ਉਸ ਵਿੱਚ ਬਹੁਤ ਕੁਝ ਵੇਖਿਆ ਸੀ ਮੈਂ,
ਮੈਨੂੰ ਕਿਉਂ ਨਹੀਂ ਆਪਣਾ ਬਣਾਇਆ ਉਸਨੇ,
ਪਤਾ ਨਹੀਂ?
ਹਮੇਸ਼ਾ ਖੁਆਬਾਂ ਵਿੱਚ ਵੇਖਦਾ ਸੀ, ਉਸਨੂੰ ਮੈਂ,
ਕਿਉਂ ਮੇਰਾ ਇੱਕ ਵੀ ਖੁਆਬ ਨਾ ਸਜਾਇਆ ਉਸਨੇ,
ਪਤਾ ਨਹੀਂ?
ਮੈਂ ਤਾਂ ਚਾਹੁੰਦਾ ਸੀ ਸਦਾ ਉਸਨੂੰ, ਖੁਸ਼ ਵੇਖਣਾ,
ਮੈਨੂੰ ਕਿਉਂ ਇੰਨਾ ਰੁਲਾਇਆ ਉਸਨੇ,
ਪਤਾ ਨਹੀਂ?
ਮੈਂ ਤਾਂ ਵੰਡਦਾ ਸੀ ਉਸ ਨਾਲ, ਹਰ ਦੁੱਖ ਸੁੱਖ,
ਮੈਨੂੰ ਕਿਉਂ ਸਮਝਿਆ ਪਰਾਇਆ ਉਸਨੇ,
ਪਤਾ ਨਹੀਂ?
ਜਿਸਦੇ ਜਿਉਣ ਦੀਆਂ ਸੀ ਮੈਂ, ਸੁੱਖਾਂ ਮੰਗਦਾ,
ਕਿਉਂ ਇਸ਼ਕ 'ਚੋਂ ਮੈਨੂੰ ਮਰਵਾਇਆ ਉਸਨੇ,
ਪਤਾ ਨਹੀਂ?
ਖਤ ਲੈ ਕੇ ਘੁੰਮਦਾ ਸੀ, ਉਸਦੇ ਅੱਗੇ ਪਿੱਛੇ ਮੈਂ,
ਕਿਉਂ ਇੱਕ ਵੀ ਖਤ ਨਾ ਮੈਨੂੰ ਪਾਇਆ ਉਸਨੇ,
ਪਤਾ ਨਹੀਂ?
ਵਫਾ ਚਾਹੁੰਦਾ ਸੀ ਕਰਨੀ, ਉਸ ਨਾਲ ਮੈਂ,
ਆਪਣੇ ਨਾਂ ਨਾਲ ਬੇਵਫਾ ਕਿਉਂ ਲਗਾਇਆ ਉਸਨੇ,
ਪਤਾ ਨਹੀਂ?
ਜਿਸਦੀ ਦੇਵੀ ਦੇ ਰੂਪ ਵਿੱਚ ਸੀ ਮੈਂ, ਕਰਦਾ ਇੱਜ਼ਤ,
ਖੁਦ ਨੂੰ ਮੇਰੀ ਨਜ਼ਰਾਂ 'ਚੋਂ ਕਿਉਂ ਗਿਰਾਇਆ ਉਸਨੇ,
ਪਤਾ ਨਹੀਂ?
ਅਰਥੀ ਸਜਾਉਣ ਵਾਲੇ ਤਾਂ, ਬਹੁਤ ਸਨ ਮੇਰੀ,
ਪਰ ਕਫਨ ਕੌਣ ਲਿਆਇਆ,
ਪਤਾ ਨਹੀਂ?
ਤਿੰਨ ਜਣੇ ਤਾਂ ਅਰਥੀ ਚੁੱਕਣ ਲਈ, ਮੰਨ ਗਏ ਸੀ 'ਘਾਇਲ',
ਪਰ ਚੌਥਾ ਕੌਣ ਮਨਾਇਆ,
ਪਤਾ ਨਹੀਂ?
