ਲੰਡਨ, 1 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਬੀਤੇ ਦਿਨੀਂ ਯੂ ਕੇ ਬਾੱਡਰ ਏਜੰਸੀ ਦੇ ਕਮਚਾਰੀਆਂ ਵੱਲੋਂ ਡਿਊਟੀ ਦੌਰਾਨ ਵਰਤੀ ਗਈ ਅਣਗਹਿਲੀ ਅਤੇ ਮਨੁੱਖੀ ਤਸਕਰਾਂ ਨਾਲ ਮਿਲੀ ਭੁਗਤ ਦਾ ਖੁਲਾਸਾ ਹੋਇਆ। ਇੰਨਾ ਤੱਥਾਂ ਦੇ ਸਾਹਮਣੇ ਆਉਣ ਕਾਰਨ ਯੂ ਕੇ ਬਾੱਡਰ ਏਜੰਸੀ ਦੇ ਉੱਚ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਨੂੰ ਵੱਢਾ ਝਟਕਾ ਲੱਗਿਆ ਦੱਸਿਆ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ 10 ਬਾੱਡਰ ਏਜੰਸੀ ਦੇ ਕਰਮਚਾਰੀ 2088 ਤੋਂ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਸਹਾਇਤਾ ਪ੍ਰਾਦਨ ਕਰ ਰਹੇ ਸਨ। ਇਸ ਤੋਂ ਇਲਾਵਾ 39 ਹੋਰ ਕਰਿੰਦਿਆਂ ਨੂੰ ਵੀ ਛੱਕ ਦੇ ਅਧਾਰ 'ਤੇ ਲਾਈਨ ਹਾਜਰ ਕੀਤਾ ਗਿਆ ਹੈ। ਮਾਈਗ੍ਰੇਸ਼ਨ ਵਾਚ ਵੱਲੋਂ ਇਨ੍ਹਾਂ ਨੂੰ ਸਖਤ ਸਜਾ ਦੇਣ ਦੀ ਅਪੀਲ ਕੀਤੀ ਗਈ ਹੈ। 57 ਵਿਚੋਂ 23 ਨੂੰ ਬਰਖਾਸਤ ਕੀਤਾ ਗਿਆ ਹੈ ਅਤੇ 6 ਨੂੰ ਜਬਰੀ ਨੌਕਰੀ ਤੋਂ ਕੱਢ ਦਿੱਤਾ ਜਾ ਚੁੱਕਾ ਹੈ। ਯੂ ਕੇ ਬਾੱਡਰ ਏਜੰਸੀ ਵੱਲੋਂ ਬੀਤੇ ਸਾਲ ਮੁਸ਼ਕਿਲ ਦੀ ਘੜੀ ਬਣ ਗਈ ਸੀ ਜਦੋਂ ਅੰਦੇਸ਼ਾ ਹੋਇਆ ਸੀ ਕਿ ਸੈਲਾਨੀਆਂ ਦੇ ਭੇਸ ਵਿਚ ਟੂਰਿਸਟ ਏਜੰਸੀਆਂ ਵੱਲੋਂ ਛੁੱਟੀਆਂ ਦੇ ਪੈਕੇਜ਼ ਦੇ ਅਧਾਰ 'ਤੇ ਦਹੀਸ਼ਤਗਰਦ ਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸਨ। ਯੂ ਕੇ ਬਾੱਡਰ ਏਜੰਸੀ ਦੀ ਈਮੇਲ ਜਨਤਕ ਹੋਣ ਕਾਰਨ ਖੁਲਾਸਾ ਹੋਇਆ ਸੀ ਕਿ ਏਅਰਪੋਰਟ 'ਤੇ ਸੁਰੱਖਿਆ ਜਾਂਚ ਵਿਚ ਕਮੀ ਆਈ ਹੈ। ਮਾਈਗ੍ਰੇਸ਼ਨ ਵਾਚ ਦੇ ਚੇਅਰਮੈਨ ਸਰ ਐਂਦਰਿਉ ਗਰੀਨ ਅਨੁਸਾਰ ਇਹ ਚਿੰਤਾਜਨਕ ਸਥਿਤੀ ਹੈ, ਬਾੱਡਰ ਸੁਰੱਖਿਆ ਕਰਮੀ ਮੁਸਤੈਦ ਅਤੇ ਚੁਸਤ ਹੋਣੇ ਲਾਜ਼ਮੀ ਹਨ। ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਅਨਹੋਣੀ ਦਾ ਸਾਹਮਣਾ ਨਾ ਕਰਨਾ ਪਵੇ। ਤਕਰੀਬਨ 23000 ਯੂ ਕੇ ਬਾੱਡਰ ਏਜੰਸੀ ਦਾ ਕਰਮਚਾਰੀ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਅਤੇ ਇਸ ਸਬੰਧੀ ਹਲਾਤਾਂ 'ਤੇ ਨਜ਼ਰ ਰੱਖਣ ਲਈ ਮੁਸਤੈਦ ਕੀਤਾ ਗਿਆ ਹੈ। ਇਸ ਦੇ ਬਾਵਜੂਦ 10 ਗੈਰ ਕਾਨੂੰਨੀਆਂ ਦੀ ਮਦਦ, 39 ਆਪਣੀ ਨਿਭਾਈ ਜਾਣ ਵਾਲੀ ਸੇਵਾ ਵਿਚ ਖਰੇ ਨਾ ਉੱਤਰੇ ਅਤੇ 8 ਮਨੁੱਖੀ ਤਸਕਰੀ ਵਿਚ ਸ਼ਾਮਿਲ ਦੱਸੇ ਜਾ ਰਹੇ ਹਨ। ਇਹ ਬਹੁਤ ਹੀ ਵੱਡੀ ਤਰੁੱਟੀ ਹੈ। ਬਾੱਡਰ ਏਜੰਸੀ ਦੇ ਦਬੋਚੇ ਗਏ ਕਰਿੰਦੇ ਅੱਧਿਉਂ ਵੱਧ ਲੰਡਨ, 7 ਸਾਊਥਵੈਸਟ, 3 ਮਿਡਲੈਂਡ, 1 ਨਾਰਥਈਸਟ ਅਤੇ 1 ਨਾੱਰਥਵੈਸਟ ਨਾਲ ਸਬੰਧਿਤ ਹੈ। ਇਨ੍ਹਾਂ ਦੀ ਅਸਲ ਪਹਿਚਾਣ ਨਹੀਂ ਦੱਸੀ ਗਈ, ਪਰ 22 ਕਰਮਚਾਰੀ 2010 ਤੋਂ ਇਸ ਵਿਚ ਸ਼ਾਮਿਲ ਦੱਸੇ ਜਾ ਰਹੇ ਹਨ। ਉੱਚ ਅਧਿਕਾਰੀਆਂ ਵੱਲੋਂ 23 ਨੂੰ ਅਪਰਾਧਿਕ ਗਤੀਵਿਧੀਆਂ ਦਾ ਸਾਥ ਦੇਣ 'ਤੇ ਤਾੜਨਾ ਕੀਤੀ, 19 ਨੂੰ ਅਖੀਰਲੀ ਭੁੱਲ ਦੀ ਬਿਨਾਹ 'ਤੇ ਸਚੇਤ ਰਹਿਣ ਲਈ ਕਿਹਾ ਅਤੇ ਪਹਿਲੀ ਵਾਰ ਹੋਈ ਭੁੱਲ ਕਾਰਨ 9 ਨੂੰ ਤਾੜਨਾ ਕੀਤੀ। ਇਸ ਤੋਂ ਇਲਾਵਾ 6 ਨੂੰ ਬਿਨਾਂ ਕਿਸੇ ਸੁਣਵਾਈ ਅਤੇ ਅਪੀਲ ਦੇ ਨੌਕਰੀ ਤੋਂ ਕੱਢ ਦਿੱਤਾ। ਸਮੂਹ ਮੰਤਰਾਲੇ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਹਾਦਸੇ ਨੂੰ ਬਹੁਤ ਹੀ ਸੰਜੀਦਗੀ ਨਾਲ ਲਿਆ ਜਾ ਰਿਹਾ ਹੈ। ਅਨੁਮਾਨ ਹੈ ਕੀ ਇਸ ਦਾ ਖੁਲਾਸਾ ਨਾ ਹੋਣ 'ਤੇ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ।
10 ਬਾੱਡਰ ਸੁਰੱਖਿਆ ਕਰਮਚਾਰੀ ਮਨੁੱਖੀ ਤਸਕਰੀ ਵਿਚ ਸਨ ਸ਼ਾਮਿਲ
- Wednesday, 01 February 2012 23:53














