Saturday, May 19th

Last update11:08:48 PM GMT

ਅਸੀਂ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ ਮਾਨ

ਭਗਵੰਤ ਮਾਨ ਨੂੰ ਹੁਣ ਤੱਕ ਲੋਕ ਕਾਮੇਡੀ ਕਲਾਕਾਰ ਵਜੋਂ ਹੀ ਜਾਣਦੇ ਰਹੇ ਹਨ। ਸਟੇਜ ਉਤੋਂ ਉਸਦਾ ਬੋਲਣ ਦਾ ਅੰਦਾਜ, ਵੱਖ –ਵੱਖ ਸਰਕਾਰੀ ਵਿਭਾਗਾਂ ਉੱਤੇ ਕੀਤੇ ਵਿਅੰਗ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ ਹਨ । ਭਾਵੇ ਉਸਦੇ ਹਰੇਕ ਵਿਅੰਗ ਵਿੱਚ ਕੋਈ ਨਾ ਕੋਈ ਗੰਭੀਰ ਸਨੇਹਾ ਵੀ ਹੁੰਦਾ ਸੀ, ਪਰੰਤੂ ਜਿਆਦਾਤਰ ਲੋਕ ਉਸਦੀ ਕਾਮੇਡੀ ਨੂੰ ਹਲਕੇ ਫੁਲਕੇ ਹਾਸੇ ਤੇ ਮਜ਼ਾਕ ਵਜੋਂ ਹੀ ਲੈਂਦੇ ਰਹੇ । ਪਰੰਤੂ ਘੱਟ ਲੋਕ ਕੀ ਜਾਣਦੇ ਹਨ ਕਿ ਇਹ ਹਾਸਿਆਂ ਦਾ ਬਾਦਸ਼ਾਹ ਲੋਕਾਂ ਦੇ ਦਰਦ ਨੂੰ ਦਿਲ ਵਿੱਚ ਸਮੋ ਕੇ ਰੱਖੀ ਬੈਠਾ ਹੈ । ਪੰਜਾਬ ਦੀ ਬਦ ਤੋ ਬਦਤਰ ਹੁੰਦੀ ਜਾ ਰਹੀ ਹਾਲਤ, ਗਰੀਬੀ ਦੀ ਚੱਕੀ ਵਿੱਚ ਪਿਸਦੇ ਜਾ ਰਹੇ ਲੋਕ ਅਤੇ ਖੁਦਕੁਸ਼ੀਆਂ ਕਰਦੇ ਕਿਸਾਨਾਂ ਦੇ ਘਰਾਂ ਵਿੱਚ ਪੈਂਦੇ ਵੈਣਾਂ ਨੇ ਉਸਦੀ ਰਾਤਾਂ ਦੀ ਨੀਂਦ ਉਚਾਟ ਕਰ ਦਿੱਤੀ। ਉਸਨੇ ਬੀੜਾ ਚੁੱਕਿਆ ਲੋਕਾਂ ਦੇ ਦੁੱਖ ਉੱਤੇ ਮਲਮ ਲਾਉਣ ਦਾ । ਉਸਦੇ ਅੰਦਰ ਧੁਖ ਰਹੀ ਇਸ ਚਿੰਤਾ ਨੂੰ ਉਦੋਂ ਹੋਰ ਹਵਾ ਮਿਲੀ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਪਾਰਟੀ ਦਾ ਦਾ ਗਠਨ ਕਰਕੇ ਪੰਜਾਬ ਦੇ ਧਨ ਕੁਬੇਰ ਲੀਡਰਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਅਤੇ ਭਗਵੰਤ ਮਾਨ ਨੇ ਆਪਣੇ ਸੁਨਹਿਰੀ ਕੈਰੀਅਰ ਨੂੰ ਦਾਅ ਤੇ ਲਗਾ ਕੇ ਲੋਕਾਂ ਦੇ ਦਰਾਂ ਉਤੇ ਜਾਣ ਦਾ ਫੈਸਲਾ ਕਰ ਲਿਆ । ਭਗਵੰਤ ਮਾਨ ਨੇ ਆਪਣੇ ਜੱਦੀ ਹਲਕੇ ਸੁਨਾਮ ਨੂੰ ਛੱਡ ਕੇ ਲਹਿਰਾਗਾਗਾ ਦਾ ਉਹ ਹਲਕਾ ਚੁਣਿਆ ਜਿਸਨੂੰ ਪੰਜਾਬ ਦੇ ਕਿਸਾਨਾਂ ਦੀ 'ਕਬਰਗਾਹ' ਵਜੋਂ ਵੀ ਜਾਣਿਆ ਜਾਂਦਾ ਹੈ । ਇਸ ਹਲਕੇ ਦਾ ਸ਼ਾਇਦ ਕੋਈ ਵੀ ਪਿੰਡ ਅਜਿਹਾ ਨਹੀਂ ਜਿੱਥੇ ਖੁਦਕੁਸ਼ੀਆਂ ਕਰਕੇ ਕਿਸਾਨਾਂ ਦੇ ਘਰਾਂ ਵਿੱਚ ਕੀਰਨੇ ਨਾ ਪਏ ਹੋਣ । ਵਿਕਾਸ ਪੱਖੋ ਪਛੜਿਆ ਇਹ ਇਲਾਕਾ ਹਮੇਸ਼ਾ ਹੀ ਰਾਜਨੇਤਾਵਾਂ ਦੀ ਕ੍ਰਿਪਾ ਤੋਂ ਸੱਖਣਾ ਰਿਹਾ ਹੈ । ਭਗਵੰਤ ਮਾਨ ਜਾਣਦਾ ਹੈ ਕਿ ਇਸ ਹਲਕੇ ਵਿੱਚ ਲੜਾਈ ਏਨੀ ਸੋਖੀ ਨਹੀਂ ਬਲਕਿ ਇਸ ਹਲਕੇ ਵਿੱਚ ਉਸਦੀ ਹਾਲਤ ਮਹਾਂਭਾਰਤ ਦੇ ਉਸ ਅਭਿਮਨਊ ਵਰਗੀ ਹੈ ਜਿਸਦੇ ਆਲੇ- ਦੁਆਲੇ ਸਿਆਸਤ ਦੇ ਵੱਡੇ -੨ ਦਰੋਣਾਚਾਰਿਆ ਦਾ ਚਕਰਵਿਊ ਰਚਿਆ ਹੋਇਆ ਹੈ । ਇੱਕ ਪਾਸੇ ਬੀਬੀ ਭੱਠਲ ਦਾ ਲਗਭਗ ੨੦ ਸਾਲ ਪੁਰਾਣਾ ਅਜਿੱਤ ਸਮਝਿਆ ਜਾਣ ਵਾਲਾ ਸਾਮਰਾਜ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਦੀ ਇਲਾਕੇ ਵਿੱਚ ਵੀ ਅਤੇ ਅਫਸਰਸ਼ਾਹੀ ਵਿੱਚ ਮਜਬੂਤ ਪਕੜ ਹੈ । ਵੱਡੇ – ੨ ਪੂੰਜੀਪਤੀਆਂ ਦੇ ਸਾਹਮਣੇ ਨੰਗੇ ਧੜ ਲੜਨ ਦਾ ਬਲ ਕੇਵਲ ਭਗਵੰਤ ਮਾਨ ਦੇ ਹਿੱਸੇ ਹੀ ਆਇਆ । ਬੀਤੇ ਦਿਨੀ ਮੇਰੀ ਭਗਵੰਤ ਮਾਨ ਫੋਨ ਤੇ ਗਲਬਾਤ ਹੋਈ ਤੇ ਇਸ ਦੌਰਾਨ ਭਗਵੰਤ ਨੇ ਕਈ ਗੱਲਾਂ ਦਾ ਜਿਕਰ ਕੀਤਾ । ਭਗਵੰਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿਰੋਧੀਆਂ ਦੀ ਬੇਸ਼ੁਮਾਰ ਦੌਲਤ ਦੇ ਸਾਹਮਣੇ ਉਸ ਕੋਲ ਜੇ ਕੁੱਝ ਹੈ ਤਾਂ ਉਹ ਮਾਵਾਂ ਦੀਆਂ ਦੁਆਵਾਂ ਜਿੰਨ੍ਹਾਂ ਦੇ ਪੁੱਤ ਜਾਂ ਤਾਂ ਨਸ਼ਿਆਂ ਨੇ ਖਾ ਲਏ ਜਾਂ ਕੀੜੇਮਾਰ ਦਵਾਈਆਂ ਦੀ ਖੁਰਾਕ ਬਣ ਗਏ । ਉਹ ਸੱਖਣੇ ਬੂਹੇ ਜਿੰਨ੍ਹਾਂ ਨੂੰ ਸਾਲਾਂ ਤੋਂ ਜੰਗਾਲ ਲੱਗਿਆ ਹੈ । ਰੁੱਲ ਰਿਹਾ ਉਹ ਬੁਢੇਪਾ ਅੱਖਾਂ ਉਪਰ ਹੱਥ ਰੱਖ ਕੇ ਕਿਸੇ ਅਜਿਹੇ ਰਹਿਬਰ ਵੱਲ ਤੱਕ ਰਿਹਾ ਹੈ ਤਾਂ ਜੋ ਉਹਨਾਂ ਦੀ ਅਖੀਰੀਲੀ ਉਮਰੇ ਉਨ੍ਹਾਂ ਦਾ ਸਹਾਰਾ ਬਣ ਸਕੇ ਅਤੇ ਇਸੇ ਆਸ ਨਾਲ ਉਹ ਇਹ ਜੰਗ ਲੜ ਰਿਹਾ ਹੈ । ਭਗਵੰਤ ਨੇ ਕਿਹਾ ਕਿ ਦੁਖੀ ਲੋਕਾਂ ਦੀਆਂ ਦੁਆਵਾਂ ਕਦੀ ਬੇਅਸਰ ਨਹੀਂ ਹੁੰਦੀਆਂ । ਜਦੋਂ ਉਹ ਪਿੰਡਾਂ ਦੀਆਂ ਸੱਥਾਂ ਵਿੱਚ ਜਾਂਦਾ ਹੈ ਤੇ ਲੋਕਾਂ ਦੇ ਰੂਬਰੁ ਹੁੰਦਾ ਹੈ ਤਾਂ ਲੋਕ ਉਸਦੀਆਂ ਗੱਲਾਂ ਧਿਆਨ ਨਾਲ ਸੁਣਦੇ ਹਨ ਪਰ ਹੁਣ ਉਸਦੀਆਂ ਸੁਣ ਕੇ ਲੋਕ ਹੱਸਦੇ ਨਹੀਂ ਸਗੋਂ ਗੱਲਾਂ ਸੁਣ ਕੇ ਗੰਭੀਰ ਹੋ ਜਾਂਦੇ ਹਨ । ਭਗਵੰਤ ਕਹਿੰਦਾ ਕਿ ਨਾ ਤਾਂ ਉਹ ਪਿੰਡਾਂ ਵਿੱਚ ਜਾ ਕੇ ਗਲੀਆਂ – ਨਾਲੀਆਂ ਦੀ ਗੱਲ ਕਰਦਾ ਹੈ ਤੇ ਨਾਂ ਹੀ ਸਮਸ਼ਾਨਘਾਟ ਦੀ ਚਾਰਦੀਵਾਰੀ ਦੀ । ਉਹ ਨਾ ਹੀ ਕਿਸੇ ਨੂੰ ਖੁੰਡੇ ਨਾਲ ਕੁੱਟਣ ਤੇ ਨਾ ਹੀ ਕਿਸੇ ਦੀ ਧੋਣ ਵੱਡਣ ਦੀ ਗੱਲ ਕਰਦਾ ਹੈ । ਉਹ ਨਾ ਤਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਕਰਦਾ ਹੈ ਤੇ ਨਾ ਹੀ ਕਿਸੇ ਦੇ ਪੋਤੜੇ ਫਰੋਲਦਾ ਹੈ । ਉਹ ਗੱਲ ਕਰਦਾ ਹੈ ਟੈਕੀਆਂ ਤੇ ਚੜ੍ਹ ਕੇ ਖੁਦਕੁਸ਼ੀਆਂ ਕਰਨ ਵਾਲੇ ਬੇਰੁਜਗਾਰਾਂ ਦੀ, ਆਪਣੀ ਜਮੀਨ ਗਹਿਣੇ ਕਰਕੇ ਵਿਦੇਸ਼ ਭੱਜ ਰਹੀ ਜਵਾਨੀ ਦੀ, ਉਹ ਗੱਲ ਕਰਦਾ ਹੈ ਘੱਗਰ ਦੀ ਮਾਰ ਹੇਠ ਆਏ ਉਨਾਂ ਲੋਕਾਂ ਦੀ ਜੋਆਪਣਾ ਸਭ ਕੁਝ ਗੁਆ ਚੁਕੇ ਹਨ,ਉਹ ਆਪਣੀ ਦਲੀਲ ਵਿੱਚ ਕਹਿੰਦਾ ਹੈ ਕਿ ਪੰਜਾਬ ਨੂੰ ਕੈਲੀਫੋਰਨੀਆ ਨਾ ਬਣਾਉ ਇਸਨੂੰ ਸਿਰਫ ਤੇ ਸਿਰਫ ਪੰਜਾਬ ਬਣਾਉਣਾ ਹੈ । ਉਹ ਕਹਿੰਦਾ ਮੈਂ ਜਿੱਤ ਕੇ ਕੋਈ ਐਮ.ਐਲ.ਏ. ਨਹੀਂ ਕਹਾਉਣਾ ਸਿਰਫ ਤੁਹਾਡਾ ਪ੍ਰਤੀਨਿਧੀ ਕਹਾਉਣਾ ਜੋ ਤੁਹਾਡੀ ਅਵਾਜ ਬੁਲੰਦ ਕਰ ਸਕੇ। ਸਾਡੀ ਪਾਰਟੀ ਦੀ ਸੌਚ ਨੋਜਵਾਨੀ ਨੂੰ ਨਸ਼ਿਆਂ ਤੋ, ਬਚਾਉਣਾ ਸਰਕਾਰੀ ਕੰਮਾਂ ਵਿੱਚ ਪਾਰਦਾਰਸਤਾ ਲਿਆਉਣਾ, ਅਫਸਰਸਾਹੀ ਨੂੰ ਲੋਕਾਂ ਪ੍ਰਤੀ ਜਵਾਬ ਦੇਹ ਕਰਨਾ। ਵੀ.