- ਘਾਇਲ
ਕਵਿਤਾਵਾਂ ਗੀਤ ਗਜ਼ਲਾਂ
ਪਤਾ ਨਹੀਂ
- Saturday, 28 January 2012 16:15
ਨਵੇਂ ਸਾਲ ਦਾ ਨਵਾਂ ਸਵੇਰਾ
- Sunday, 01 January 2012 19:09
ਨਵੇਂ ਸਾਲ ਦਾ ਨਵਾਂ ਸਵੇਰਾ,
ਨਵੀਂ ਕਿਰਨ ਕੋਈ ਲੈ ਕੇ ਆਵੇ।
ਕੋਈ ਵੀ ਬੱਚਾ ਨੰਗੇਂ ਪੈਰੀਂ,
ਨਾ ਹੀ ਪੜ੍ਹਨ ਸਕੂਲੇ ਜਾਵੇ।
ਬਿਨ ਮਜਦੂਰੀ ਖਾਲੀ ਹੱਥੀਂ,
ਨਾ ਕੋਈ ਕਾਮਾ ਘਰ ਮੁੜ ਆਵੇ।
ਪਤੀ ਸ਼ਰਾਬੀ ਡਿੱਗੇ ਦੇ ਕੋਲ,
ਕੋਈ ਵੀ ਪਤਨੀ ਵੈਣ ਨਾ ਪਾਵੇ।
ਸਹੁਰਿਆਂ ਘਰੋਂ ਬਣ ਦੁਖਿਆਰੀ,
ਨਾ ਕੋਈ ਅਬਲਾ ਪੇਕੇ ਆਵੇ।
ਪਿਉ ਦੀ ਚਿੱਟੀ ਪਗੜੀ ਉੱਤੇ,
ਕੋਈ ਵੀ ਧੀ ਦਾਗ ਨਾ ਲਾਵੇ।
ਮੰਦੇ ਚੰਗੇ ਬੋਲ, ਬੋਲਕੇ,
ਨੂੰਹ ਤੋਂ ਸੱਸ ਨਾ ਗੁੱਤ ਪੁਟਾਵੇ।
ਬੇਰੁਜਗਾਰੀ ਮੁੱਕ ਜੇ ਜੱਗ ਤੋਂ,
ਹਰ ਕੋਈ ਰੱਜ ਕੇ ਰੋਟੀ ਖਾਵੇ।
ਨਸ਼ਿਆਂ ਦੇ ਚਿੱਕੜ ਵਿਚ ਫਸ ਕੇ,
ਨਾ ਕੋਈ ਗੱਭਰੂ ਜਾਨ ਗੁਆਵੇ।
ਜਾਤ ਪਾਤ ਦੀਆਂ ਮੁੱਕ ਜਾਣ ਗੱਲਾਂ,
ਭਾਈਆਂ ਵਿਚ ਕੋਈ ਵੰਡ ਨਾ ਪਾਵੇ।
ਧਰਮ ਦੇ ਠੇਕੇਦਾਰਾਂ ਕੋਲੋਂ,
ਜਨਤਾ ਨੂੰ ਕੋਈ ਮੁਕਤ ਕਰਾਵੇ।
ਹੋਣ ਉਹੋ ਜੋ ਲੇਖੀਂ ਲਿਖਿਆ,
'ਰਾਹੀ' ਐਵੇਂ ਕਲਮ ਚਲਾਵੇ।

- ਰਵਿੰਦਰ ਸਿੰਘ ਰਾਹੀ
ਹੁਸਨ-ਕਟਾਰ
- Friday, 25 November 2011 18:15
ਸਾਮ੍ਹਣੇ ਮੇਰੇ ਕਿਨਾਰਾ ਸੀ,
ਅਚਾਨਕ ਆਇਆ ਇੱਕ ਤੂਫਾਨ,
ਕਿਸ਼ਤੀ ਮੇਰੀ ਡਗਮਗਾਈ,
ਦਿਲ 'ਚ ਰਹਿ ਗਏ ਦਿਲ ਦੇ ਅਰਮਾਨ।
ਇਹ ਕੀ ਹੋਇਆ, ਇਹ ਕੀ ਹੋਇਆ,
ਅਜਿਹਾ ਤਾਂ ਅਸੀਂ 'ਸੋਚਿਆ ਨਹੀਂ' ਸੀ,
ਪਰ ਤਦ ਤੱਕ ਲੁੱਟ ਚੁੱਕੇ ਸੀ,
ਜਦੋਂ ਆਇਆ ਆਪਣਾ ਧਿਆਨ।
ਸਜ਼ਾ ਮਿਲੀ ਏ ਕਿਸ ਕਸੂਰ ਦੀ,
ਕੁਝ ਇਹ ਵੀ ਤਾਂ ਪਤਾ ਲੱਗੇ,
ਬੇਵਫ਼ਾਈ ਦਾ ਸਾਡੇ ਉੱਤੇ ਕਿਉਂ,
ਝੱਟ ਜਾਰੀ ਕਰ ਦਿੱਤਾ ਫੁਰਮਾਨ।
ਆਜ਼ਾਦ ਤਬੀਅਤ, ਆਜ਼ਾਦ ਸੋਚਣੀ,
ਆਜ਼ਾਦ ਖਿਆਲ, ਆਜ਼ਾਦ ਸੀ ਦਿਲ,
ਹੁਸਨ ਨੇ ਤਾਂ ਹੀ ਲੁੱਟਿਆ ਸਾਨੂੰ,
ਇਸ਼ਕ ਦੀ ਰਾਹ ਤੋਂ ਸਾਂ ਅਣਜਾਣ।
ਰੱਬ ਦਾ ਦਰਜਾ ਉਨ੍ਹਾਂ ਨੂੰ ਦੇ ਕੇ,
ਰੱਬ ਨਾਲ ਵੀ ਪਾਇਆ ਵੈਰ,
ਕਿੰਨਾ ਖੁਦਗਰਜ਼ ਹੋ ਜਾਂਦਾ ਏ,
ਇਸ਼ਕ 'ਚੋਂ ਮੇਰੇ ਵਾਂਗ ਹਰ ਇਨਸਾਨ।
ਸ਼ਾਇਦ ਆਖਰੀ, ਸ਼ਾਇਦ ਆਖਰੀ,
ਇਹ ਤਾਂ ਆਖਰੀ ਹੀ ਹੋਵੇਗਾ,
ਖੁਸ਼ੀ ਖੁਸ਼ੀ ਦਿੰਦੇ ਰਹੇ,
ਇਹੀ ਸੋਚ ਕੇ ਹਰ ਇਮਤਿਹਾਨ।
ਮੰਨ ਗਏ ਮੰਨ ਗਏ, ਉਨ੍ਹਾਂ ਨੂੰ ਯਾਰੋ,
ਹੁਣ ਸਮਝੇ ਉਨ੍ਹਾਂ ਦੀਆਂ ਚਾਲਾਂ ਨੂੰ,
ਕਿੰਨੀ ਸਿਆਣਪ ਨਾਲ ਵਰਤਦੇ ਨੇ ਉਹ,
ਕਈ ਤਲਵਾਰਾਂ ਲਈ ਇੱਕ ਮਿਆਨ।
ਬੱਲੇ ਹੁਸਨਾਂ ਬੱਲੇ ਹੁਸਨਾਂ,
ਹੁਣ ਤੇਰੀ ਖੇਡ ਸਮਝ ਆਈ,
ਆਸ਼ਕਾਂ ਨੂੰ ਬਰਬਾਦ ਤੂੰ ਕਰਕੇ,
ਬਣਾ ਛੱਡਦਾ ਏਂ ਉਨ੍ਹਾਂ ਦੀ ਦਾਸਤਾਨ।
ਹੁਸਨ, ਕਟਾਰ, ਫ਼ਕੀਰ, ਘੋੜੇ 'ਤੇ,
