟ ਦਾ ਜਿਕਰ ਕਰਦਿਆਂ ਵੀ ਗੀਤਕਾਰ ਨਿਰਾਸ਼ਾਵਾਦੀ ਨਹੀਂ ਹੁੰਦਾ, ਸਗੋਂ ਦਸ਼ਮੇਸ਼ ਪਿਤਾ ਦੇ ਫੁਰਮਾਨ ਮੁਤਾਬਿਕ ਲੋੜ ਪਈ ਤੋਂ ਖੰਡਾ ਹੱਥ ਵਿੱਚ ਫੜ ਲੈਣ ਦੇ ਸੰਘਰਸ਼ੀ ਰਾਹ ਨੂੰ ਚੁਣਨ ਦਾ ਹੋਕਾ ਦੇ ਰਿਹਾ ਹੈ। ਅਗਲੇ ਗੀਤ 'ਮੇਰਾ ਪਿੰਡ' ਵਿੱਚ ਪੰਜਾਬ ਦੀਆਂ ਐਕਵਾਇਰ ਹੋ ਰਹੀਆਂ ਜ਼ਮੀਨਾਂ ਦੀ ਗੱਲ ਕਰਦਿਆਂ ਬੜਾ ਖੂਬਸੂਰਤ ਚਿਤਰਣ ਕਰਦਾ ਗੀਤਕਾਰ ਕਈ ਟਾਟਿਆਂ ਅਤੇ ਅੰਬਾਨੀਆਂ ਦੇ ਪਿੰਡ ਦੇ ਚੁੱਲਿਆਂ ਤੱਕ ਅਪੜਨ ਦਾ ਜ਼ਿਕਰ ਕਰਦਾ ਹੈ। ਪੰਜਾਬ ਦੇ ਖੇਤਾਂ ਵਿੱਚ 'ਮਾਲ' ਬਣਨ ਤੋਂ ਲੈ ਕੇ ਪਿੰਡਾਂ ਦੇ ਛੱਪੜਾਂ ਦੇ ਸਵੀਮਿੰਗ ਪੂਲਾਂ 'ਚ ਬਦਲਣ ਤੋਂ ਇਲਾਵਾ ਹੋਟਲਾਂ, ਪੱਬਾਂ ਅਤੇ ਅੰਗਰੇਜ਼ੀ ਸਕੂਲਾਂ ਲਈ ਵਰਤੀ ਜਾ ਰਹੀ ਪੰਜਾਬ ਦੀ ਉਪਜਾਊ ਧਰਤੀ ਦੀ ਜਿਕਰ ਕਰਦਿਆਂ ਉਹ ਇਥੋਂ ਤੱਕ ਕਹਿ ਉਠਦਾ ਹੈ ਕਿ ਹੁਣ ਤਾਂ ਐਡਵਾਇਰ ਰੂਪੀ ਵਿਉਪਾਰੀ ਪੂਰੇ ਦੇ ਪੂਰੇ ਪਿੰਡ ਹੀ ਖ੍ਰੀਦਣ ਤੁਰ ਪਏ ਹਨ, ਰੱਬ ਖੈਰ ਕਰੇ। 'ਪਤੰਗਾਂ' ਗੀਤ ਰਾਹੀਂ ਗੀਤਕਾਰ ਕਹਿ ਰਿਹਾ ਹੈ ਕਿ ਹੁਣ ਸੜਕਾਂ 'ਤੇ ਬੇਰੁਜਗਾਰ ਧੱਕੇ ਖਾਂਦੇ ਫਿਰਦੇ ਹਨ, ਲੋਕਾਂ ਨੂੰ ਮੰਗਾਂ ਮੰਨਵਾਉਣ ਲਈ ਟੈਂਕੀਆਂ 'ਤੇ ਚੜ ਕੇ ਅੱਗਾਂ ਤੱਕ ਲਾਉਣੀਆਂ ਪੈ ਰਹੀਆਂ ਹਨ ਅਤੇ ਮਾਂ ਬੋਲੀ ਬੋਲਣ ਲਈ ਮਨਜੂਰੀਆਂ ਲੈਣੀਆਂ ਪੈਂਦੀਆਂ ਹਨ। ਇਸ ਲਈ ਉਹ ਦੁਨੀਆ ਤੋਂ ਬਚਕੇ ਚੱਲਣ ਦੀ ਸਲਾਹ ਦਿੰਦਾ ਹੋਇਆ ਸੰਘਰਸ਼ ਕਰਨ ਲਈ ਹੋਕਾ ਦਿੰਦਾ ਨਿਹੋਰਾ ਵੀ ਮਾਰਦਾ ਹੈ ਕਿ ਜਦੋਂ ਹਥਿਆਰ ਚੁੱਕਣ ਦੀ ਲੋੜ ਆ ਬਣੇ ਤਾਂ ਵੰਗਾਂ ਪਾਕੇ ਬੈਠਣ ਵਾਲੇ ਨੂੰ 'ਸਰਦਾਰ' ਕਹਾਉਣ ਦਾ ਕੋਈ ਹੱਕ ਨਹੀਂ ਹੈ। ਇਸ ਤੋਂ ਅਗਲੇ ਗੀਤ 'ਜ਼ੁਰਮ ਦਾ ਇਕਬਾਲ ਕਰਦੇ ਹਾਂ' ਵਿੱਚ ਸੜਕ 'ਤੇ ਰੋੜੀ ਕੁੱਟਦਾ ਮਜਦੂਰ ਅਤੇ ਰੋਟੀ ਲਈ ਵਿਲਕਦਾ ਬਚਪਨ, ਰੁਜਗਾਰ ਮੰਗਦੇ ਲੋਕਾਂ 'ਤੇ ਖੜਕਦੇ ਡੰਡੇ ਅਤੇ ਰੋਂਦੇ ਕਿਰਸਾਨ ਦੀ ਗੱਲ ਕਰਦਾ ਉਹ ਚੌਰਾਸੀ 'ਚ ਹੋਏ ਕਤਲੇਆਮ ਦੇ ਸਬੂਤ ਮੁੱਦਤਾਂ ਤੱਕ ਨਾ ਮਿਲਣ ਅਤੇ ਅਜੇ ਤੱਕ ਸਿਰਫ ਪੜਤਾਲਾਂ ਚੱਲੀ ਜਾਣ ਦੇ ਸੰਦਰਭ ਵਿੱਚ ਆਪਣੇ ਲੋਕਾਂ ਲਈ ਕਿਸੇ ਦਾ ਮੁਰਜਮ ਬਣ ਜਾਣਾ ਹੀ ਉਚਿਤ ਦੱਸਦਾ ਹੈ, ਕਿਉਂਕਿ ਸ਼ਹੀਦਾਂ ਦੇ ਕੱਫਣਾਂ 'ਚੋਂ ਕਮਿਸ਼ਨ ਖਾਣ ਵਾਲਿਆਂ ਨਾਲੋਂ ਉਹ ਮੁਜਰਿਮ ਵੀ ਹਜਾਰਾਂ ਗੁਣੇ ਚੰਗੇ ਹਨ। ਅਲਗੋਜਿਆਂ ਦੀ ਬਾਮਿਸਾਲ ਵਰਤੋਂ ਕਰਕੇ ਗਾਏ ਗਏ ਗੀਤ 'ਦੁੱਧ ਮਲਾਈਆਂ' ਗੀਤ ਰਾਹੀਂ ਕੱਬਡੀ ਅਤੇ ਪਹਿਲਵਾਨੀ ਵਰਗੀਆਂ ਖੇਡਾਂ ਰਾਹੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਵਰਜਦਿਆਂ ਜੱਗਾ, ਦੁੱਲਾ, ਗਾਮਾ, ਦਾਰਾ ਅਤੇ ਰੁਸਤਮੇਂ ਹਿੰਦ ਕਰਤਾਰ ਸਿੰਘ ਵਰਗੇ ਨਾਇਕਾਂ ਦੀ ਰੀਸ ਕਰਨ ਦਾ ਹੋਕਾ ਦਿੱਤਾ ਹੈ। 'ਆਲਣੇ' ਗੀਤ ਵਿੱਚ ਵਿਦੇਸ਼ੀਂ ਬੈਠੇ ਪੰਜਾਬ ਦੇ ਜਾਇਆਂ ਦੀ ਬਣੀ ਕਾਲੀ ਸੂਚੀ ਦੇ ਸੰਤਾਪ ਨੂੰ ਬਾਖੂਬੀ ਚਿੱਤਵਦਿਆਂ 'ਮੇਰੀ ਕੌਮ 'ਤੇ ਭੀੜਾਂ ਬਾਹਲੀਆਂ ਨੇ, ਬਣ ਗਈਆਂ ਸੂਚੀਆਂ ਕਾਲੀਆਂ ਨੇ' ਇੱਕ ਵੇਦਨਾ ਭਰੀ ਰਚਨਾ ਹੈ, ਜਿਸ ਵਿੱਚ ਮੈਡਲਾਂ ਅਤੇ ਫੀਤੀਆਂ ਲਈ ਆਪਣਿਆਂ ਹੱਥੋਂ ਆਪਣੇ ਹੀ ਕਤਲ ਕੀਤੇ ਜਾਣ ਅਤੇ ਮਾਂ ਬਾਪ, ਭੈਣ ਭਰਾਵਾਂ ਦੇ ਵਿਛੋੜੇ ਦਾ ਜਿਕਰ ਹੈ। ਇਸ ਤੋਂ ਅਗਲੇ ਗੀਤ 'ਤਲਵਾਰ' ਰਾਹੀਂ ਨਵੰਬਰ ਚੌਰਾਸੀ ਦੇ ਦੁਖਾਂਤ ਨੂੰ ਬਾਖੂਬੀ ਰੂਪਮਾਨ ਕੀਤਾ ਗਿਆ ਹੈ, ਜਿਸ ਵਿੱਚ ਨਸ਼ਲਕੁਸੀ ਦੀ ਸਾਜਿਸ਼, ਕਾਤਲਾਂ ਨੂੰ ਵਜੀਰੀਆਂ ਨਾਲ ਨਿਵਾਜਣ, ਲਾਸ਼ਾਂ 'ਤੇ ਕੀਤੀ ਜਾ ਰਹੀ ਰਾਜਨੀਤੀ ਅਤੇ ਸਿੱਖ ਕੌਮ ਦੇ ਠੇਕੇਦਾਰਾਂ ਵੱਲੋਂ ਸਨਮਾਨ ਵੇਚੇ ਜਾਣ ਤੱਕ ਦਾ ਨਕਸ਼ਾ ਖਿਚਿਆ ਗਿਆ ਹੈ। ਇਸ ਗੀਤ ਰਾਹੀਂ ਸਿੱਖ ਕੌਮ ਦੇ ਯਤੀਮ ਹੋ ਜਾਣ ਦਾ ਜ਼ਿਕਰ ਕਰਦਿਆਂ 'ਸ਼ੇਰ ਏ ਪੰਜਾਬ' ਨੂੰ ਦੁਬਾਰਾ ਪੈਦਾ ਹੋਣ ਦਾ ਵਾਸਤਾ ਪਾਇਆ ਗਿਆ ਹੈ। ਅਗਲੇ ਗੀਤ 'ਬਾਪੂ' ਵਿੱਚ ਮਿਲਾਵਟੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਕਾਰਨ ਕਿਰਸਾਨੀ ਸਿਰ ਚੜੇ ਭਾਰੇ ਕਰਜੇ ਦੀ ਮਾਰ ਹੇਠ ਆ ਕੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਜਿਕਰ ਕਰਦਿਆਂ ਇਹ ਸਵਾਲ ਉਠਾਇਆ ਗਿਆ ਹੈ ਕਿ ਆਸ ਅਤੇ ਸਲਫਾਸ਼ ਵਿੱਚਲਾ ਅੰਤਰ ਅਤੇ ਸ਼ਰਾਬ ਅਤੇ ਸਪਰੇਆਂ ਪੀਣ ਦਾ ਰੁਝਾਨ ਆਖਿਰ ਕਿਥੇ ਜਾ ਕੇ ਰੁਕੇਗਾ? ਅਖੀਰਲੇ ਗੀਤ 'ਰੂਹ' ਰਾਹੀਂ ਹਰ ਚੀਜ਼ ਵਿਚ ਹੋ ਰਹੀ ਮਿਲਾਵਟ ਅਤੇ ਵਧ ਰਹੀਆਂ ਕਾਲੋਨੀਆਂ ਨਾਲ ਬੰਜਰ ਅਤੇ ਪ੍ਰਦੂਸ਼ਿਤ ਹੋ ਰਹੇ ਪੰਜਾਬ ਦੇ ਵਾਤਾਵਰਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਰਾਜ ਕਾਕੜੇ ਦੀ ਇਹ ਐਲਬਮ ਜਿਥੇ ਕੋਰੀਓਗਰਾਫੀਆਂ ਰਾਹੀਂ ਰੰਗਮੰਚ ਦਾ ਸ਼ਿੰਗਾਰ ਬਣਨ ਦੀ ਕਾਬਲੀਅਤ ਰੱਖਦੀ ਹੈ, ਉਥੇ ਨਵੀਂ ਪੀੜੀ ਦੇ ਸਹੁਜ ਸੁਆਦ ਮੁਤਾਬਿਕ ਮਿਊਜ਼ਕ, ਬੀਟ ਅਤੇ ਤਿਆਰ ਕੀਤੀਆਂ ਤਰਜ਼ਾਂ ਕਰਕੇ ਇਸ ਐਲਬਮ ਦੇ ਕਈ ਗਾਣੇ ਮੋਬਾਇਲ ਫੋਨਾਂ ਦੀਆਂ ਰਿੰਗ ਟੋਨਾਂ ਵੀ ਜਰੂਰ ਬਣਨਗੇ। ਰਾਜ ਕਾਕੜੇ ਨੇ ਇਸ ਐਲਬਮ ਰਾਹੀਂ ਬਾਬੇ ਨਾਨਕ ਦੇ 'ਰਾਜੇ ਸੀਂਹ ਮੁੱਕਦਮ ਕੁੱਤੇ' ਵਾਲੇ ਫਲਸਫੇ 'ਤੇ ਚੱਲਦਿਆਂ ਉਹ ਜੁਅੱਰਤ ਕੀਤੀ ਹੈ, ਜੋ ਅੱਜਕਲ੍ਹ ਦੇ ਸਿੱਖ ਆਗੂਆਂ ਅਤੇ ਸਿੱਖ ਸੰਤਾਂ ਅਤੇ ਪ੍ਰਚਾਰਕਾਂ ਵਿੱਚ ਨਹੀਂ ਦਿਸ ਰਹੀ। ਇਸ ਲਈ ਜਾਗਰੂਕ ਪੰਜਾਬੀਆਂ ਨੂੰ ਰਾਜ ਕਾਕੜੇ ਦੀ ਇਸ ਜੁਅੱਰਤ ਭਰੀ ਐਲਬਮ ਲਈ ਹੌਸਲਾ ਅਫ਼ਜਾਈ ਕਰਨੀ ਚਾਹੀਦੀ ਹੈ।

alt

 

 

 

 

 

 

Joomla Templates and Joomla Extensions by ZooTemplate.Com

Add comment


Security code
Refresh