ਆਈ.ਪੀ. ਕਲਚਰ ਨੂੰ ਬਿਲਕੁੱਲ ਖਤਮ ਕਰਨਾ। ਵਿਦੇਸ਼ੀ ਰਾਜਨੀਤੀਵਾਨਾਂ ਵਾਗ ਰਾਜਨੀਤਿਕ ਲੋਕਾਂ ਨੂੰ ਜਨਤਾ ਪ੍ਰਤੀ ਜਵਾਬਦੇਹ ਕਰਨਾ। ਉਹ ਆਪਣੀ ਦਲੀਲ ਵਿੱਚ ਭਾਵੁਕ ਹੋ ਕੇ ਕਹਿੰਦਾ ਹੈ ਕਿ ਭਗਤ ਸਿੰਘ, ਰਾਜਗੂਰੂ, ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅੰਗਰੇਜ਼ਾਂ ਨੂੰ ਦੇਸ ਵਿੱਚੋਂ ਕੱਢਣ ਲਈ ਆਪਣੀਆਂ ਜਾਨਾਂ ਵਾਰ ਗਏ । ਪਰ ਸਾਡੇ ਨੋਜਵਾਨ ਆਪਣੇ ਦੇਸ਼ ਵਿੱਚ ਰੋਜ਼ਗਾਰ ਵਸੀਲੇ ਨਾ ਬਣਦੇ ਦੇਖ ਵਿਦੇਸ਼ੀ ਧਰਤੀ ਤੇ ਪਹੁੰਚ ਰਹੇ ਹਨ । ਭਗਵੰਤ ਕਹਿੰਦਾ ਹੈ ਕਿ ਉਸ ਨੂੰ ਆਪਣੀ ਸਭ ਤੋਂ ਵੱਡੀ ਦੋਲਤ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਸਦੀਆਂ ਗੱਲਾਂ ਸੁਣ ਕੇ ਇਕੱਠ ਵਿੱਚੋਂ ਉਠ ਕੇ ਕੋਈ ਬਜ਼ੁਰਗ ਉਸਦੀ ਪਿੱਠ ਥਾਪੜਦਾ ਹੈ ਤੇ ਕਹਿੰਦਾ ਹੈ ! ਵਾਹ ਪੁੱਤਰ ਖੁਸ ਕੀਤਾ ਈ ! ਅਤੇ ਉਸ ਬਜ਼ੁਰਗ ਦੀਆਂ ਅੱਖਾਂ ਵਿਚੋਂ ਜਿਵੇਂ ਚੜਦੇ ਸੂਰਜ ਦੀ ਲਾਲੀ ਦੀ ਝਲਕ ਪੈਦੀ ਹੈ ਅਤੇ ਚੜਦੇ ਸੂਰਜ ਦਾ ਇਹ ਸੁਪਨਾ ਹਰੇਕ ਪੰਜਾਬੀ ਦੀਆਂ ਅੱਖਾਂ ਵਿੱਚ ਹੋਵੇ । ਇਹੋ ਉਸਦਾ ਅਤੇ ਪੂਰੇ ਪੰਜਾਬ ਵਾਸੀਆਂ ਦਾ ਸੁਪਨਾ ਹੈ । ! ਸਾਲਾ ਭਗਵੰਤ ਲੋਕਾਂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜੇ ਅਤੇ ਪੰਜਾਬ ਦੇ ਅੰਦਰ ਇੱਕ ਨਵੀਂ ਸੂਹੀ ਸਵੇਰ ਦਾ ਆਗਾਜ਼ ਹੋਵੇ । ਇਹੋ ਹੀ ਸਾਡੇ ਸਾਰਿਆਂ ਦੀ ਦੁਆ ਹੈ ।

Khushpreet singh sunam

(Melbourne)australia

Joomla Templates and Joomla Extensions by ZooTemplate.Com

Add comment


Security code
Refresh