ਲੰਡਨ, 17 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਬ੍ਰਿਟੇਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੰਜਾਬੀ ਭੰਗੜਾ ਕਲਾਕਾਰ ਅਤੇ ਗਾਇਕ ਸਮੇਤ 16 ਵਿਅਕਤੀਆਂ ਨੂੰ ਜਾਅਲੀ ਵਿਆਹ ਕਰਵਾਉਣ ਲਈ ਸਹੂਲਤਾਂ ਪ੍ਰਾਪਤ ਕਰਵਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਹਿ ਵਿਆਹ ਲਈ ਯੂਰਪੀ ਦੇਸ਼ਾਂ ਦੇ ਨਾਗਰਿਕ ਔਰਤਾਂ ਅਤੇ ਮਰਦਾਂ ਦਾ ਉਪਯੋਗ ਕਰਦੇ ਸਨ। ਇਸ ਆੱਪਰੇਸ਼ਨ ਨੇ ਨੇਪਰੇ ਚਾੜ੍ਹਨ ਲਈ ਬੀਤੇ ਮਹੀਨਿਆਂ ਦੌਰਾਨ ਕਈ ਥਾਂਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਕਈ ਕੰਪਨੀਆਂ ਦੀ ਜਾਂਚ ਵੀ ਹੋਈ, ਜਿੱਥੇ ਇਹ ਗ੍ਰਹਿ ਦੇ ਮੈਂਬਰ ਕੰਮ ਕਰਦੇ ਸਨ। 29 ਸਾਲਾ ਪੰਜਾਬੀ ਗਾਇਕ ਗੈਰੀ ਸੰਧੂ ਨੂੰ ਇਸੇ ਕੜ੍ਹੀ ਤਹਿਤ ਭਾਰਤ ਜਬਰੀ ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਹੈ, ਕਿਉਂਕਿ ਉਸ ਕੋਲ ਯੂ ਕੇ ਵਿਚ ਰਹਿਣ ਦੀ ਇਜਾਜ਼ਤ ਨਹੀਂ ਸੀ। ਸਾਊਥ ਵੇਲ ਤੋਂ 6 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਹੜੇ ਗੈਰ ਕਾਨੂੰਨੀ ਤੌਰ 'ਤੇ ਯੂ ਕੇ ਵਿਚ ਕੰਮ ਕਰ ਰਹੇ ਸਨ ਅਤੇ ਯੂ ਕੇ ਵਿਚ ਰਹਿਣ ਦੀ ਇਜਾਜ਼ਤ ਨਹੀਂ ਰੱਖਦੇ ਸਨ। ਵੀਜ਼ੇ ਦੀ ਮਣਿਆਦ ਲੰਘਣ ਉਪਰੰਤ ਕੇਅਰਫੀਲੀ ਵਿਚ ਇਕ ਦੁਕਾਨ 'ਤੇ ਕੰਮ ਕਰਦੇ ਨੌਜਵਾਨ ਨੂੰ 9 ਫਰਵਰੀ ਦੀ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ 6 ਭਾਰਤੀਆਂ ਨੂੰ ਹੋਰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਿਸ ਕੰਪਨੀ ਵਿਚ ਇਹ ਕੰਮ ਕਰਦੇ ਸਨ ਉਸ ਨੂੰ ਤਕਰੀਬਨ 10,000 ਪੌਂਡ ਪ੍ਰਤੀ ਵਿਅਕਤੀ ਜੁਰਮਾਨਾ ਕੀਤਾ ਗਿਆ ਹੈ। ਬੀਤੇ ਮਹੀਨੇ ਵਿਚ ਗ੍ਰਿਫ਼ਤਾਰ ਕੀਤੇ 2 ਭਾਰਤੀ ਨੌਜਵਾਨ ਜਸਬੀਰ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਵੀ ਜੇਲ ਭੇਜਿਆ ਗਿਆ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ ਜਾਅਲੀ ਵਿਆਹ ਕਰਵਾਉਣ ਅਤੇ ਸਹਿਯੋਗ ਦੇਣ ਦੇ ਦੋਸ਼ਾਂ ਤਹਿਤ 6 ਸਾਲ ਦੀ ਸਜਾ ਭੁਗਤਣੀ ਪੈ ਸਕਦੀ ਹੈ। ਜਾਅਲੀ ਵਿਆਹ ਕਰਵਾਉਣ ਵਿਚ ਸਹਾਇਕ ਦੇ ਤੌਰ 'ਤੇ ਵਿਚਰਨ ਵਾਲੇ ਅਤੇ ਦਲਾਲੀ ਕਰਨ ਵਾਲੇ ਇਕ ਭਾਰਤੀ ਬ੍ਰਿਟਿਸ਼ ਨਾਗਰਿਕ ਤੋਂ ਇਲਾਵਾ ਲਥੂਨੀਆ ਵਾਸੀਆਂ ਨੂੰ ਵੀ ਕਰਾਊਨ ਕੋਰਟ ਵੱਲੋਂ ਸਜਾ ਸੁਣਾਈ ਗਈ ਹੈ।
ਜਾਅਲੀ ਵਿਆਹ : ਭੰਗੜਾ ਕਲਾਕਾਰ ਅਤੇ 16 ਹੋਰ ਗ੍ਰਿਫ਼ਤਾਰ
- Friday, 17 February 2012 18:24














