Tuesday, Feb 07th

Last update12:23:14 AM GMT

ਬੱਚਿਆਂ ਨੂੰ ਮਾਂ ਬੋਲੀ ਨਾਲ ਵੀ ਜੋੜੋ!

ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਇਨ੍ਹਾਂ ਨੂੰ ਸੁਰੱਖਿਅਤ ਕਰਨ ਵਿਚ ਜਿੰਨੇ ਮਾਂ ਬਾਪ ਜਿੰਮੇਵਾਰ ਹੁੰਦੇ ਹਨ, ਉਨਾਂ ਹੀ ਯੋਗਦਾਨ ਆਲੇ ਦੁਆਲੇ ਦੇ ਮਾਹੌਲ ਦਾ ਹੁੰਦਾ ਹੈ। ਬੱਚੇ ਕਿਹੋ ਜਿਹੇ ਮਾਹੌਲ ਵਿਚ ਪਲ ਰਹੇ ਹਨ, ਜਾਂ ਉਨ੍ਹਾਂ ਨੂੰ ਕਿਹੋ ਜਿਹਾ ਮਾਹੌਲ ਮਿਲ ਰਿਹਾ ਹੈ, ਖੇਡਣ ਦਾ ਮਾਧਿਅਮ, ਮਾਤਾ ਪਿਤਾ ਦੀ ਭਾਸ਼ਾ, ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਬੱਚਿਆਂ ਦਾ ਆਚਰਣ ਤੁਹਾਡੇ ਬੱਚਿਆਂ ਦੇ ਭਵਿੱਖ ‘ਤੇ ਡੂੰਘਾ ਅਸਰ ਪਾਉਂਦਾ ਹੈ। ਜੇ ਭਾਰਤ ਦੀ ਗੱਲ ਕਰੀਏ ਤਾਂ ਹੈਰਾਨੀ ਹੋਵੇਗੀ ਕਿ 12 ਤੋਂ 16 ਸਾਲ ਦੀ ਉਮਰ ਦੇ ਬੱਚੇ ਸਕੂਲੀ ਹਾਲਾਤਾਂ ਤੋਂ ਤੰਗ ਆ ਆਤਮ ਹੱਤਿਆ ਕਰ ਲੈਂਦੇ ਹਨ। ਉਨ੍ਹਾਂ ਦੀ ਇਸ ਕਾਰਵਾਈ ਪਿੱਛੇ ਸਕੂਲੀ ਢਾਂਚਾ ਦੋਸ਼ੀ ਹੈ ਜਾਂ ਘਰੇਲੂ ਹਾਲਾਤ ਇਹ ਸਪਸ਼ਟ ਕਰਨਾ ਔਖਾ ਹੈ। ਵਿਚਾਰ ਕਰਨ ਵਾਲੀ ਗੱਲ ਹੈ ਕਿ ਦੋਵਾਂ ਧਿਰਾਂ ਹੀ ਬੱਚਿਆਂ ‘ਤੇ ਸਿੱਖਿਆ ਪ੍ਰਾਪਤ ਕਰਨ ਦਾ ਇੰਨਾਂ ਬੋਝ ਪਾਉਂਦੀਆਂ ਹਨ ਕਿ ਨਾ ਚਾਹੁੰਦਿਆਂ ਹੋਇਆਂ ਵੀ ਬੱਚੇ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ। ਕੋਮਲ ਫੁੱਲਾਂ ਨੂੰ ਗਿਆਨ ਦਾ ਸਮੁੰਦਰ ਬਨਾਉਣ ਦੀ ਬਜਾਇ ਨੋਟ ਬੈਂਕ ਬਨਾਉਣ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਗੱਲ ਬੱਚਿਆਂ ਦੇ ਪਾਲਣ ਪੋਸਣ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਮਾਹੌਲ ਦੀ ਕਰ ਰਹੇ ਸੀ। ਆਮ ਤੌਰ ‘ਤੇ ਬੱਚੇ ਉਸੇ ਤਰਾਂ ਦੇ ਵਿਚਾਰ ਲੈ ਕੇ ਵੱਡੇ ਹੁੰਦੇ ਹਨ, ਜਿਸ ਤਰਾਂ ਦੀ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਕਰਵਾਈ ਜਾਵੇ। ਵਿਦੇਸ਼ਾਂ ਵਿਚ ਵੱਸਦੇ ਮਾਤਾ ਪਿਤਾ ਲਈ ਸਥਿਤੀ ਭਾਰਤ ਵੱਸਣ ਵਾਲੇ ਮਾਪਿਆਂ ਨਾਲੋਂ ਵਧੇਰੀ ਔਖੀ ਹੈ। ਵਿਦੇਸ਼ਾਂ ਵਿਚ ਬੱਚੇ ਜੇ ਪੜ੍ਹਾਈ ਪੱਖੋਂ ਸੁਖਾਲਾ ਜਾਂ ਅਜਾਦ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਦਾ ਵਿਹਾਰ ਪ੍ਰਵਾਸੀ ਮਾਪਿਆਂ ਲਈ ਅਸਹਿ ਅਤੇ ਨਾਕਬਲੇ ਬਰਦਾਸ਼ਤ ਹੋ ਜਾਂਦਾ ਹੈ। ਵਿਦੇਸ਼ਾਂ ਵਿਚ ਮਾਪੇ ਬੱਚਿਆਂ ਦੀਆਂ ਹਰਕਤਾਂ ਤੋਂ ਨਿਰਾਸ਼ ਹੋ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦੇ ਹਨ। ਵਿਚਾਰਨਯੋਗ ਹੈ ਕਿ ਵਿਦੇਸ਼ਾਂ ਵਿਚ ਬੱਚਿਆਂ ਨੂੰ ਕਿਵੇਂ ਸੰਭਾਲਿਆ ਜਾਵੇ? ਧਿਆਨਦੇਣਯੋਗ ਹੈ ਕਿ ਵਿਦੇਸ਼ਾਂ ਵਿਚ ਬੱਚੇ ਆਪਣੇ ਧਰਮ, ਸੰਸਕ੍ਰਿਤੀ ਤੋਂ ਦੂਰ ਹੋ ਜਾਂਦੇ ਹਨ, ਜਿਸ ਲਈ ਵਧੇਰੇ ਜਿੰਮੇਵਾਰ ਮਾਪੇ ਹਨ, ਕਿਉਂਕਿ ਕਿਸੇ ਦੇਸ਼ ਦੇ ਧਰਮ ਸੱਭਿਆਚਾਰ ਅਤੇ ਸੰਸਕ੍ਰਿਤੀ ਨਾਲ ਜੁੜਨ ਲਈ ਉਸ ਦੇਸ਼ ਜਾਂ ਪ੍ਰਾਂਤ ਦੀ ਮੂਲ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ, ਜੋ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਬੱਚਿਆਂ ਵਿਚ ਨਹੀਂ ਹੁੰਦਾ। ਜੇ ਸਾਰਾ ਸਾਲ ਨਹੀਂ ਤਾਂ ਮਾਪੇ ਗੁਰਮੁੱਖੀ ਭਾਸ਼ਾ ਦਾ ਗਿਆਨ ਬੱਚਿਆਂ ਨੂੰ ਛੁੱਟੀਆਂ ਵਿਚ ਦੇ ਸਕਦੇ ਹਨ। ਬੱਚੇ ਦੀ ਰੁੱਚੀ ਪੰਜਾਬੀ ਸਾਹਿਤ, ਧਾਰਮਿਕ ਕਤਾਬਾਂ, ਬਾਲ ਕਹਾਣੀਆਂ ਵਿਚ ਕੀਤੀ ਜਾਵੇ ਤਾਂ ਪ੍ਰਵਾਸੀ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੁੜਨ ਵਿਚ ਵੱਡੀ ਸਫ਼ਲਤਾ ਪ੍ਰਾਪਤ ਹੋ ਸਕੇਗੀ। ਵਰਣਨਯੋਗ ਹੈ ਕਿ ਵਿਦੇਸ਼ਾਂ ਵਿਚ ਬੱਚਿਆਂ ‘ਤੇ ਸਕੂਲੀ ਬੋਝ ਨਾਮਾਤਰ ਵੀ ਨਹੀਂ ਹੁੰਦਾ। ਇਸ ਲਈ ਬੱਚੇ ਦੇਸੀ ਭਾਸ਼ਾ ਦੁਆਰਾ ਆਪਣੀ ਸੰਸਕ੍ਰਿਤੀ ਨੂੰ ਪੜ੍ਹਨ ਅਤੇ ਸਮਝਣ ਲਈ ਵਧੇਰਾ ਸਮਾਂ ਕੱਢ ਸਕਦੇ ਹਨ। ਜੇ ਅਜਿਹਾ ਹੋ ਜਾਵੇ ਤਾਂ ਭਾਰਤੀ ਬੱਚੇ ਵਿਸ਼ਵ ਵਿਚ ਹੁਸ਼ਿਆਰ ਬੱਚਿਆਂ ਵਜੋਂ ਜਾਣੇ ਜਾਣਗੇ। ਜੇ ਸਿੱਖਿਆ ਜਿਉਣ ਦਾ ਰਾਹ ਦੱਸਦੀ ਹੈ ਤਾਂ ਭਾਰਤੀ ਸੰਸਕ੍ਰਿਤੀ ਜਿਉਣ ਦਾ ਢੰਗ ਸਿਖਾਉਂਦੀ ਹੈ। ਜੇ ਤੁਹਾਨੂੰ ਇਹ ਸੁਝਾਅ ਪਸੰਦ ਆਇਆ ਹੋਵੇ ਤਾਂ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜਾਣੂ ਕਰਵਾਉਣ ਦੀ ਸ਼ੁਰੂਆਤ ਇਨਾਂ ਛੁੱਟੀਆਂ ਤੋਂ ਹੀ ਕਰੋ।

Joomla Templates and Joomla Extensions by ZooTemplate.Com

Add comment


Security code
Refresh