ਕਦੇ ਨਾ ਕਰੀਏ ਯਕੀਨ ਯਾਰੋ,
'ਘਾਇਲ' ਨੂੰ ਚੇਤੇ ਆਈ ਬਾਦ 'ਚ,
ਸਿਆਣਿਆਂ ਦੀ ਇਹ ਅਖਾਣ।
- ਗੁਰਵਿੰਦਰ ਸਿੰਘ ਘਾਇਲ
ਧਰਮਾਂ ਦੇ ਠੇਕੇਦਾਰ
- Thursday, 24 November 2011 19:17
ਬੇਨਤੀ ਹੈ ਕਿ ਇਸ ਕਵਿਤਾ ਵਿੱਚ ਮੈਂ ਕਿਸੇ ਦੇ ਵੀ ਧਰਮ ਦੀ ਨਿਖੇਧੀ ਨਹੀਂ ਕਰ ਰਿਹਾ। ਇਸ ਕਵਿਤਾ ਵਿਚ ਮੈਂ ਉਨ੍ਹਾਂ ਪਾਖੰਡੀਆਂ ਦੀ ਗੱਲ ਕੀਤੀ ਹੈ ਜੋ ਅੱਜ ਧਰਮਾਂ ਦੀ ਆੜ ਵਿੱਚ ਡੇਰੇ ਖੋਲ੍ਹ ਕੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰੀ ਜਾ ਰਹੇ ਹਨ। ਉਮੀਦ ਕਰਦਾ ਹਾਂ ਕਿ ਇਹ ਕਵਿਤਾ ਆਪ ਜੀ ਨੂੰ ਪਸੰਦ ਆਵੇਗੀ, ਧੰਨਵਾਦ।
ਇਹ ਹਨ ਧਰਮਾਂ ਦੇ ਠੇਕੇਦਾਰ ਦੋਸਤੋ
ਇਹ ਹਨ ਧਰਮਾਂ ਦੇ ਠੇਕੇਦਾਰ ਦੋਸਤੋ,
ਇਹ ਹਨ ਧਰਮਾਂ ਦੇ ਠੇਕੇਦਾਰ ਦੋਸਤੋ,
ਜੋ ਖ਼ੁਦ ਨੂੰ ਕਹਾਉਣ ਰੱਬੀ ਅਵਤਾਰ ਦੋਸਤੋ,
ਮਕਸਦ ਤਾਂ ਇਨ੍ਹਾਂ ਦਾ ਕੋਈ ਹੋਰ ਹੀ ਹੁੰਦਾਂ,
ਬੱਸ ਐਵੇ ਲੋਕਾਂ-ਲੱਜੀ ਕਰੀ ਜਾਂਦੇ ਪਾਖੰਡ ਦਾ ਪ੍ਰਚਾਰ ਦੋਸਤੋ,
ਧੀਆਂ-ਭੈਣਾਂ ਦੀਆਂ ਇੱਜ਼ਤਾਂ ਨੂੰ ਕਰਦੇ ਇਹ ਲਾਚਾਰ ਦੋਸਤੋ,
ਪਰ ਫ਼ਿਰ ਵੀ ਰੱਬ ਤੋਂ ਜ਼ਿਆਦਾ ਹੁੰਦੀ ਇਨਾਂ ਦੀ ਜੈ ਜੈ ਕਾਰ ਦੋਸਤੋ,
ਇਹ ਹਨ ਧਰਮਾਂ ਦੇ ਠੇਕੇਦਾਰ ਦੋਸਤੋ।
ਕੋਈ ਭੰਗ ਪੀ ਕੇ ਆਪਣੀਆਂ ਕਰਾਮਾਤਾਂ ਵਿਖਾਈ ਜਾਂਦਾ,
