ਰੋਮ (ਇਟਲੀ) 18 ਫਰਵਰੀ (ਹਰਦੀਪ ਸਿੰਘ ਕੰਗ) - ਰਾਏ ਪ੍ਰੋਡਕਸ਼ਨਜ਼ ਤੇ ਹਰਜੀਤ ਰਾਏ ਵੱਲੋਂ ਯੂਰਪ ਵਿੱਚ ਕਰਵਾਇਆ ਜਾ ਰਿਹਾ ਪਹਿਲਾ ਫੈਸ਼ਨ ਅਤੇ ਟੈਲੈਂਟ ਸ਼ੋਅ ਯੂਰਪ ਵਿੱਚ ਵੱਸਦੇ ਨੌਜਵਾਨਾਂ ਲਈ ਆਪਣੀ ਪ੍ਰਤਿਭਾ ਦਿਖਾਉਣ ਦਾ ਸੁਨਹਿਰੀ ਮੌਕਾ ਹੋਵੇਗਾ। ਇਹ ਵਿਚਾਰ ਇਟਲੀ ਦੇ ਪ੍ਰਸਿੱਧ ਬਿਜਨੈਸਮੈਨ ਤੇ ਟੀ ਵੀ ਪ੍ਰੈਜੈਂਟਰ ਸਰਬਜੀਤ ਸਿੰਘ ਢੱਕ ਨੇ ਪ੍ਰੈਸ ਨਾਲ ਸਾਂਝੇ ਕੀਤੇ। ਉਹਨਾਂ ਅੱਗੇ ਕਿਹਾ ਕਿ, ਰਾਏ ਹਰਜੀਤ ਵੱਲੋਂ ਟੈਲੈਂਟ ਨਿਖਾਰਨ ਦਾ ਜੋ ਬੀੜਾ ਚੁੱਕਿਆ ਗਿਆ ਹੈ ਉਸ ਨਾਲ ਖਾਸ ਕਰ ਯੂਰਪ ਵਿੱਚ ਪੈਦਾ ਹੋਏ ਸਾਡੇ ਨੌਜਵਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਉਹਨਾਂ ਨੂੰ ਆਪਣੀ ਮਾਂ ਬੋਲੀ ਅਤੇ ਆਪਣੇ ਦੇਸ਼ ਨਾਲ ਜੁੜਨ ਦਾ ਮੌਕਾ ਮਿਲੇਗਾ। ਇਟਲੀ ਵਿੱਚ ਪਹਿਲੀ ਵਾਰ ਕਿਸੇ ਸ਼ੋਅ ਨੂੰ ਨੌਜਵਾਨਾਂ ਵੱਲੋਂ ਇੰਨਾ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ, ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਸਾਡੇ ਨੌਜਵਾਨ ਬਾਹਰੇ ਮੁਲਕਾਂ ਵਿੱਚ ਰਹਿ ਕੇ ਵੀ ਆਪਣੀ ਮਿੱਟੀ ਅਪਣੀ ਬੋਲੀ ਤੇ ਅਪਣੇ ਦੇਸ਼ ਨਾਲ ਜੁੜਿਆ ਰਹਿਣਾ ਚਾਹੁੰਦੇ ਹਨ।
ਰਸਾਲਾ
ਮਿਸਟਰ ਇੰਡੀਆ ਮੁਕਾਬਲਾ ਨੌਜਵਾਨਾਂ ਲਈ ਪ੍ਰਤਿਭਾ ਦਿਖਾਉਣ ਦਾ ਸੁਨਹਿਰੀ ਮੌਕਾ - ਢੱਕ
- Saturday, 18 February 2012 00:37
ਪੰਜਾਬੀ ਫਿਲਮ "ਇਕ ਕੁੜੀ ਇਕ ਸੁਪਨਾ" ਵਿਸਾਖੀ ਮੌਕੇ ਰਿਲੀਜ਼ ਹੋਵੇਗੀ
- Thursday, 16 February 2012 22:54
ਰੋਮ (ਇਟਲੀ) 16 ਫਰਵਰੀ (ਹਰਦੀਪ ਸਿੰਘ ਕੰਗ) - ਇਟਲੀ ਰਹਿੰਦੇ ਨਿਰਦੇਸ਼ਕ ਬੌਬੀ ਬੱਧਨ ਅਤੇ ਜੱਸ ਹੀਰ ਦੀ ਨਿਰਦੇਸ਼ਨਾਂ ਹੇਠ ਤਿਆਰ ਕੀਤੀ ਗਈ ਤਾਜ ਫਿਲਮ ਪ੍ਰੋਡੱਕਸ਼ਨ ਕੈਨੇਡਾ ਦੀ ਪੇਸ਼ਕਸ਼ ਪੰਜਾਬੀ ਫਿਲਮ ਇਕ ਕੁੜੀ ਇਕ ਸੁਪਨਾ 13 ਅਪ੍ਰੈਲ ਨੂੰ ਵਿਸਾਖੀ ਦੇ ਸ਼ੁੱਭ ਅਵਸਰ 'ਤੇ ਦੇਸ਼-ਵਿਦੇਸ਼ ਅੰਦਰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਬੌਬੀ ਬੱਧਨ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਮਸ਼ਹੂਰ ਕਹਾਣੀਕਾਰ ਅਜਮੇਰ ਰੋਡੇ ਦੁਆਰਾ ਲਿਖੀ ਗਈ ਹੈ। ਪੰਜਾਬੀ ਕੁੜੀਆਂ ਦੀ ਵਿਦੇਸ਼ ਆਉਣ ਦੀ ਚਾਹਤ ਅਤੇ ਵਿਦੇਸ਼ ਦੀ ਧਰਤੀ 'ਤੇ ਪਹੁੰਚ ਕੇ ਉਨ੍ਹਾਂ ਦੇ ਟੁੱਟ ਰਹੇ ਸੁਪਨਿਆਂ 'ਤੇ ਅਧਾਰਿਤ ਵਿਸ਼ੇ 'ਤੇ ਬਣੀ ਇਸ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਸੁੱਖੀ ਰੋਡੇ, ਦਰਸ਼ਪ੍ਰੀਤ, ਜੱਸ ਹੀਰ, ਅਮਰਜੀਤ ਜੋਸ਼, ਬਿੰਦਰ ਰੋਡੇ, ਰੋਬਿਨ ਜਾਵੰਦਾ, ਪ੍ਰਿਤਪਾਲ, ਅੰਮ੍ਰਿਤ ਮਾਨ, ਗੁਰਨਾਮ ਥਾਦੀ, ਪਰੀਨਾ ਮਹਿਤਾ, ਨੂਰੀ ਥਾਦੀ, ਐਚ ਐਸ ਜੋਸ਼ ਨੇ ਨਿਭਾਈਆਂ ਹਨ। ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਇਲਾਵਾ ਕੈਨੇਡਾ ਵਿੱਚ ਕੀਤੀ ਗਈ ਹੈ।
ਨਵੀਂ ਐਲਬਮ 'ਐ ਭਾਰਤ' - ਬੇਖੌਫ਼ ਅਤੇ ਊਸਾਰੂ ਸੋਚ ਦੇ ਮਾਲਕ ਰਾਜ ਕਾਕੜਾ ਦੀ ਕਲਮ ਅਤੇ ਗਾਇਕੀ ਨੂੰ ਸਲਾਮ
- Tuesday, 14 February 2012 21:52
ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵਿਲੱਖਣ ਪਿਰਤਾਂ ਪਾਉਣ ਵਾਲੇ ਰਾਜ ਕਾਕੜਾ ਦੀ ਨਵੀਂ ਐਲਬਮ 'ਐ ਭਾਰਤ' ਨੂੰ ਸੁਣਕੇ ਉਸਦੀ ਕਲਮ ਨੂੰ ਸਲਾਮ ਕਰਨ ਨੂੰ ਵੀ ਜੀਅ ਕਰਦਾ ਹੈ, ਉਸਦੀ ਇਸ ਉਸਾਰੂ ਗਾਇਕੀ ਦੀ ਹਿੰਮਤ ਨੂੰ ਦਾਦ ਵੀ ਦੇਣੀ ਬਣਦੀ ਹੈ, ਕਿਉਂਕਿ ਜਿਸ ਤਰ੍ਹਾਂ ਰਾਜ ਕਾਕੜਾ ਨੇ ਆਪਣੀ ਲੇਖਣੀ ਰਾਹੀਂ ਸਿੱਖ ਕੌਮ, ਪੰਜਾਬੀਅਤ ਅਤੇ ਆਮ ਆਦਮੀ ਦੇ ਸੰਤਾਪ ਨੂੰ ਚਿੱਤਰਿਆ ਹੈ, ਉਹ ਕਿਸੇ ਵਿਰਲੇ ਅਤੇ ਸਮਰੱਥ ਕਲਮਕਾਰ ਦੇ ਹਿੱਸੇ ਆਉਣ ਵਾਲੀ ਹੀ ਗੱਲ ਹੈ ਅਤੇ ਰਾਜ ਕਾਕੜਾ ਦੀ ਗਾਇਕੀ ਵਿੱਚੋਂ ਜੋ ਇੱਕ ਪੁਖਤਾ ਗਾਇਕ ਦਾ ਝਲਕਾਰਾ ਪੈਂਦਾ ਹੈ, ਉਹ ਪੈਸੇ ਦੇ ਜੋਰ 'ਤੇ ਅੱਜਕਲ੍ਹ ਦੇ ਮੂੰਹ ਸਿਰ ਮੁਨਾਅ ਕੇ ਟਪੂਸੀਆਂ ਮਾਰਦੇ ਗਾਇਕਾਂ ਦੇ ਵੱਸ ਦਾ ਰੋਗ ਨਹੀਂ ਹੈ। ਕੁੜੀਆਂ ਦੇ ਲੱਕ ਮਿਣੂ ਅੱਜਕਲ੍ਹ ਦੇ ਗਾਇਕਾਂ ਲਈ ਨਸੀਅਤ ਭਰੀ 'ਸਪੀਡ ਰਿਕਾਰਡਜ਼' ਦੀ ਪੇਸਕਸ਼ ਇਸ ਐਲਬਮ ਵਿੱਚ ਕੁੱਲ 12 ਗੀਤ ਹਨ, ਜਿਸ ਨੂੰ ਸੰਗੀਤਕਾਰ ਅਨੂ ਮਨੂ ਨੇ ਆਪਣੇ ਸੰਗੀਤ ਨਾਲ ਸੰਵਾਰਿਆ ਹੈ। ਇਸ ਐਲਬਮ ਦੇ ਪਹਿਲੇ ਅਤੇ ਟਾਇਟਲ ਗੀਤ 'ਐ ਭਾਰਤ' ਵਿੱਚ ਦਿੱਲੀ ਦੇ ਤਖ਼ਤ ਨੂੰ ਮਿਹਣਾ ਮਾਰਦਾ ਹੋਇਆ ਗੀਤਕਾਰ ਕਹਿ ਰਿਹਾ ਹੈ ਕਿ, ਐ ਭਾਰਤ ਤੂੰ ਉਹ ਭਾਰਤ ਨਹੀਂ ਹੈ, ਜਿਸ ਭਾਰਤ ਲਈ ਅਸੀਂ ਹੱਸ ਹੱਸ ਫਾਂਸੀਆਂ ਦੇ ਰੱਸੇ ਚੁੰਮੇ ਸਨ, ਦੇਗਾਂ 'ਚ ਉਬਾਲੇ ਖਾਧੇ ਸਨ, ਸਿਰ 'ਤੇ ਕੱਫਣ ਬੰਨ ਕੇ ਮੁਗਲਾਂ ਨਾਲ ਲੜਾਈਆਂ ਕੀਤੀਆਂ ਸਨ। ਜਦੋਂ ਕਲਮਕਾਰ ਇਸ ਗੀਤ ਰਾਹੀਂ ਸਵਾਲ ਕਰਦਾ ਹੈ ਕਿ ਕੀ ਸਿੱਖ ਸਰਦਾਰਾਂ ਨੂੰ ਚੁਣ ਚੁਣ ਮਾਰਨ ਦੇ ਹੁਕਮ ਦੇਣੇ, ਸਮੇਂ ਦੀਆਂ ਸਰਕਾਰਾਂ ਨੂੰ ਸ਼ੋਭਾ ਦਿੰਦੇ ਹਨ? ਤਾਂ ਇਸ ਮਿਹਣੇਰੂਪੀ ਗੀਤ ਦਾ ਜਵਾਬ ਸ਼ਾਇਦ ਦਿੱਲੀ ਤਖ਼ਤ ਦਾ ਕੋਈ ਵੀ ਹੁਕਮਰਾਨ ਨਹੀਂ ਦੇ ਸਕਦਾ। ਇਸ ਗੀਤ ਰਾਹੀਂ ਉਹ ਕਮਾਦਾਂ ਦੇ ਖੇਤਾਂ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਅਤੇ ਲਾਵਾਰਸ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਨਾਲ ਨਾਲ ਜ਼ੇਲਾਂ ਵਿੱਚ ਨੌਜਵਾਨਾਂ ਦੀ ਇੱਕ ਪੂਰੀ ਪੀੜ੍ਹੀ ਰੁਲ ਜਾਣ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ ਕਿ, ਇਹ ਸਭ ਕੁਝ ਉਸੇ ਭਾਰਤ ਵਿੱਚ ਹੋਇਆ ਹੈ, ਜਿਸ ਭਾਰਤ ਲਈ ਅਸੀਂ ਸੌ ਵਿਚੋਂ ਅੱਸੀ ਸ਼ਹੀਦ ਹੋਏ ਹਾਂ। ਇਸ ਤੋਂ ਵੀ ਅੱਗੇ ਖੂਨ ਨਾਲ ਲਿਬੜੀ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਸ਼੍ਰੀ ਅਕਾਲ ਤਖ਼ਤ ਸਹਿਬ 'ਤੇ ਵਰਦੇ ਤੋਪਾਂ ਦੇ ਗੋਲਿਆਂ ਨੂੰ ਯਾਦ ਕਰਦਾ ਹੋਇਆ ਗੀਤਕਾਰ ਇਸ ਭਾਰਤ ਵਿੱਚ ਕੋਈ ਅਪੀਲ, ਦਲੀਲ ਜਾਂ ਵਕੀਲ ਦੀ ਗੱਲ ਨਾ ਸੁਣਨ ਦਾ ਵੀ ਮਿਹਣਾ ਮਾਰਦਾ ਹੈ। ਇਸ ਗੀਤ ਰਾਹੀਂ ਪੰਜਾਬ ਅਤੇ ਸਿੱਖ ਕੌਮ ਦੇ ਠੇਕੇਦਾਰਾਂ ਨੂੰ ਸੌੜੀ ਰਾਜਨੀਤੀ ਛੱਡ ਕੇ ਸੋਚਣ ਦੀ ਵੀ ਅਪੀਲ ਕਰਦਾ ਹੈ। ਅਗਲੇ ਗੀਤ 'ਲਾਰੀ' ਵਿੱਚ ਗਦਰੀ ਬਾਬਿਆਂ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਕੌਮੀ ਪਰਵਾਨਿਆਂ ਦੀ ਗੱਲ ਕਰਦਾ ਹੋਇਆ ਗੀਤਕਾਰ ਹੋਕਾ ਦੇ ਰਿਹਾ ਹੈ ਕਿ 'ਬਹਿ ਜੋ ਬੇਲਿਓ! ਲਾਰੀ ਚੱਲੀ ਐ ਸ਼ਹਿਰ ਨੂੰ।' ਇਸ ਤੋਂ ਅਗਲੇ ਗੀਤ 'ਜੀਭ ਤੋਤਲੀ' ਵਿੱਚ ਅੱਜਕਲ੍ਹ ਮਾਪਿਆਂ ਦੀ ਸੇਵਾ ਤੋਂ ਬੇਮੁੱਖ ਹੋਈ ਨਵੀਂ ਪੀੜ੍ਹੀ ਨੂੰ ਨਿਹੋਰਾ ਮਾਰਨ ਦਾ ਯਤਨ ਕਰਦਿਆਂ ਕਿਹਾ ਗਿਆ ਹੈ ਕਿ, ਬਾਪੂ ਦੇ ਬੂਟਾਂ ਲਈ ਕਿਉਂ ਜੇਬ ਖਾਲੀ ਹੋ ਜਾਂਦੀ ਹੈ ਅਤੇ ਬੇਬੇ ਦੀਆਂ ਐਨਕਾਂ ਲਈ ਦਫ਼ਤਰੋਂ ਛੁੱਟੀ ਕਿਉਂ ਨਹੀਂ ਲਈ ਜਾ ਸਕਦੀ। ਤੋਤਲੀ ਜਬਾਨ ਨਾਲ ਬਹਿਸ ਕਰਕੇ ਕੋਈ ਮਾਂ ਨਾਲੋਂ ਕਦੇ ਵੀ ਵੱਡਾ ਨਹੀਂ ਹੋ ਸਕਦਾ। ਚੌਥੇ ਗਾਣੇ 'ਲਾਲੀਪੋਪ' ਵਿਚ ਅਖੌਤੀ ਲੋਕਤੰਤਰ ਦੀਆਂ ਧੱਜੀਆਂ ਉਡਾਉਂਦਿਆਂ ਕਿਹਾ ਹੈ ਕਿ 'ਇਹ ਲੋਲੀਪੋਪ ਆਜ਼ਾਦੀ ਦਾ, ਏਹਨੂੰ ਚੂਪੀ ਜਾਹ, ਨਾਲੇ ਚੱਬੀ ਜਾਹ, ਇਹ ਗਣਤੰਤਰ ਦੀ ਹੱਡੀ ਐ, ਇਹਦੇ ਤੋਂ ਮਾਸ ਨਾ ਲੱਭੀ ਜਾਹ।' ਇਸ ਗੀਤ ਵਿੱਚ ਮੁੱਲ ਵਿਕਦੀਆਂ ਵੋਟਾਂ, ਸੰਵਿਧਾਨ ਦਾ ਸਹੀ ਅਰਥਾਂ 'ਚ ਲਾਗੂ ਨਾ ਹੋਣਾ, ਵੰਡ ਦੇ ਨੁਕਸਾਨ, ਟੂ-ਜੀ ਘਪਲੇ, ਤਿਰੰਗੇ ਦੇ ਨਾਮ 'ਤੇ ਮੱਚਦੀ ਲੁੱਟ ਅਤੇ ਲੋਕਾਂ ਸਿਰ ਪੈਂਦੀ ਕੁੱਟ ਦਾ ਜਿਕਰ ਕਰਦਿਆਂ ਵੀ ਗੀਤਕਾਰ ਨਿਰਾਸ਼ਾਵਾਦੀ ਨਹੀਂ ਹੁੰਦਾ, ਸਗੋਂ ਦਸ਼ਮੇਸ਼ ਪਿਤਾ ਦੇ ਫੁਰਮਾਨ ਮੁਤਾਬਿਕ ਲੋੜ ਪਈ ਤੋਂ ਖੰਡਾ ਹੱਥ ਵਿੱਚ ਫੜ ਲੈਣ ਦੇ ਸੰਘਰਸ਼ੀ ਰਾਹ ਨੂੰ ਚੁਣਨ ਦਾ ਹੋਕਾ ਦੇ ਰਿਹਾ ਹੈ। ਅਗਲੇ ਗੀਤ 'ਮੇਰਾ ਪਿੰਡ' ਵਿੱਚ ਪੰਜਾਬ ਦੀਆਂ ਐਕਵਾਇਰ ਹੋ ਰਹੀਆਂ ਜ਼ਮੀਨਾਂ ਦੀ ਗੱਲ ਕਰਦਿਆਂ ਬੜਾ ਖੂਬਸੂਰਤ ਚਿਤਰਣ ਕਰਦਾ ਗੀਤਕਾਰ ਕਈ ਟਾਟਿਆਂ ਅਤੇ ਅੰਬਾਨੀਆਂ ਦੇ ਪਿੰਡ ਦੇ ਚੁੱਲਿਆਂ ਤੱਕ ਅਪੜਨ ਦਾ ਜ਼ਿਕਰ ਕਰਦਾ ਹੈ। ਪੰਜਾਬ ਦੇ ਖੇਤਾਂ ਵਿੱਚ 'ਮਾਲ' ਬਣਨ ਤੋਂ ਲੈ ਕੇ ਪਿੰਡਾਂ ਦੇ ਛੱਪੜਾਂ ਦੇ ਸਵੀਮਿੰਗ ਪੂਲਾਂ 'ਚ ਬਦਲਣ ਤੋਂ ਇਲਾਵਾ ਹੋਟਲਾਂ, ਪੱਬਾਂ ਅਤੇ ਅੰਗਰੇਜ਼ੀ ਸਕੂਲਾਂ ਲਈ ਵਰਤੀ ਜਾ ਰਹੀ ਪੰਜਾਬ ਦੀ ਉਪਜਾਊ ਧਰਤੀ ਦੀ ਜਿਕਰ ਕਰਦਿਆਂ ਉਹ ਇਥੋਂ ਤੱਕ ਕਹਿ ਉਠਦਾ ਹੈ ਕਿ ਹੁਣ ਤਾਂ ਐਡਵਾਇਰ ਰੂਪੀ ਵਿਉਪਾਰੀ ਪੂਰੇ ਦੇ ਪੂਰੇ ਪਿੰਡ ਹੀ ਖ੍ਰੀਦਣ ਤੁਰ ਪਏ ਹਨ, ਰੱਬ ਖੈਰ ਕਰੇ। 'ਪਤੰਗਾਂ' ਗੀਤ ਰਾਹੀਂ ਗੀਤਕਾਰ ਕਹਿ ਰਿਹਾ ਹੈ ਕਿ ਹੁਣ ਸੜਕਾਂ 'ਤੇ ਬੇਰੁਜਗਾਰ ਧੱਕੇ ਖਾਂਦੇ ਫਿਰਦੇ ਹਨ, ਲੋਕਾਂ ਨੂੰ ਮੰਗਾਂ ਮੰਨਵਾਉਣ ਲਈ ਟੈਂਕੀਆਂ 'ਤੇ ਚੜ ਕੇ ਅੱਗਾਂ ਤੱਕ ਲਾਉਣੀਆਂ ਪੈ ਰਹੀਆਂ ਹਨ ਅਤੇ ਮਾਂ ਬੋਲੀ ਬੋਲਣ ਲਈ ਮਨਜੂਰੀਆਂ ਲੈਣੀਆਂ ਪੈਂਦੀਆਂ ਹਨ। ਇਸ ਲਈ ਉਹ ਦੁਨੀਆ ਤੋਂ ਬਚਕੇ ਚੱਲਣ ਦੀ ਸਲਾਹ ਦਿੰਦਾ ਹੋਇਆ ਸੰਘਰਸ਼ ਕਰਨ ਲਈ ਹੋਕਾ ਦਿੰਦਾ ਨਿਹੋਰਾ ਵੀ ਮਾਰਦਾ ਹੈ ਕਿ ਜਦੋਂ ਹਥਿਆਰ ਚੁੱਕਣ ਦੀ ਲੋੜ ਆ ਬਣੇ ਤਾਂ ਵੰਗਾਂ ਪਾਕੇ ਬੈਠਣ ਵਾਲੇ ਨੂੰ 'ਸਰਦਾਰ' ਕਹਾਉਣ ਦਾ ਕੋਈ ਹੱਕ ਨਹੀਂ ਹੈ। ਇਸ ਤੋਂ ਅਗਲੇ ਗੀਤ 'ਜ਼ੁਰਮ ਦਾ ਇਕਬਾਲ ਕਰਦੇ ਹਾਂ' ਵਿੱਚ ਸੜਕ 'ਤੇ ਰੋੜੀ ਕੁੱਟਦਾ ਮਜਦੂਰ ਅਤੇ ਰੋਟੀ ਲਈ ਵਿਲਕਦਾ ਬਚਪਨ, ਰੁਜਗਾਰ ਮੰਗਦੇ ਲੋਕਾਂ 'ਤੇ ਖੜਕਦੇ ਡੰਡੇ ਅਤੇ ਰੋਂਦੇ ਕਿਰਸਾਨ ਦੀ ਗੱਲ ਕਰਦਾ ਉਹ ਚੌਰਾਸੀ 'ਚ ਹੋਏ ਕਤਲੇਆਮ ਦੇ ਸਬੂਤ ਮੁੱਦਤਾਂ ਤੱਕ ਨਾ ਮਿਲਣ ਅਤੇ ਅਜੇ ਤੱਕ ਸਿਰਫ ਪੜਤਾਲਾਂ ਚੱਲੀ ਜਾਣ ਦੇ ਸੰਦਰਭ ਵਿੱਚ ਆਪਣੇ ਲੋਕਾਂ ਲਈ ਕਿਸੇ ਦਾ ਮੁਰਜਮ ਬਣ ਜਾਣਾ ਹੀ ਉਚਿਤ ਦੱਸਦਾ ਹੈ, ਕਿਉਂਕਿ ਸ਼ਹੀਦਾਂ ਦੇ ਕੱਫਣਾਂ 'ਚੋਂ ਕਮਿਸ਼ਨ ਖਾਣ ਵਾਲਿਆਂ ਨਾਲੋਂ ਉਹ ਮੁਜਰਿਮ ਵੀ ਹਜਾਰਾਂ ਗੁਣੇ ਚੰਗੇ ਹਨ। ਅਲਗੋਜਿਆਂ ਦੀ ਬਾਮਿਸਾਲ ਵਰਤੋਂ ਕਰਕੇ ਗਾਏ ਗਏ ਗੀਤ 'ਦੁੱਧ ਮਲਾਈਆਂ' ਗੀਤ ਰਾਹੀਂ ਕੱਬਡੀ ਅਤੇ ਪਹਿਲਵਾਨੀ ਵਰਗੀਆਂ ਖੇਡਾਂ ਰਾਹੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਵਰਜਦਿਆਂ ਜੱਗਾ, ਦੁੱਲਾ, ਗਾਮਾ, ਦਾਰਾ ਅਤੇ ਰੁਸਤਮੇਂ ਹਿੰਦ ਕਰਤਾਰ ਸਿੰਘ ਵਰਗੇ ਨਾਇਕਾਂ ਦੀ ਰੀਸ ਕਰਨ ਦਾ ਹੋਕਾ ਦਿੱਤਾ ਹੈ। 'ਆਲਣੇ' ਗੀਤ ਵਿੱਚ ਵਿਦੇਸ਼ੀਂ ਬੈਠੇ ਪੰਜਾਬ ਦੇ ਜਾਇਆਂ ਦੀ ਬਣੀ ਕਾਲੀ ਸੂਚੀ ਦੇ ਸੰਤਾਪ ਨੂੰ ਬਾਖੂਬੀ ਚਿੱਤਵਦਿਆਂ 'ਮੇਰੀ ਕੌਮ 'ਤੇ ਭੀੜਾਂ ਬਾਹਲੀਆਂ ਨੇ, ਬਣ ਗਈਆਂ ਸੂਚੀਆਂ ਕਾਲੀਆਂ ਨੇ' ਇੱਕ ਵੇਦਨਾ ਭਰੀ ਰਚਨਾ ਹੈ, ਜਿਸ ਵਿੱਚ ਮੈਡਲਾਂ ਅਤੇ ਫੀਤੀਆਂ ਲਈ ਆਪਣਿਆਂ ਹੱਥੋਂ ਆਪਣੇ ਹੀ ਕਤਲ ਕੀਤੇ ਜਾਣ ਅਤੇ ਮਾਂ ਬਾਪ, ਭੈਣ ਭਰਾਵਾਂ ਦੇ ਵਿਛੋੜੇ ਦਾ ਜਿਕਰ ਹੈ। ਇਸ ਤੋਂ ਅਗਲੇ ਗੀਤ 'ਤਲਵਾਰ' ਰਾਹੀਂ ਨਵੰਬਰ ਚੌਰਾਸੀ ਦੇ ਦੁਖਾਂਤ ਨੂੰ ਬਾਖੂਬੀ ਰੂਪਮਾਨ ਕੀਤਾ ਗਿਆ ਹੈ, ਜਿਸ ਵਿੱਚ ਨਸ਼ਲਕੁਸੀ ਦੀ ਸਾਜਿਸ਼, ਕਾਤਲਾਂ ਨੂੰ ਵਜੀਰੀਆਂ ਨਾਲ ਨਿਵਾਜਣ, ਲਾਸ਼ਾਂ 'ਤੇ ਕੀਤੀ ਜਾ ਰਹੀ ਰਾਜਨੀਤੀ ਅਤੇ ਸਿੱਖ ਕੌਮ ਦੇ ਠੇਕੇਦਾਰਾਂ ਵੱਲੋਂ ਸਨਮਾਨ ਵੇਚੇ ਜਾਣ ਤੱਕ ਦਾ ਨਕਸ਼ਾ ਖਿਚਿਆ ਗਿਆ ਹੈ। ਇਸ ਗੀਤ ਰਾਹੀਂ ਸਿੱਖ ਕੌਮ ਦੇ ਯਤੀਮ ਹੋ ਜਾਣ ਦਾ ਜ਼ਿਕਰ ਕਰਦਿਆਂ 'ਸ਼ੇਰ ਏ ਪੰਜਾਬ' ਨੂੰ ਦੁਬਾਰਾ ਪੈਦਾ ਹੋਣ ਦਾ ਵਾਸਤਾ ਪਾਇਆ ਗਿਆ ਹੈ। ਅਗਲੇ ਗੀਤ 'ਬਾਪੂ' ਵਿੱਚ ਮਿਲਾਵਟੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਕਾਰਨ ਕਿਰਸਾਨੀ ਸਿਰ ਚੜੇ ਭਾਰੇ ਕਰਜੇ ਦੀ ਮਾਰ ਹੇਠ ਆ ਕੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਜਿਕਰ ਕਰਦਿਆਂ ਇਹ ਸਵਾਲ ਉਠਾਇਆ ਗਿਆ ਹੈ ਕਿ ਆਸ ਅਤੇ ਸਲਫਾਸ਼ ਵਿੱਚਲਾ ਅੰਤਰ ਅਤੇ ਸ਼ਰਾਬ ਅਤੇ ਸਪਰੇਆਂ ਪੀਣ ਦਾ ਰੁਝਾਨ ਆਖਿਰ ਕਿਥੇ ਜਾ ਕੇ ਰੁਕੇਗਾ? ਅਖੀਰਲੇ ਗੀਤ 'ਰੂਹ' ਰਾਹੀਂ ਹਰ ਚੀਜ਼ ਵਿਚ ਹੋ ਰਹੀ ਮਿਲਾਵਟ ਅਤੇ ਵਧ ਰਹੀਆਂ ਕਾਲੋਨੀਆਂ ਨਾਲ ਬੰਜਰ ਅਤੇ ਪ੍ਰਦੂਸ਼ਿਤ ਹੋ ਰਹੇ ਪੰਜਾਬ ਦੇ ਵਾਤਾਵਰਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਰਾਜ ਕਾਕੜੇ ਦੀ ਇਹ ਐਲਬਮ ਜਿਥੇ ਕੋਰੀਓਗਰਾਫੀਆਂ ਰਾਹੀਂ ਰੰਗਮੰਚ ਦਾ ਸ਼ਿੰਗਾਰ ਬਣਨ ਦੀ ਕਾਬਲੀਅਤ ਰੱਖਦੀ ਹੈ, ਉਥੇ ਨਵੀਂ ਪੀੜੀ ਦੇ ਸਹੁਜ ਸੁਆਦ ਮੁਤਾਬਿਕ ਮਿਊਜ਼ਕ, ਬੀਟ ਅਤੇ ਤਿਆਰ ਕੀਤੀਆਂ ਤਰਜ਼ਾਂ ਕਰਕੇ ਇਸ ਐਲਬਮ ਦੇ ਕਈ ਗਾਣੇ ਮੋਬਾਇਲ ਫੋਨਾਂ ਦੀਆਂ ਰਿੰਗ ਟੋਨਾਂ ਵੀ ਜਰੂਰ ਬਣਨਗੇ। ਰਾਜ ਕਾਕੜੇ ਨੇ ਇਸ ਐਲਬਮ ਰਾਹੀਂ ਬਾਬੇ ਨਾਨਕ ਦੇ 'ਰਾਜੇ ਸੀਂਹ ਮੁੱਕਦਮ ਕੁੱਤੇ' ਵਾਲੇ ਫਲਸਫੇ 'ਤੇ ਚੱਲਦਿਆਂ ਉਹ ਜੁਅੱਰਤ ਕੀਤੀ ਹੈ, ਜੋ ਅੱਜਕਲ੍ਹ ਦੇ ਸਿੱਖ ਆਗੂਆਂ ਅਤੇ ਸਿੱਖ ਸੰਤਾਂ ਅਤੇ ਪ੍ਰਚਾਰਕਾਂ ਵਿੱਚ ਨਹੀਂ ਦਿਸ ਰਹੀ। ਇਸ ਲਈ ਜਾਗਰੂਕ ਪੰਜਾਬੀਆਂ ਨੂੰ ਰਾਜ ਕਾਕੜੇ ਦੀ ਇਸ ਜੁਅੱਰਤ ਭਰੀ ਐਲਬਮ ਲਈ ਹੌਸਲਾ ਅਫ਼ਜਾਈ ਕਰਨੀ ਚਾਹੀਦੀ ਹੈ।

ਪੈਂਤੀ ਲੱਖ ਦੀ ਇਨਾਮੀ ਰਾਸ਼ੀ ਵਾਲਾ ਪੁਆਦੜਾ ਕਬੱਡੀ ਕੱਪ ਕਬੱਡੀ ਜਗਤ 'ਚ ਨਵੀ ਪਿਰਤ - ਗਿੱਲ
- Monday, 13 February 2012 16:45
ਸੰਦੀਪ ''ਵਰਨਾ ਗੱਡੀ'' ਪਾਲਾ ''ਸਫਾਰੀ'', ਡਿੰਪੀ ਤੇ ਮੰਨੂੰ ਬੁਲਟ ਨਾਲ ਸਨਮਾਨੇ ਜਾਣਗੇ
ਪੁਆਦੜਾ, 13 ਫਰਵਰੀ (ਹਰਮਿੰਦਰ ਢਿੱਲੋਂ) - ''ਫਿਲ਼ੋਰ ਤੋਂ ਤਲਵਣ ਰੋਡ 'ਤੇ ਸਥਿਤ ਪੁਆਦੜਾ ਦੀ ਚੜ੍ਹਦੀ ਕਲਾ ਸਪੋਰਟਸ ਕਲੱਬ (ਰਜਿ:) ਵੱਲੋਂ ਪੁਆਦਾੜਾ ਵਿਖੇ ਕਰਵਾਏ ਜਾ ਰਹੇ ਦੂਸਰੇ ਕਬੱਡੀ ਕੱਪ ਦਾ ਅਗਾਜ਼ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੋਇਆ। ਪੈਂਤੀ ਲੱਖ ਇਨਾਮੀ ਰਾਸ਼ੀ ਵਾਲੇ ਇਸ ਕਬੱਡੀ ਕੱਪ ਦੇ ਮਹੂਰਤ ਦੀ ਰਸਮ ਸੋਹਣ ਸਿੰਘ ਕੈਨੇਡੀਅਨ ਨੇ ਨਿਭਾਈ। ਇਸ ਮੌਕੇ ਉਹਨਾਂ ਨਾਲ ਕੱਪ ਦੇ ਮੁੱਖ ਸਪਾਂਸਰ ਵੈਨਕੂਵਰ ਕਬੱਡੀ ਕਲੱਬ ਕੈਨੇਡਾ ਦੇ ਪ੍ਰਧਾਨ ਬਲਜੀਤ ਗਿੱਲ, ਮੀਤ ਪ੍ਰਧਾਨ ਵੈਨਕੂਵਰ ਕਬੱਡੀ ਕਲੱਬ ਗਿਆਨ ਬਿਣੰਗ ਭਾਣੋਕੀ, ਸਤਨਾਮ ਬਿਣੰਗ ਭਾਣੋਕੀ, ਸੰਤੋਖ ਸਿੰਘ ਢੇਸੀ ਬੱਛੋਵਾਲ, ਅਮਰੀਕ ਗਿੱਲ, ਸੁਖਵਿੰਦਰ ਗਿੱਲ ਰਾਣਾ ਤੇ ਬਿੱਟੂ ਸੰਧੂ ਨੰਗਲ ਅੰਬੀਆਂ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਮਨਜਿੰਦਰ ਜਿੰਦੂ, ਮੀਤ ਪ੍ਰਧਾਨ ਪਲਵਿੰਦਰ ਸਿਘ ਪਿੰਦਾ, ਕੁਲਵਿੰਦਰ ਕਿੰਦਾ, ਗੁਰਦੀਪ ਦੀਪਾ, ਹਰਪ੍ਰੀਤ ਹੈਪੀ, ਗੁਰਪ੍ਰੀਤ ਗੋਪੀ, ਰਣਜੀਤ ਸਨੀ, ਸੁਖਜਿੰਦਰ ਸਨੀ, ਬਿੰਦਾ, ਬੌਬੀ ਤੇ ਨਰਿੰਦਰ ਸਿੰਘ ਐਸ ਐਚ ਓ ਥਾਣਾ ਬਿਲਗਾ, ਮੱਖਣ ਸਿੰਘ ਕੈਨੇਡਾ, ਸਾਬਕਾ ਸਰਪੰਚ ਰਵਿੰਦਰ ਸਿੰਘ ਤੋਤਾ, ਰਜਵਿੰਦਰ ਸਿੰਘ, ਕਾਲਾ, ਕਮਲਜੀਤ ਗੋਖਾ, ਚਮਕੌਰ ਸਿੰਘ, ਲਹਿਬਰ ਸਿੰਘ, ਸੁਰਿੰਦਰ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ ਅਤੇ ਇਲਾਵਾ ਹੋਰ ਪਤਵੰਤੇ ਹਾਜਰ ਸਨ। ਗ੍ਰਾਮ ਪੰਚਾਇਤ ਪੁਆਦੜਾ ਤੇ ਪ੍ਰਵਾਸੀ ਵੀਰਾਂ ਜਿਵੇਂ ਸੋਹਨ ਸਿੰਘ ਕੈਨੇਡਾ, ਮੱਖਣ ਸਿੰਘ ਦੁਸਾਂਝ, ਅਮਰੀਕ ਕੈਨੇਡਾ, ਪਵਿੱਤਰ ਯੂ ਕੇ, ਅਮਰ ਕੈਨੇਡਾ, ਬਿੰਦਰ ਕੈਨੇਡਾ, ਦੀਪਾ ਅਸਟ੍ਰੇਲੀਆ, ਜੀਤਾ ਯੂ ਕੇ, ਨਾਣੂ ਅਮਰੀਕਾ, ਬਲਜੀਤ ਕੈਨੇਡਾ, ਹਰਦੀਪ ਕੈਨੇਡਾ, ਸ਼ਿੰਗਾਰ ਸਿੰਘ ਜਰਮਨ, ਸਤਨਾਮ ਸਿੰਘ ਅਮਰੀਕਾ, ਅਵਤਾਰ ਕੈਨੇਡਾ, ਗਗਨਦੀਪ ਕੈਨੇਡਾ, ਬਲਜੀਤ ਅਮਰੀਕਾ, ਜੋਧਾ ਅਰਜਣ, ਜੀਤ ਸਿੰਘ ਦੁਸਾਂਝ ਤੇ ਪਿੰਡ ਦੇ ਹੋਰ ਐਨ ਆਰ ਆਈਜ਼ ਵੱਲੋਂ ਇਸ ਕਬੱਡੀ ਕੱਪ ਨੂੰ ਰੱਜਵਾਂ ਫਬਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਅੱਜ ਆਰੰਭ ਹੋਏ ਕੱਬਡੀ ਕੱਪ ਦਾ ਅਗਾਜ਼ 55 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਨਾਲ ਹੋਇਆ 25 ਤੋਂ ਵੱਧ ਪਿੰਡ ਪੱਥਰ ਵਾਲੀਵਾਲ ਦੀਆਂ ਟੀਮਾਂ ਨੇ ਇਸ ਕੱਪ ਵਿੱਚ ਸ਼ਿਰਕਤ ਕੀਤੀ। ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਨਾਮਵਰ ਕਬੱਡੀ ਟੀਮਾਂ ਪੁੱਜੀਆਂ। ਇਸ ਮੌਕੇ ਕੱਪ ਦੇ ਗੋਲਡਨ ਸਪਾਂਸਰ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ, ਇਹ ਪੈਂਤੀ ਲੱਖ ਦੀ ਇਨਾਮੀ ਰਾਸ਼ੀ ਵਾਲਾ ਪੁਆਦੜਾ ਕਬੱਡੀ ਕੱਪ ਕਬੱਡੀ ਜਗਤ 'ਚ ਨਵੀਂ ਪਿਰਤ ਪਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ, ਇਸ ਕੱਪ ਦਾ ਪਹਿਲਾ ਸਵਾ ਲੱਖ ਦਾ ਨਗਦ ਇਨਾਮ ਗਿਆਨ ਬਿਣੰਗ ਭਾਣੋਕੀ ਵੱਲੋਂ ਦਿੱਤਾ ਜਾਵੇਗਾ, ਜਦੋਂਕਿ ਦੂਸਰਾ ਇਨਾਮ ਇਕ ਲੱਖ ਰੁਪਏ ਦਾ ਇਨਾਮ ਬਿੱਟੂ ਸੰਧੂ ਨੰਗਲ ਅੰਬੀਆਂ ਵੱਲੋਂ ਦਿੱਤਾ ਜਾਵੇਗਾ। ਅੱਜ ਕਬੱਡੀ ਓਪਨ ਪਿੰਡ ਪੱਥਰ ਨਿਰੋਲ ਮੁਕਾਬਲੇ ਹੋਣਗੇ। ਕੱਲ੍ਹ ਨੂੰ ਨਾੱਰਥ ਇੰਡੀਆ ਕਬੱਡੀ ਫੈਡਰੇਸ਼ਨ ਚੋਟੀ ਦੀਆਂ 8 ਟੀਮਾਂ ਸਵਾ ਲੱਖ ਰੁ: ਦੀ ਇਨਾਮੀ ਰਾਸ਼ੀ ਲਈ ਭਿੜਨਗੀਆਂ। ਇਸੇ ਦਿਨ ਹੀ ਗੋਲੈਡੀਏਟਰ ਸੰਦੀਪ ਨੰਗਲ ਅੰਬੀਆਂ ''ਵਰਨਾ ਗੱਡੀ'' ਕਲੋਜ਼ ਫਾਈਟਰ ਪਾਲਾ ਜਲਾਲਪੁਰ ''ਸਫਾਰੀ'', ਡਿੰਪੀ ਬੁਰਜ ਹਰੀ ਤੇ ਮੰਨੂੰ ਪੁਆਦੜਾ ਬੁਲਟ ਨਾਲ ਸਨਮਾਨੇ ਜਾਣਗੇ। ਕਬੱਡੀ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਇਸ ਕਬੱਡੀ ਕੱਪ ਨੂੰ ਤੱਕਣ ਲਈ ਉਚੇਚੇ ਤੌਰ 'ਤੇ ਵਿਦੇਸ਼ਾਂ ਤੋਂ ਪੁੱਜੀਆ ਹੋਈਆਂ ਹਨ।
ਕਬੱਡੀ ਇਤਿਹਾਸ ਵਿੱਚ ਸਵਾ ਲੱਖ ਦੀ ਰੇਡ ਪਵਾਉਣ ਵਾਲੇ ਮੁਠੱਡਾ ਕਲਾਂ ਕਬੱਡੀ ਕੱਪ ਦੀ ਗੱਲ ਕਰਦਿਆਂ
- Monday, 13 February 2012 16:37
