ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਾਇਲਰ ਰਵੀ ਨਾਲ ਗੱਲਬਾਤ ਕਰਦੇ ਹੋਏ ਨਾਪਾ ਦੇ ਆਗੂ ਸਤਨਾਮ ਸਿੰਘ ਚਾਹਲ, ਦਲਵਿੰਦਰ ਸਿੰਘ ਧੂਤ, ਆਰ ਕੇ ਸ਼ਰਮਾ ਅਤੇ ਇੰਦਰਜੀਤ ਸਿੰਘ ਬੜਿੰਗ, ਉਨ੍ਹਾਂ ਦੇ ਨਾਲ ਵਿਭਾਗ ਦੇ ਜੁਆਇੰਟ ਸੈਕਟਰੀ ਵਿਨੈ ਸਾਹਨੀ ਤੇ ਡਾ: ਸਾਧਨਾ ਸ਼ੰਕਰ ਵੀ ਬੈਠੇ ਦਿਖਾਈ ਦੇ ਰਹੇ ਹਨ।
ਚੰਡੀਗੜ੍ਹ, 8 ਫਰਵਰੀ (ਗੁਰਪ੍ਰੀਤ ਮਹਿਕ) - ਵੱਖ ਵੱਖ ਦੇਸ਼ਾਂ ਵਿਚ ਆਰਥਿਕ ਕਾਰਨਾਂ ਕਰਕੇ ਸਿਆਸੀ ਸ਼ਰਨ ਦਾ ਇੰਮੀਗ੍ਰੇਸ਼ਨ ਸਟੇਟਸ ਰੱਖਣ ਵਾਲੇ ਲੋਕਾਂ ਨਾਲ ਜਿੱਥੇ ਭਾਰਤ ਸਰਕਾਰ ਨਰਮੀ ਨਾਲ ਪੇਸ਼ ਆਵੇਗੀ, ਉੱਥੇ ਅਜਿਹੇ ਪ੍ਰਵਾਸੀ ਭਾਰਤੀਆਂ ਨੂੰ ਲੋੜ ਪੈਣ ਤੇ ਭਾਰਤ ਦਾ ਪਾਸਪੋਰਟ ਦੇਣ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ। ਇਸ ਗੱਲ ਦਾ ਭਰੋਸਾ ਦਿੰਦਿਆਂ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਬਾਰੇ ਮੰਤਰੀ ਸ੍ਰੀ ਵਾਇਲਰ ਰਵੀ ਨੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਇਕ ਉੱਚ ਪੱਧਰੀ ਵਫ਼ਦ ਨਾਲ ਨਵੀਂ ਦਿੱਲੀ ਸਥਿਤ ਆਪਣੇ ਦਫ਼ਤਰ ਵਿਚ ਕੀਤੀ ਗਈ ਇਕ ਮੀਟਿੰਗ ਦੌਰਾਨ ਪ੍ਰਗਟ ਕੀਤੇ। ਐਸੋਸੀਏਸ਼ਨ ਦੇ ਆਗੂ ਦਲਵਿੰਦਰ ਸਿੰਘ ਧੂਤ, ਸਤਨਾਮ ਸਿੰਘ ਚਾਹਲ, ਇੰਦਰਜੀਤ ਸਿੰਘ ਬੜਿੰਗ, ਆਰ ਕੇ ਸ਼ਰਮਾ ਅਤੇ ਸੂਰਤ ਸਿੰਘ ਤੇ ਅਧਾਰਿਤ ਇਸ ਵਫ਼ਦ ਨੇ ਮੀਟਿੰਗ ਦੌਰਾਨ ਮੰਤਰੀ ਨੂੰ ਦੱਸਿਆ ਕਿ, ਵਿਦੇਸ਼ਾਂ ਵਿਚ ਲੱਖਾਂ ਦੀ ਗਿਣਤੀ ਵਿਚ ਅਜਿਹੇ ਭਾਰਤੀ ਰਹਿ ਰਹੇ ਹਨ ਜਿਨ੍ਹਾਂ ਨੇ ਵੱਖ ਵੱਖ ਦੇਸ਼ਾਂ ਵਿਚ ਆਰਥਿਕ ਕਾਰਨਾਂ ਕਰਕੇ ਸਿਆਸੀ ਸ਼ਰਨ ਦਾ ਇੰਮੀਗ੍ਰੇਸ਼ਨ ਸਟੇਟਸ ਪ੍ਰਾਪਤ ਕੀਤਾ ਹੋਇਆ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ਕੋਲ ਜਿਥੇ ਪਾਸਪੋਰਟ ਨਹੀਂ ਹਨ ਉਥੇ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਹਨ੍ਹਾਂ ਕੋਲ ਮੌਜੂਦ ਭਾਰਤ ਦੇ ਪਾਸਪੋਰਟ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਪਾਸਪੋਰਟ ਭਾਰਤੀ ਸਫ਼ਾਰਤਖ਼ਾਨਿਆਂ ਵੱਲੋਂ ਨਾ ਤਾਂ ਰੀਨਿਊ ਕੀਤੇ ਜਾਂਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਨਵੇਂ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ। ਜਿਸ ਕਾਰਨ ਅਜਿਹੇ ਪ੍ਰਵਾਸੀ ਭਾਰਤੀ ਆਪਣੇ ਦੇਸ਼ ਭਾਰਤ ਵਿਚ ਆਪਣੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣ ਲਈ ਨਹੀਂ ਆ ਸਕਦੇ। ਵਫ਼ਦ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਪੰਜਾਬ ਵਿਚਲੀਆਂ ਜ਼ਮੀਨਾਂ ਅਤੇ ਜਾਇਦਾਦਾਂ ਉਪਰ ਲੈਂਡ ਮਾਫੀਆ ਗਰੁੱਪ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ, ਵਿਦੇਸ਼ਾਂ ਵਿਚ ਰਹਿਣ ਵਾਲੇ ਜਿਹੜੇ ਪੰਜਾਬੀਆਂ ਕੋਲ ਭਾਰਤ ਦੇ ਪਾਸਪੋਰਟ ਨਹੀਂ ਹਨ ਉਹ ਪੰਜਾਬ ਵਿਚਲੀਆਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ ਭੂਮੀ ਮਾਫੀਆ ਗਰੁੱਪ ਵੱਲੋਂ ਵਾਪਸ ਲੈਣ ਬਾਰੇ ਕਾਨੂੰਨੀ ਚਾਰਾਜੋਈ ਕਰਨ ਲਈ ਪੰਜਾਬ ਨਹੀਂ ਆ ਸਕਦੇ। ਜਿਸ ਕਾਰਨ ਪੰਜਾਬ ਵਿਚਲੇ ਭੂਮੀ ਮਾਫੀਆ ਗਰੁੱਪ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਜਾਇਦਾਦਾਂ ਉਪਰ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਇਸ ਵਫ਼ਦ ਨੇ ਪੰਜਾਬ ਵਿਚ ਦਿਨੋਂ ਦਿਨ ਪ੍ਰਵਾਸੀ ਪੰਜਾਬੀਆਂ ਉਪਰ ਹੋ ਰਹੇ ਜਾਨਲੇਵਾ ਹਮਲਿਆਂ ਬਾਰੇ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ, ਜੇਕਰ ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਉਪਰ ਇਸੇ ਤਰ੍ਹਾਂ ਹੀ ਜਾਨ ਲੇਵਾ ਹਮਲੇ ਹੁੰਦੇ ਰਹਿਣਗੇ ਤਾਂ ਕੋਈ ਵੀ ਪ੍ਰਵਾਸੀ ਪੰਜਾਬੀ ਪੰਜਾਬ ਆਉਣ ਲਈ ਹਿੰਮਤ ਨਹੀਂ ਕਰ ਸਕੇਗਾ। ਇਸ ਮੌਕੇ ਵਫ਼ਦ ਨੇ ਮੰਗ ਕੀਤੀ ਕਿ ਵਿਦੇਸ਼ਾਂ ਵਿਚ ਸਿਆਸੀ ਸ਼ਰਨ ਦਾ ਦਰਜਾ ਪ੍ਰਾਪਤ ਕਰਕੇ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਪਾਸਪੋਰਟ ਤੇ ਵੀਜ਼ਾ ਆਦਿ ਦੀਆਂ ਸਹੂਲਤਾਂ ਇਕ ਆਮ ਭਾਰਤੀ ਨਾਗਰਿਕ ਵਾਂਗ ਦਿੱਤੀਆਂ ਜਾਣ। ਮੀਟਿੰਗ ਦੌਰਾਨ ਵਫ਼ਦ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਸਿਆਸੀ ਅਤੇ ਆਰਥਿਕ ਕਾਰਨਾਂ ਕਰਕੇ ਸਿਆਸੀ ਸ਼ਰਨ ਲੈਣ ਵਾਲੇ ਅਜਿਹੇ ਲੋਕ ਨਾ ਤਾਂ ਭਾਰਤੀ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਹਨ ਅਤੇ ਨਾ ਹੀ ਅਜਿਹੇ ਲੋਕਾਂ ਦਾ ਕੋਈ ਅਪਰਾਧਿਕ ਰਿਕਾਰਡ ਹੈ। ਪ੍ਰਵਾਸੀ ਭਾਰਤੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤੇ ਜਾਣ ਤੇ ਚਰਚਾ ਕਰਦਿਆਂ ਵਫ਼ਦ ਨੇ ਮੰਤਰੀ ਨੂੰ ਦੱਸਿਆ ਕਿ, ਜਦੋਂ ਤੱਕ ਪ੍ਰਵਾਸੀ ਭਾਰਤੀਆਂ ਨੂੰ ਆਪਣਾ ਵੋਟ ਪਾਉਣ ਲਈ ਜ਼ਰੂਰੀ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਤਦ ਤੱਕ ਪ੍ਰਵਾਸੀ ਭਾਰਤੀਆਂ ਨੂੰ ਵੋਟ ਦਾ ਅਧਿਕਾਰ ਦਿੱਤੇ ਜਾਣ ਵਾਲੀ ਕਾਰਵਾਈ ਅਰਥਹੀਣ ਹੈ। ਵਫ਼ਦ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਨ ਤੋਂ ਬਾਅਦ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਵਿਦੇਸ਼ਾਂ ਵਿਚ ਆਰਥਿਕ ਕਾਰਨਾਂ ਕਰਕੇ ਸਿਆਸੀ ਸ਼ਰਨ ਵਾਲੇ ਲੋਕਾਂ ਨੂੰ ਭਾਰਤ ਦਾ ਪਾਸਪੋਰਟ ਦੇਣ ਬਾਰੇ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਠੋਸ ਕਾਰਵਾਈ ਕਰਨਗੇ, ਤਾਂ ਕਿ ਇਹ ਲੋਕ ਵੀ ਭਾਰਤ ਵਿਚ ਇਕ ਆਮ ਭਾਰਤੀ ਨਾਗਰਿਕ ਵਾਂਗ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣ ਲਈ ਤੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਦੀ ਰਖਵਾਲੀ ਕਰਨ ਲਈ ਆਸਾਨੀ ਨਾਲ ਭਾਰਤ ਆ ਸਕਣ। ਮੰਤਰੀ ਨੇ ਭਾਰਤ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਉਪਰ ਵੱਧ ਰਹੇ ਜਾਨ ਲੇਵਾ ਹਮਲਿਆਂ ਨੂੰ ਰੋਕਣ ਦੇ ਪ੍ਰਬੰਧਾਂ ਬਾਰੇ ਬੋਲਦਿਆਂ ਵਫ਼ਦ ਨੂੰ ਦੱਸਿਆ ਕਿ, ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਭਾਵੇਂ ਰਾਜ ਸਰਕਾਰਾਂ ਦਾ ਕੰਮ ਹੈ, ਪਰ ਫਿਰ ਵੀ ਉਹ ਪੰਜਾਬ ਸਰਕਾਰ ਉਪਰ ਪ੍ਰਵਾਸੀ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨਗੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਜੁਆਇੰਟ ਸਕੱਤਰ ਵਿਨੈ ਸਾਹਨੀ ਅਤੇ ਮੰਤਰਾਲੇ ਦੀ ਸਿਆਸੀ ਸਕੱਤਰ ਡਾ: ਸਾਧਨਾ ਸ਼ੰਕਰ ਵੀ ਸ਼ਾਮਿਲ ਸਨ।