ਲੰਡਨ, 4 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਯੂ ਕੇ ਅਦਾਲਤ ਨੇ 7 ਵਿਅਕਤੀਆਂ ਨੂੰ ਜਾਅਲੀ ਵਿਆਹ ਕਰਵਾਉਣ ਅਤੇ ਪ੍ਰਬੰਧ ਕਰਨ ਦੇ ਦੋਸ਼ਾਂ ਤਹਿਤ ਦੋਸ਼ੀ ਪਾਇਆ ਹੈ। ਇਮਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਅਤੇ ਵਰੈਕਸ-ਹੈਮ ਵਿਖੇ ਜਾਅਲੀ ਵਿਆਹ ਦਾ ਪ੍ਰਬੰਧ ਕਰਨ ਲਈ ਜਿੰਮੇਵਾਰ ਦੋਸ਼ੀਆਂ ਵਿਚ 3 ਭਾਰਤੀ ਨੌਜਵਾਨ ਵੀ ਸ਼ਾਮਿਲ ਦੱਸੇ ਜਾਂਦੇ ਹਨ। ਯੂ ਕੇ ਬਾਡਰ ਏਜੰਸੀ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਕਰੈਸਟਰ ਕਰਾਊਨ ਕੋਰਟ ਵਿਚ ਪੇਸ਼ ਕੀਤੇ ਮੁਜਰਿਮਾਂ ਨੂੰ 31 ਜਨਵਰੀ ਨੂੰ ਸਜਾ ਸੁਣਾਈ ਗਈ। ਅਧੀਕਾਰੀਆਂ ਨੇ ਖੁਲਾਸਾ ਕੀਤਾ ਕਿ ਦੋ ਭਾਰਤੀ ਨੌਜਵਾਨਾਂ ਅਤੇ ਉਨ੍ਹਾਂ ਦੀਆਂ ਲੁਥੀਨੀਅਨ ਦੁਲਹਨਾਂ ਨੂੰ ਵਰੈਕਸ ਹੈਮ ਦੇ ਵਿਆਹ ਦਰਜ ਕੇਂਦਰ ਵਿਚੋਂ 30 ਅਗਸਤ 2011 ਨੂੰ ਵਿਆਹ ਰਸਮ ਅਦਾ ਹੋਣ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਵਿਆਹ ਵਿਚ ਸ਼ਾਮਿਲ ਹੋਏ 1 ਪੰਜਾਬੀ ਬ੍ਰਿਟਿਸ਼ ਨਾਗਰਿਕ ਅਤੇ 2 ਲੁਥੀਅਨ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 27 ਸਾਲਾ ਮਨਪ੍ਰੀਤ ਸਿੰਘ ਨੂੰ 1 ਸਾਲ ਦੀ ਸਜਾ ਸੁਣਾਈ ਗਈ ਹੈ ਅਤੇ ਉਸ ਦੀ ਜਾਅਲੀ ਦੁਲਹਨ ਨੂੰ 16 ਮਹੀਨੇ ਦੀ ਸਜਾ ਸੁਣਾਈ ਗਈ ਹੈ। 21 ਸਾਲਾ ਜਸਬੀਰ ਸਿੰਘ ਨੂੰ 11 ਮਹੀਨੇ ਅਤੇ ਉਸ ਦੀ 21 ਸਾਲਾ ਜਾਅਲੀ ਦੁਲਹਨ ਨੂੰ 304 ਦਿਨਾਂ ਦੀ ਸਜਾ ਸੁਣਾਈ ਗਈ ਹੈ। ਜਸਪਾਲ ਸਿੰਘ ਸਹੋਤਾ 51 ਸਾਲਾ ਨੂੰ 26 ਮਹੀਨੇ ਦੀ ਸਜਾ ਸੁਣਾਈ ਗਈ ਹੈ। ਜਸਪਾਲ ਸਿੰਘ ਬ੍ਰਿਟਿਸ਼ ਨਾਗਰਿਕ ਹੈ ਅਤੇ ਉਸ ਨਾਲ ਵਿਆਹ ਵਿਚ ਸ਼ਾਮਿਲ ਹੋਏ ਲੁਥੀਨੀਅਨ ਮਹਿਮਾਨਾਂ ਨੂੰ ਕ੍ਰਮਵਾਰ 304 ਦਿਨਾਂ ਲਈ ਅਤੇ 15 ਮਹੀਨਿਆਂ ਲਈ ਜੇਲ ਭੇਜਿਆ ਗਿਆ ਹੈ। ਗ੍ਰਿਫਤਾਰੀ ਉਪਰੰਤ ਵਰੈਕਸਹੇਮ ਪੁਲਿਸ ਅਧੀਕਾਰੀਆਂ ਵੱਲੋਂ ਪੁੱਛਗਿਛ ਦੌਰਾਨ ਸਾਬਤ ਕੀਤਾ ਕਿ ਵਿਆਹ ਕਰਵਾਉਣ ਵਾਲੀਆਂ ਜੋੜੀਆਂ ਵਿਚ ਨਿੱਜੀ ਜਾਣਕਾਰੀ ਦੀ ਕਮੀ ਅਤੇ ਵਾਰਤਾਲਾਪ ਲਈ ਇਕ ਦੂਸਰੇ ਦੀ ਭਾਸ਼ਾ ਦਾ ਗਿਆਨ ਨਾ ਹੋਣਾ ਸੀ। ਯੂ ਕੇ ਬਾਡਰ ਏਜੰਸੀ ਦੇ ਅਧਿਕਾਰੀਆਂ ਨੇ ਜਾਅਲੀ ਵਿਆਹ ਨੂੰ ਯੂ ਕੇ ਵਿਚ ਲੰਬੇ ਸਮੇਂ ਲਈ ਰਹਿਣ ਦਾ ਜਰੀਆ ਦੱਸਿਆ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਇਸ ਵਿਚ ਸ਼ਮੂਲੀਅਤ ਗੈਰ ਯੂਰਪੀ ਅਧਿਕਾਰੀਆਂ ਦੀ ਹੁੰਦੀ ਹੈ। ਜਿਕਰਯੋਗ ਹੈ ਕਿ ਵਿਆਹ ਕਰਵਾਉਣ ਜਾ ਰਹੇ ਭਾਰਤੀ ਨੌਜਵਾਨਾਂ ਦੇ ਵੀਜ਼ੇ ਦੀ ਸਤੰਬਰ 2011 ਵਿਚ ਮਣਿਆਦ ਲੰਘ ਰਹੀ ਸੀ ਜਿਸ ਕਾਰਨ ਉਨ੍ਹਾਂ ਵਿਆਹ ਕਰਵਾ ਕੇ ਯੂ ਕੇ ਵਿਚ ਰਹਿਣ ਦੀ ਸਕੀਮ ਘੜੀ। ਯੂ ਕੇ ਬਾਡਰ ਏਜੰਸੀ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਸਿਰਫ ਵਿਆਹ ਦਾ ਸਰਟੀਫਿਕੇਟ ਯੂ ਕੇ ਵਿਚ ਲੰਬੇ ਸਮੇਂ ਦੀ ਰਿਹਾਇਸ਼ ਦੀ ਇਜਾਜਤ ਨਹੀਂ ਦਿੰਦਾ ਬਲਕਿ ਆਪਸੀ ਰਿਸ਼ਤੇ ਦੀ ਅਸਲੀਅਤ ਸਾਬਤ ਕਰਨੀ ਵੀ ਲਾਜ਼ਮੀ ਹੈ ਅਤੇ ਇਹ ਤਾਂ ਹੀ ਹੋ ਸਕਦੀ ਹੈ ਜੇ ਰਿਸ਼ਤਾ ਪੈਸੇ ਅਤੇ ਸਵਾਰਥ ਦੇ ਅਧਾਰ 'ਤੇ ਨਾ ਹੋ ਕੇ ਦਿਲ ਦੀ ਸਾਂਝ ਨਾਲ ਬਣਾਇਆ ਜਾਵੇ।
ਯੂ ਕੇ ਰਹਿੰਦੇ ਪੰਜਾਬੀ ਜਾਅਲੀ ਵਿਆਹ ਦੇ ਦੋਸ਼ ਤਹਿਤ ਗ੍ਰਿਫ਼ਤਾਰ
- Saturday, 04 February 2012 20:58














