
ਲੰਡਨ, 11 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਯੂ ਕੇ ਇਮੀਗ੍ਰੇਸ਼ਨ ਅਤੇ ਵਾਰਡਰ ਏਜੰਸੀ ਨੇ ਬੀਤੇ ਦਿਨੀਂ ਸੁਣ ਸਕਣ ਤੋਂ ਅਸਮਰਥ ਲੜਕੀ ਨੂੰ ਉਸ ਜਗ੍ਹਾ ਤੋਂ ਚੁੰਗਲ 'ਚੋਂ ਛੁਡਾਇਆ, ਜਿੱਥੇ ਉਸਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਸੀ। ਯੂਕੇ ਦੀ ਕ੍ਰਾਊਨ ਕੋਰਟ ਮਾਨਚੈਸਟਰ ਵਿੱਚ ਸੁਣਵਾਈ ਦੌਰਾਨ ਖੁਲਾਸਾ ਹੋਇਆ ਕਿ, ਪਾਕਿਸਤਾਨ ਮੂਲ ਦੀ ਇਕ ਅਨਾਥ ਲੜਕੀ ਨੂੰ 83 ਸਾਲਾ ਇਲਾਸ਼ ਅਸ਼ਰ ਅਤੇ ਉਸਦੀ ਪਤਨੀ 66 ਸਾਲਾ ਤਲ ਅਸ਼ਰ ਵੱਲੋਂ ਘਰ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ। ਲੜਕੀ ਨੂੰ ਜਮੀਨ 'ਤੇ ਸੁਆਇਆ ਜਾਂਦਾ ਸੀ। ਸਾਰਾ ਦਿਨ ਘਰ ਵਿੱਚ ਕੰਮ ਕਰਨ ਉਪਰੰਤ ਉਸਦਾ ਸਰੀਰਕ ਸੋਸ਼ਣ ਵੀ ਕੀਤਾ ਜਾਂਦਾ ਸੀ। ਤਕਰੀਬਨ 10-12 ਸਾਲਾਂ ਤੋਂ ਇਹ ਘਿਨਾਉਣੀ ਖੇਡ ਲੜਕੀ ਦੀ ਜਿੰਦਗੀ ਦਾ ਹਿੱਸਾ ਬਣਕੇ ਰਹਿ ਗਈ। ਲੜਕੀ ਦੀ ਉਮਰ ਤਕਰੀਬਨ 19 ਸਾਲ ਦੱਸੀ ਜਾਂਦੀ ਹੈ।

ਪਾਕਿਸਤਾਨ ਪਰਿਵਾਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ, ਉਹ ਲੜਕੀ ਦੀ ਮਦਦ ਕਰ ਰਹੇ ਸਨ। ਇਸ ਤੋਂ ਇਲਾਵਾ ਉਹਨਾਂ ਦਾ ਲੜਕੀ ਨਾਲ ਹੋਰ ਕੋਈ ਰਿਸ਼ਤਾ ਨਹੀਂ ਹੈ। ਜਿਕਰਯੋਗ ਹੈ ਕਿ ਉਕਤ ਲੜਕੀ ਗੈਰਕਾਨੂੰਨੀ ਢੰਗ ਨਾਲ ਯੂ ਕੇ ਵਿਚ ਦਾਖਲ ਕਰਵਾਈ ਗਈ ਸੀ।