ਤੇ ਕਿਤੇ ਕੋਈ ਲਾਈਟਾਂ 'ਚੋਂ ਰੱਬ ਵਿਖਾਈ ਜਾਂਦਾ,
ਲੋਕਾਂ ਅੱਖੀ ਘਾਟਾ ਪਾਉਣ ਲਈ,
ਕੋਈ ਆਪਣਾ ਵੱਖਰਾ ਗ੍ਰੰਥ ਲਿਖਵਾਈ ਜਾਂਦਾ,
ਅੰਨੀ ਪੀਹਵੇ ਕੁੱਤਾ ਚੱਟੇ ਵਾਲਾ ਹੁਣ ਲੱਗਾ ਹਰ ਪਾਸੇ ਪੰਡਾਰ ਦੋਸਤੋ,
ਇਹ ਹਨ ਧਰਮਾਂ ਦੇ ਠੇਕੇਦਾਰ ਦੋਸਤੋ।
ਮੁੰਡੇ ਤਾਂ ਇਹ ਇੰਜ਼ ਵੰਡਦੇ ਜਿਵੇ ਵੰਡਦੇ ਹੋਣ ਫੁੱਲੀਆਂ ਪਤਾਸੇ,
ਚਾਰ ਦਿਨ ਸੇਵਾ ਡੇਰੇ ਕਰਕੇ ਹਾਸਲ ਕਰ ਲੈ ਤੂੰ ਹਾਸੇ,
ਜ਼ਿੰਦਗੀ ਸਾਰੀ ਤੂੰ ਵੀ ਸੁੱਖ ਮਾਣੇਂਗੀ,
ਭੋਲੀਆਂ ਬੀਬੀਆਂ ਨੂੰ ਦੇਣ ਇਹ ਮਿੱਠੜੇ ਦਿਲਾਸੇ,
ਧਰਮਾਂ ਦੀ ਆੜ 'ਚ ਇਹ ਪਾਖੰਡੀ ਕਰਨ ਜਿਸਮ-ਫ਼ਰੋਸ਼ੀ ਦਾ ਵਿਉਪਾਰ ਦੋਸਤੋ,
ਇਹ ਹਨ ਧਰਮਾਂ ਦੇ ਠੇਕੇਦਾਰ ਦੋਸਤੋ।
ਹੱਥਾਂ ਦੀਆਂ ਚਾਰ ਲਕੀਰਾਂ ਤੋਂ ਜ਼ਿੰਦਗੀ ਦਾ ਇਹ ਪੂਰਾ ਹਾਲ ਦੱਸਦੇ,
ਸ਼ਨੀ ਨੂੰ ਮੰਗਲ ਵੱਲ ਭੇਜਣ ਲਈ ਪੂਰੀ ਚਾਲ ਦੱਸਦੇ,
ਕੰਮ ਨਾ ਪੂਰਾ ਹੋਣ 'ਤੇ,
101% ਗਾਰੰਟੀ ਨਾਲ ਪੈਸੇ ਵਾਪਸ ਕਰਨ ਦਾ ਖ਼ਿਆਲ ਦੱਸਦੇ,
ਤਿੰਨ ਉਪਾਏ ਪੁੱਛਣ ਵਾਲੇ ਨੂੰ ਇਨਾਂ ਵੱਲੋਂ ਵਸ਼ੀਕਾਰਨ ਫ਼ਰੀ ਉਪਹਾਰ ਦੋਸਤੋ,
ਇਹ ਹਨ ਧਰਮਾਂ ਦੇ ਠੇਕੇਦਾਰ ਦੋਸਤੋ।
ਜੋ ਖ਼ੁਦ ਨੂੰ ਕਹਾਉਣ ਰੱਬੀ ਅਵਤਾਰ ਦੋਸਤੋ,
ਇਹ ਹਨ ਧਰਮਾਂ ਦੇ ਠੇਕੇਦਾਰ ਦੋਸਤੋ।
- ਹਰੀਪੁਰੀਆ ਰਾਕੇਸ਼
ਭਿ੍ਸ਼ਟਾਚਾਰ ਮਿਟਾਉਣਾ ਹੈ..........