"ਅਣਖਾਂ ਦੇ ਸਿਰਨਾਵੇਂ ਦੱਸਦੀ ਰਹੇ ਕਬੱਡੀ, ਵੱਸਦੇ ਰਹਿਣ ਪੰਜਾਬੀ ਵੱਸਦੀ ਰਹੇ ਕਬੱਡੀ" ਪੰਜਾਬੀਆਂ ਦੇ ਦਿਲਾਂ ਵਿੱਚ ਇੱਕ ਵਿਲੱਖਣ ਥਾਂ ਬਣਾ ਚੁੱਕੀ ਤੇ ਕਿਸੇ ਵੇਲੇ ਦੇਸੀ ਖੇਡਾਂ ਦੀ ਭੀੜ 'ਚ ਗੁਆਚੀ ਰਹਿਣ ਵਾਲੀ ਖੇਡ ਕਬੱਡੀ ਨੇ ਅੱਜ ਪੰਜਾਬੀਆਂ ਦੀ ਮਹਿਬੂਬ ਬਣ ਕੇ ਆਪਣਾ ਨਿਵੇਕਲਾ ਰਾਹ ਬਣਾ ਲਿਆ ਹੈ| ਕਬੱਡੀ ਨੂੰ ਕੌਡੀ ਤੋਂ ਕੱਢ ਕਰੋੜਾਂ ਦੀ ਬਣਾਉਣ ਵਿੱਚ ਪ੍ਰਵਾਸੀ ਵੀਰਾਂ ਦੀ ਸ਼ਿੱਦਤ ਨਾਲ ਨਿਭਾਈ ਭੂਮਿਕਾ ਤੋਂ ਬਲਿਹਾਰੇ ਜਾਈਏ ਵਰਗੇ ਸ਼ਬਦ ਆਪ ਮੁਹਾਰੇ ਹੀ ਸਾਡੇ ਮੂੰਹੋਂ ਨਿਕਲ ਆਉਂਦੇ ਹਨ| ਚੜ੍ਹਦੇ ਨਵੇਂ ਸਾਲ ਫਰਵਰੀ ਮਹੀਨੇ ਵਿੱਚ ਹੁੰਦੇ ਵੱਡੇ ਕਬੱਡੀ ਕੱਪਾਂ ਵਿੱਚ ਕਬੱਡੀ ਦੇ ਵੱਡੇ ਮਹਾਂ ਕੁੰਭ ਵਜੋਂ ਜਾਣਿਆ ਜਾਂਦਾ ਜਲੰਧਰ ਜਿਲ੍ਹੇ ਦੀ ਫਿਲੌਰ ਤਹਿਸੀਲ 'ਚ ਪੈਂਦੇ ਪਿੰਡ ਮੁਠੱਡਾ ਕਲਾਂ ਦਾ ਕਬੱਡੀ ਕੱਪ, ਜਿਸ ਦੀ ਚਮਕ ਸਮੁੱਚੇ ਪੰਜਾਬ ਵਿੱਚ ਵਿਲੱਖਣਤਾ ਕਰਕੇ ਲੋਕ ਦਿਲਾਂ 'ਤੇ ਨਿਵਕੇਲੀ ਛਾਪ ਛੱਡਦੀ ਹੈ| ਇਸ ਵਰ੍ਹੇ ਵੀ ਇਹ ਕਬੱਡੀ ਕੱਪ 17, 18 ਤੇ 19 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ| ਮੁਠੱਡਾ ਕਬੱਡੀ ਕੱਪ ਨੂੰ ਇਹ ਮਾਣ ਬੜੀ ਵਿਲੱਖਣਤਾ ਨਾਲ ਹਾਸਿਲ ਹੈ ਕਿ ਬੀਤੇ ਵਰ੍ਹੇ ਇਸ ਕਬੱਡੀ ਵਿੱਚ ਸਵਾ ਲੱਖ ਦੀ ਰੇਡ ਪਈ| ਇੱਥੇ ਜਿਕਰਯੋਗ ਹੈ ਕਿ ਪਿਛਲੇ ਵਰ੍ਹੇ ਇਸ ਕਬੱਡੀ ਕੱਪ ਵਿੱਚ ਕਬੱਡੀ ਜਗਤ ਦੀ ਨਾਨ ਸਟਾਪ ਐਕਸਪ੍ਰੈਸ ਵਜੋਂ ਜਾਣੇ ਜਾਂਦੇ ਧਾਵੀ ਕੁਲਜੀਤਾ ਮਲਸੀਆਂ ਦੀ ਇੱਕ ਰੇਡ ਉਪਰ ਜੈਸ, ਦਾਰਾ ਤੇ ਸੱਤਾ ਮੁਠੱਡਾ ਵੱਲੋਂ ਸਵਾ ਲੱਖ ਰੁਪਈਆ ਜੱਫਾ ਲਾਉਣ ਲਈ ਲਗਾਇਆ ਗਿਆ ਸੀ| ਕੁਲਜੀਤੇ ਨੇ ਕਈ ਨਾਨ ਸਟਾਪ ਕਬੱਡੀਆਂ ਪਾਈਆਂ ਪਰ ਆਖਰੀ ਰੇਡ ਤੇ ਕਬੱਡੀ ਦੇ ਜਰਵਾਣੇ ਤੇ ਚੀੜ੍ਹੇ ਜਾਫੀ ਸੋਹਨ ਰੁੜਕੀ ਨੇ ਕੁਲਜੀਤੇ ਨੂੰ ਸਵਾ ਲੱਖ ਦਾ ਜੱਫਾ ਲਗਾ ਕਬੱਡੀ ਜਗਤ ਦੀ ਵੱਡੀ ਬ੍ਰੇਕਿੰਗ ਨਿਊਜ਼ ਬਣਾ ਦਿੱਤੀ| ਖੇਡ ਕਬੱਡੀ ਜਗਤ ਵਿੱਚ ਇੱਕ ਨਵਾਂ ਇਤਿਹਾਸ ਇਸ ਕੱਪ ਵਿੱਚ ਸਿਰਜਿਆ ਗਿਆ ਜਿਸ ਦੀ ਬਾਅਦ ਵਿੱਚ ਮਨੁੱਖੀ ਬੁਲ੍ਹਾਂ 'ਤੇ ਨਵੀਂ ਰੰਗਤ ਵਾਲੀ ਚਰਚਾ ਹੋਈ| ਹਰ ਵਾਰ ਦੀ ਤਰ੍ਹਾਂ ਦੀ ਮਿੱਠੀਆਂ ਯਾਦਾਂ ਨੂੰ ਲੰਬਾ ਸਮਾਂ ਲੋਕ ਚੇਤਿਆਂ ਵਿੱਚ ਵਸਾਉਣ ਲਈ ਇਸ ਕੱਪ ਦੇ ਪ੍ਰਮੁੱਖ ਥੰਮਾਂ ਤੇ ਆਓ ਨਿੱਕੀ ਜਿਹੀ ਝਾਤ ਮਾਰੀਏ :
ਜੈਸ ਔਜਲਾ : ਅਜਾਦ ਕਬੱਡੀ ਕਲੱਬ ਮੁਠੱਡਾ ਕਲਾਂ ਦੇ ਪ੍ਰਮੁੱਖ ਥੰਮਾਂ 'ਚ ਸ਼ਾਮਿਲ ਚਾਕਲੇਟੀ ਹੀਰੋ ਵਰਗੀ ਦਿੱਖ ਵਾਲੇ ਸੁਨੱਖੇ ਗੱਭਰੂ ਜੈਸ ਔਜਲਾ ਦਾ ਪੂਰਾ ਨਾਂ ਤਾਂ ਜਸਵਿੰਦਰ ਸਿੰਘ ਹੈ ਪਰ ਉਹ ਡਾਲਰਾਂ ਦੀ ਧਰਤੀ ਕੈਨੇਡਾ ਵਿੱਚ ਆਪਣੇ ਨਿੱਕ ਨੇਮ ਜੈਸ ਔਜਲਾ ਵਜੋਂ ਜਾਣਿਆ ਜਾਂਦਾ ਹੈ| 1988 ਵਿੱਚ ਕੈਨੇਡਾ ਪਹੁੰਚੇ ਜੈਸ ਨੇ ਆਪਣੇ ਕੈਨੇਡਾ ਰਹਿੰਦੇ ਭਰਾਵਾਂ ਕੁਲਵੀਰ ਸਿੰਘ ਔਜਲਾ ਤੇ ਰਜਿੰਦਰ ਸਿੰਘ ਔਜਲਾ ਨਾਲ ਮਿਲ ਕੇ ਉਨਾਂ ਦੇ ਪਹਿਲਾਂ ਚੱਲਦੇ ਬਿਜਨਿਸ "ਫਾਈਬਰਟੈਕ ਡਿਸਟਿਊਟਰਜ਼ ਸਰੀ" ਦੇ ਇਮਾਰਤੀ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਆਪਣਾ ਯੋਗਦਾਨ ਪਾਉਣਾ ਆਰੰਭ ਕਰ ਦਿੱਤਾ| ਘਰਾਂ ਵਿੱਚ ਲੱਗਣ ਵਾਲੀਆਂ ਬਿਜਲਈ ਵਸਤਾਂ ਤੇ ਬਾਥ ਟੱਬ ਦੇ ਨਿਰਮਾਤਾਵਾਂ 'ਚ ਮੁਹਰੀ ਜਾਣੇ ਜਾਂਦੇ ਜੈਸ ਔਜਲਾ ਤੇ ਉਸ ਦੇ ਪਰਿਵਾਰ ਦਾ ਕਾਰੋਬਾਰ ਅੱਜ ਸੰਪੂਰਨ ਬੁਲੰਦੀਆਂ 'ਤੇ ਹੈ| ਹਰ ਸਾਲ ਬਿਲੀਅਨ ਡਾਲਰ ਦਾ ਕਾਰੋਬਾਰੀ ਬਿਜਨਸ ਕਰਨ ਵਾਲੇ ਜੈਸ ਔਜਲਾ ਦੀ ਕੈਨੇਡਾ 'ਚ ਘਰ ਬਣਾਉਣ ਵਾਲੀ ਕੰਪਨੀ "ਸੂਰਜ ਹੋਮ ਬਿਲਡਰਜ਼" ਕੈਨੇਡਾ ਦੀਆਂ ਪ੍ਰਮੁੱਖ ਏਸ਼ੀਅਨ ਕੰਪਨੀਆਂ 'ਚ ਇੱਕ ਹੈ| ਪੰਜਾਬੀ ਸੰਗੀਤ ਜਗਤ ਤੇ ਪੰਜਾਬ ਦੀ ਸਿਆਸਤ ਦੀਆਂ ਸਭ ਅੰਦਰਲੀਆਂ ਖ਼ਬਰਾਂ ਦਾ ਭੇਤੀ ਜੈਸ ਔਜਲਾ ਬਤੌਰ ਗੀਤਕਾਰ ਵੀ ਕੁਝ ਖੂਬਸੂਰਤ ਗੀਤਾਂ ਦੀ ਰਚਨਾ ਕਰ ਚੁੱਕਾ ਹੈ| ਮੁਠੱਡਾ ਕਲਾਂ 'ਚ ਬਣੇ ਸਤਿਗੁਰੂ ਰਾਮ ਸਿੰਘ ਖੇਡ ਸਟੇਡੀਅਮ ਦੇ ਨਿਰਮਾਣ ਵਿੱਚ ਉਹ ਵੱਡਾ ਭਾਈਵਾਲ ਹੈ| ਕੈਨੇਡਾ ਰਹਿੰਦੇ ਜੈਸ ਦੇ ਸੀਨੇ 'ਚ ਪੰਜਾਬ ਹਮੇਸ਼ਾਂ ਧੜਕਦਾ ਰਹਿੰਦਾ ਹੈ, ਇਸੇ ਕਰਕੇ ਉਹ ਖੇਡ ਮੇਲਿਆਂ ਦੀ ਰੁੱਤੇ ਉਹ ਬਾਹਵਾਂ ਵਰਗੇ ਮਿੱਤਰਾਂ ਦਾਰਾ ਤੇ ਸੱਤਾ ਮੁਠੱਡਾ ਨਾਲ ਹਰ ਵਰ੍ਹੇ ਗੇੜਾ ਮਾਰਨਾ ਨਹੀਂ ਭੁੱਲਦਾ| "ਅਜਾਦ ਕਬੱਡੀ ਕਲੱਬ ਸਰੀ" ਦਾ ਪ੍ਰਧਾਨ ਰਹਿ ਚੁੱਕਾ ਜੈਸ ਔਜਲਾ ਸੱਚਾ ਧਰਮੀ ਤੇ ਵਤਨ ਪ੍ਰੇਮੀ ਹੈ| ਮੁਠੱਡਾ ਕਬੱਡੀ ਕੱਪ ਦੀ ਚਮਕ ਨੂੰ ਦੁਨੀਆਂ 'ਚ ਚਮਕਾਉਣ ਦੀ ਚਾਹਤ ਰੱਖਣ ਵਾਲਾ ਜੈਸ ਹੁੱਣ ਤੱਕ ਖੇਡ ਕਬੱਡੀ ਤੋਂ ਲੱਖਾਂ ਡਾਲਰ ਨਿਛਾਵਰ ਕਰ ਚੁੱਕਾ ਹੈ| ਹਰ ਵੇਲੇ ਖਿੜਿਆ ਰਹਿਣ ਵਾਲਾ ਜੈਸ ਅਜਾਦ ਕਬੱਡੀ ਕਲੱਬ ਮੁਠੱਡਾ ਦੇ ਟ੍ਰੇਡਮਾਰਕ "ਸ਼ੇਰ" ਵਰਗਾ ਜਿਗਰਾ ਰੱਖਦਾ ਹੈ| ਇਸ ਕਰਕੇ ਇਸ ਕਬੱਡੀ ਕੱਪ ਦੀ ਤਿਕੜੀ ਜੈਸ, ਦਾਰਾ ਤੇ ਸੱਤਾ ਉਪਰ ਪੰਜਾਬੀ ਗਾਇਕ ਕੇ ਐਸ ਮੱਖਣ ਦਾ ਗਾਇਆ ਗੀਤ "ਸਾਨੂੰ ਦੱਸਣਾ ਨੀ ਪੈਂਦਾ ਅਸੀਂ ਕੌਣ ਹੁੰਦੇ ਆ" ਹੂਬਹੂ ਫਿੱਟ ਬੈਠਦਾ ਹੈ|
ਦਾਰਾ ਮੁਠੱਡਾ : ਕੈਨੇਡਾ ਦੇ ਕਬੱਡੀ ਜਗਤ ਵਿੱਚ ਮਰਦ ਕਬੱਡੀ ਪ੍ਰਮੋਟਰ ਤੇ ਤੂਤ ਦੇ ਮੋਛੇ ਵਰਗਾ ਨਾਂ ਦਾਰਾ ਮੁਠੱਡਾ ਅੱਜ ਪੂਰੇ ਪੰਜਾਬੀਆਂ ਲਈ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਹੈ| ਮੁਠੱਡਾ ਕਲਾਂ ਕਬੱਡੀ ਕੱਪ ਦਾ ਦਾਰਾ ਪ੍ਰਮੁੱਖ ਨਿਰਮਾਤਾ ਹੈ| ਸਰੀਰਕ ਦਿੱਖ ਤੋਂ ਹਾਲੀਵੁੱਡ ਦਾ ਵੱਡਾ ਐਕਟਰ ਨਜ਼ਰ ਆਉਣ ਵਾਲੇ ਦਾਰੇ ਦਾ ਪੂਰਾ ਨਾਂ ਰਣਜੀਤ ਸਿੰਘ ਔਜਲਾ ਹੈ| ਕੈਨੇਡਾ ਦੀ ਪ੍ਰਮੁੱਖ ਕਬੱਡੀ ਫੈਡਰੇਸ਼ਨ ਵੈਸਟਰਨ ਕਬੱਡੀ ਪਲੇਅਰਜ਼ ਐਂਡ ਕਲਚਰਲ ਐਸੋਸੀਏਸ਼ਨ ਆਫ ਬਿਟ੍ਰਿਸ਼ ਕੋਲੰਬੀਆ ਦਾ ਉਹ ਦੋ ਵਰ੍ਹੇ ਸਰਬਸੰਮਤੀ ਨਾਲ ਪ੍ਰਧਾਨ ਰਹਿ ਚੁੱਕਾ ਹੈ| ਇਸ ਵੇਲੇ ਉਹ ਇਸ ਸੰਸਥਾ ਵਾਈਸ ਪ੍ਰਧਾਨ ਹੈ| ਜਵਾਨੀ ਦੀ ਦਹਿਲੀਜ਼ 'ਤੇ ਅੱਪੜਦਿਆਂ ਹੀ ਉਹ ਖੇਡ ਮੈਦਾਨਾਂ ਵਿੱਚ ਇੱਕ ਜਰਵਾਣੇ ਜਾਫੀ ਵਜੋਂ ਪਹਿਚਾਣ ਬਣਾ ਚੁੱਕਾ ਸੀ| ਸਰੀਰਕ ਪੱਖੋਂ ਨਿਗਰ ਦਾਰੇ ਦੀ ਪੰਜਾਬੀਆਂ ਦੇ ਮਹਿਬੂਬ ਗਾਇਕ ਤੇ ਹੋਟ ਸਟਾਰ ਜ਼ੈਜ਼ੀ ਬੀ ਨਾਲ ਯਾਰੀ ਜੱਗ ਜਾਹਰ ਹੈ| ਇਸੇ ਕਰਕੇ ਹੀ ਦਾਰਾ ਜ਼ੈਜੀ ਦੇ ਗਾਏ ਗੀਤਾਂ ਦੇ ਵੀਡੀਓਜ਼ "ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ, ਜੱਟ ਮੌਜਾਂ ਕਰਦਾ ਏ ਤੇ ਨਖਰੋ ਨੇ ਤੋਰ ਚੁਰਾ ਲਈ ਲੱਗਦਾ ਏ ਮੋਰਾਂ ਦੀ", ਦੇ ਵੀਡੀਓ ਵਿੱਚ ਬਾਖੂਬੀ ਨਜ਼ਰ ਆਉਂਦਾ ਹੈ| ਜੇਕਰ ਦਾਰੇ ਦੀ ਬਤੌਰ ਜਾਫੀ ਖੇਡ ਦੀ ਚਰਚਾ ਕਰੀਏ ਤਾਂ ਉਸ ਨੇ 1991 ਵਿੱਚ ਕੈਨੇਡਾ ਦੇ ਇੱਕ ਮੈਚ 'ਚ 11 ਤੋਂ ਵੱਧ ਜੱਫੇ ਲਗਾ ਕਹਿੰਦੇ ਕਹਾਉਂਦੇ ਰੇਡਰਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਸੀ| ਜੇਕਰ ਮੁਠੱਡਾ ਵਿਚ ਹੁੰਦੇ ਕਬੱਡੀ ਕੁੰਭ ਦੀ ਗੱਲ ਕਰੀਏ ਤਾਂ ਦਾਰਾ ਇਸ ਕਬੱਡੀ ਕੱਪ ਦਾ ਇੱਕ ਇੰਪੋਰਟਿਡ ਬ੍ਰਾਂਡ ਬਣ ਕੇ ਉੱਭਰਿਆ ਹੈ| ਜੈਸ, ਦਾਰਾ ਤੇ ਸੱਤੇ ਨੂੰ ਜੇਕਰ ਮੁਠੱਡਾ ਕਬੱਡੀ ਕੱਪ ਦਾ ਬ੍ਰਾਂਡ ਅੰਬੈਸਡਰ ਕਿਹਾ ਜਾਵੇ ਤਾ ਕੋਈ ਅਤਿਕਥਨੀ ਨਹੀਂ ਹੋਵੇਗੀ| ਕਬੱਡੀ ਜਗਤ ਵਿੱਚ ਵੱਡਾ ਅੰਤਰਾਸ਼ਟਰੀ ਨਾਂ ਬਣ ਕੇ ਉਭਰਿਆ ਦਾਰਾ ਯਾਰਾਂ ਦਾ ਯਾਰ ਤੇ ਕਬੱਡੀ ਦਾ ਸ਼ੁਦਾਈ ਯੋਧਾ ਜਿਸ ਨੇ ਅਨੇਕਾਂ ਖਿਡਾਰੀਆਂ ਦੇ ਖੇਡ ਕੈਰੀਅਰ ਨੂੰ ਰਿੰਡ ਤੋਂ ਚੰਦਨ ਬਣਾਉਣ ਦੀ ਭੂਮਿਕਾ ਨੂੰ ਦਿੱਲੋਂ ਨਹੀ ਵਿਸਾਰਿਆ ਜਾ ਸਕਦਾ| ਬਤੌਰ ਰੈਸਲਰ ਤਿੰਨ ਵਾਰ ਲਗਾਤਾਰ ਤਿੰਨ ਸਾਲ ਚੈਂਪੀਅਨ ਰਹਿਣ ਵਾਲਾ ਦਾਰਾ ਮੁਠੱਡਾ ਕਲਾਂ ਦੇ ਕਬੱਡੀ ਕੱਪ ਨੂੰ ਖੇਡ ਜਗਤ ਦੇ ਖੇਡ ਗ੍ਰਾਫ ਵਿੱਚ ਵਿਲੱਖਣ ਥਾਂ ਦਿਵਾਉਣ ਲਈ ਹੁੰਦੇ ਸਭ ਯਤਨਾਂ ਦਾ ਭਾਈਵਾਲ ਰਿਹਾ ਹੈ| ਪੰਜਾਬ ਦੇ ਖੇਡ ਮੇਲਿਆਂ ਵਿੱਚ ਉਸ ਦੀ ਹੁੰਦੀ ਵਿਲੱਖਣਤਾ ਵਾਲੀ ਐਂਟਰੀ ਤੇ ਇੰਪੋਰਟਿਡ ਪਹਿਰਾਵਾ ਉਸ ਦੇ ਨਾਮ ਨੂੰ ਬੜੀ ਸ਼ਿੱਦਤ ਨਾਲ ਚਾਰ ਚੰਦ ਲਾਉਂਦੇ ਹਨ|
ਸੱਤਾ ਮੁਠੱਡਾ : ਇੰਗਲੈਂਡ ਦੀ ਗੋਰੀ ਧਰਤੀ 'ਤੇ ਖੇਡੀ ਜਾਂਦੀ ਕਬੱਡੀ ਵਿੱਚ ਅੱਜ ਤੋਂ ਕੁੱਝ ਵਰ੍ਹੇ ਪਹਿਲਾਂ ਬਤੌਰ ਜਾਫੀ ਖੂਬ ਨਾਮਣਾ ਖੱਟਣ ਵਾਲਾ ਸੱਤਾ ਮੁਠੱਡਾ ਦੁਆਬੇ 'ਚ ਵਿਲੱਖਣਤਾ ਨਾਲ ਅੱਗੇ ਵੱਧ ਰਹੇ ਕਬੱਡੀ ਦੇ ਮਹਾਂ ਕੁੰਭ ਮੁਠੱਡਾ ਕਬੱਡੀ ਕੱਪ ਦਾ ਪ੍ਰਮੁੱਖ ਦਿਮਾਗ ਹੈ| ਇੰਗਲੈਂਡ ਕਬੱਡੀ ਫੈਡਰੇਸ਼ਨ ਯੂ ਕੇ ਦੀ ਬਾਡੀ ਵਿੱਚ ਪ੍ਰਮੁੱਖਤਾ ਵਾਲੇ ਅਹੁਦੇ 'ਤੇ ਨਿਯੁਕਤ ਸੱਤਾ ਮੁਠੱਡਾ ਨੂੰ 1994 ਟੋਰਾਂਟੋ ਕੱਪ ਦਾ ਬੈਸਟ ਜਾਫੀ ਰਹਿਣ ਦਾ ਮਾਣ ਹਾਸਲ ਹੈ| ਖੁੱਚ ਪੁੱਟ ਦੇ ਜੱਫਾ ਲਾਉਣ ਦੀ ਤਕਨੀਕ ਨਾਲ ਲੋਕ ਬੁਲ੍ਹਾਂ 'ਤੇ ਆਪਣੀ ਚਰਚਾ ਕਰਵਾਉਣ ਵਾਲਾ ਸੱਤਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਕਬੱਡੀ ਕਲੱਬ ਗ੍ਰੈਵਜੈਂਡ ਦਾ ਪ੍ਰਮੁੱਖ ਖੇਡ ਪ੍ਰਮੋਟਰ ਹੈ। ਕਬੱਡੀ ਜਗਤ ਦੇ ਕਈ ਧੁੰਨਤਰ ਸਟਾਰ ਇਸ ਕਲੱਬ ਲਈ ਖੇਡ ਚੁੱਕੇ ਹਨ| ਇੰਗਲੈਂਡ ਤੋਂ ਇਲਾਵਾ ਯੂਰਪ, ਅਮਰੀਕਾ ਤੇ ਕੈਨੇਡਾ ਵਿੱਚ ਅਨੇਕਾਂ ਕਬੱਡੀ ਮੇਲਿਆਂ ਵਿੱਚ ਆਪਣੀ ਖੇਡ ਦੀ ਚਰਚਾ ਕਰਵਾਉਣ ਵਾਲਾ ਸੱਤਾ ਕਬੱਡੀ ਜਗਤ ਵਿੱਚ ਪਾਰਖੂ ਅੱਖ ਵਾਲ ਪ੍ਰਮੋਟਰ ਵਜੋਂ ਜਾਣਿਆ ਜਾਂਦਾ ਹੈ| ਸੱਤੇ ਨੂੰ ਜਿੱਥੇ ਕਬੱਡੀ ਜਗਤ ਦੇ ਵੱਡੇ ਮਹਾਂਰਥੀਆਂ ਨੂੰ ਜੱਫੇ ਲਾਉਣ ਦਾ ਮਾਣ ਹਾਸਲ ਹੈ ਉੱਥੇ ਉਹ ਕਬੱਡੀ ਖੇਡ ਜਗਤ ਦੇ ਪ੍ਰਮੁੱਖ ਖਿਡਾਰੀਆਂ ਜਿਵੇਂ ਪਾਲੀ, ਸਵਰਨਾਂ ਗ੍ਰੈਵਜੈਂਡ, ਮੋਹਣਾ ਸੰਧਵਾ, ਰਾਜਨ ਮਾਹਲ ਤੇ ਬਿੰਦਰ ਮਾਹਲ ਵਰਗੇ ਖਿਡਾਰੀਆਂ ਦੀ ਜਾਫ ਲਾਈਨ 'ਚ ਖੇਡ ਚੁੱਕਾ ਹੈ| ਇੰਗਲੈਂਡ ਦੇ ਸੁੰਦਰ ਸ਼ਹਿਰਾਂ 'ਚ ਸ਼ੁਮਾਰ ਹੋਏ ਸ਼ਹਿਰ ਗ੍ਰੈਵਜੈਂਡ ਵਿੱਚ ਨਾਮਵਰ ਬਿਲਡਿੰਗ ਕੰਪਨੀ "ਪੀ ਸੀ ਕੰਕਰੀਟ" ਦਾ ਕਰਤਾ ਧਰਤਾ ਸੱਤਾ ਕਬੱਡੀ ਦੀ ਸਭ ਸਰਗਰਮੀਆਂ 'ਤੇ ਨਜ਼ਰ ਰੱਖਦਾ ਹੈ| ਸੱਤਾ ਮੁਠੱਡਾ ਕਲਾਂ ਦੇ ਕਬੱਡੀ ਕੱਪ 'ਚ ਪਾਰਕਿੰਗ ਦੀ ਆਉਂਦੀ ਸਮੱਸਿਆ ਨੂੰ ਲੈ ਕੇ ਜਰੂਰ ਚਿੰਤਤ ਹੈ| ਇਸ ਬਾਰੇ ਉਹ ਕਹਿੰਦਾ ਹੈ ਕਿ ਇਸ ਕੱਪ ਵਿੱਚ ਦਰਸ਼ਕਾਂ ਦਾ ਵੱਡਾ ਹਜੂਮ ਜੁੜਦਾ ਹੈ| ਦਰਸ਼ਕਾਂ ਦੇ ਬੈਠਣ ਦੀ ਸਮੱਸਿਆ ਵੀ ਹੈ। ਇਸੇ ਕਰਕੇ ਅਸੀਂ ਤਿੰਨੇ ਜੈਸ, ਦਾਰਾ ਤੇ ਮੈਂ ਅਗਲੇ ਸਾਲ ਸਟੇਡੀਅਮ ਨੂੰ ਡਬਲ ਸਟੋਰੀ ਬਨਾਉਣ ਦੀ ਯੋਜਨਾ ਬਣਾ ਰਹੇ ਹਾਂ ਤਾਂ ਕਿ ਸੈਂਕੜੇ ਮੀਲਾਂ ਤੋਂ ਚੱਲ ਕੇ ਆਉਣ ਵਾਲੇ ਖੇਡ ਪ੍ਰੇਮੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ| ਸਾਡੀ ਤਿੰਨਾਂ ਦੀ ਇਹੀ ਕੋਸ਼ਿਸ਼ ਹੈ ਕਿ ਮੁਠੱਡਾ ਕਬੱਡੀ ਕੱਪ ਕਬੱਡੀ ਇਤਿਹਾਸ ਦਾ ਸੁਨਿਹਰਾ ਪੰਨਾ ਬਣੇ|
- ਹਰਮਿੰਦਰ ਢਿੱਲੋਂ ਮੌ ਸਾਹਿਬ
