- Wednesday, 09 November 2011 14:40
ਚੱਲਿਆ ਰੱਥ ਅਡਵਾਨੀ ਦਾ ਕਹਿੰਦਾ ਦੇਸ਼ ਵਿਚੋਂ ਭਿ੍ਸ਼ਟਾਚਾਰ ਮਿਟਾਉਣਾ ਹੈ,
ਕੈਪਟਨ ਦੀ ਯਾਤਰਾ ਕਹਿੰਦੀ ਪੰਜਾਬ ਵਿਚ ਰਾਜ ਕਾਂਗਰਸੀ ਲਿਆਉਣਾ ਹੈ|
ਪਾਕੇ ਰੇਡ ਕਬੱਡੀ ਦੀ ਬਾਦਲਾਂ ਨੇ ਜੱਫਾ ਕੈਪਟਨ ਤੇ ਮਨਪ੍ਰੀਤ ਨੂੰ ਲਾਉਂਣਾ ਹੈ,
ਰਾਮਦੇਵ ਵੀ ਪੰਜਾਬ ਆਣ ਪਹੁੰਚਿਆਂ ਮਕਸਦ ਲਾਭ ਬੀਜੇਪੀ ਨੂੰ ਪਹੁੰਚਾਣਾ ਹੈ|
...
ਮਨਪ੍ਰੀਤ ਕਹਿੰਦਾ ਇੱਜ਼ਤ ਸੰਭਾਲ ਰੈਲੀਆਂ ਕਰਕੇ ਅਕਾਲੀ-ਕਾਂਗਰਸੀ ਭਜਾਵਾਂਗੇ,
ਘੱਟ ਨੀਂ ਕਿਸੇ ਤੋਂ ਕਹਿੰਦਾ ਮਾਨ ਦਲ ਤੀਜੀ ਵੱਡੀ ਧੀਰ ਵਜੋਂ ਉਭਰ ਕੇ ਆਵਾਂਗੇ|
ਭੱਖ ਗਿਆ ਅਖਾੜਾ ਪੰਜਾਬ ਅਸੈਂਬਲੀ ਚੋਣਾਂ ਦਾ ਹੁਣ ਹਰ ਨੇਤਾ ਲੋਕਾਂ ਤਕ ਜਾਉਂਗਾ,
ਕੋਈ ਕਹਿੰਦਾ ਕੈਪਟਨ,ਕੋਈ ਕਹਿੰਦਾ ਮਨਪ੍ਰੀਤ ਤੇ ਕੋਈ ਕਹੇ ਬਾਦਲ ਮੁੜ ਆਉਂਗਾ|
ਉੱਠਦੇ ਤਿਖੇ ਸਵਾਲਾ ਵਿਚ ਟੀ.ਵੀ. ਮੀਡੀਆ ਦੇਖੋਂ ਹੁਣ ਕਿੰਨੀ ਨਿਰਪੱਖਤਾ ਨਿਭਾਉਂਗਾ?
ਖ਼ੈਰ! ਦਵਿੰਦਰਾ ਸਮਾਂ ਹੀ ਦੱਸੂ ਪੰਜਾਬ ਕਹਿਨੂੰ ਮੁੱਖਮੰਤਰੀ ਦੀ ਕੁਰਸੀ ਤੇ ਬਿਠਾਉਂਗਾ?

ਦਵਿੰਦਰ ਸਿੰਘ ,ਬਰਵਾਲੀ ਕਲਾਂ
















