ਯੂਰਪੀ ਸੀਮਾ ਅੰਦਰ ਵਿਦੇਸ਼ੀਆਂ ਨੂੰ ਕੰਮ ਮਿਲਣ ਨਾਲ ਯੂਰਪ ਦਾ ਆਰਥਿਕ ਵਿਕਾਸ ਹੋਵੇਗਾ
ਲੰਡਨ, 22 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਬ੍ਰਿਟੇਨ ਦੇ ਰਾਜਨੀਤਕ ਲੀਡਰ ਅਤੇ ਪ੍ਰਧਾਨ ਮੰਤਰੀ ਨੇ ਕਰਮਚਾਰੀਆਂ ਦੀ ਆਵਾਜਾਈ ਨੂੰ ਸਮਰਥਨ ਦਿੰਦਿਆਂ ਯੂਰਪੀਅਨ ਯੂਨੀਅਨ ਦੇ ਨਾਗਰਿਕਾਂ ਨੂੰ ਸਹੂਲਤਾਂ ਅਤੇ ਵੱਡੇ ਪੱਧਰ 'ਤੇ ਵਪਾਰ ਦੇ ਪਸਾਰ ਨੂੰ ਜਾਇਜ ਠਹਿਰਾਇਆ ਅਤੇ ਹੋਰ ਮੌਕੇ ਪ੍ਰਦਾਨ ਕਰਵਾਉਣ ਦੀ ਗੱਲ 'ਤੇ ਸਹਿਮਤੀ ਜਤਾਈ। ਕੈਮਰਾਨ ਨੇ ਮੰਨਿਆ ਕਿ, ਬ੍ਰਿਟਿਸ਼ ਇਮੀਗ੍ਰੇਸ਼ਨ ਕਾਰਨ ਦੇਸ਼ ਵਿਚ ਅਸੁਵਿਧਾ ਬਣੀ ਹੈ, ਪਰ ਉਨ੍ਹਾਂ ਆਪਣੇ ਵੋਟਰਾਂ ਨੂੰ ਭਰੋਸਾ ਦੁਆਇਆ ਕਿ ਇਸ ਸਮੱਸਿਆ ਤੋਂ ਖਹਿੜਾ ਛੁਡਾਇਆ ਜਾਵੇਗਾ। ਜਲਦ ਹੀ ਇਮੀਗ੍ਰੇਸ਼ਨ ਦਰ ਨੂੰ 1000 ਤੋਂ 10 'ਤੇ ਲਿਆਇਆ ਜਾਵੇਗਾ। ਪੋਲੈਂਡ ਦੇ ਯੂਰਪੀ ਯੂਨੀਅਨ ਨਾਲ ਜੁੜਨ ਮਗਰੋਂ ਬ੍ਰਿਟੇਨ ਵਿਚ ਪੋਲਾਕੀਆਂ ਦਾ ਆਵਾਗਮਨ ਵੱਡੇ ਪੱਧਰ 'ਤੇ ਹੋਇਆ ਹੈ। ਜਿਸ ਕਾਰਨ ਕੰਮਾਂ ਦੇ ਮੌਕੇ ਬ੍ਰਿਟਿਸ਼ ਨਾਗਰਿਕਾਂ ਨੂੰ ਪ੍ਰਾਪਤ ਹੋਣ ਦੀ ਬਜਾਇ ਵਿਦੇਸ਼ੀਆਂ ਦੀ ਝੋਲੀ ਵਿਚ ਪਏ ਹਨ। ਇਟਲੀ, ਚੈੱਕ ਰਿਪੁਬਲਿਕ, ਸਲੋਵਾਕੀਆ, ਆਤੀਵੀਆ ਅਤੇ ਆਇਰਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ, ਵਿਦੇਸ਼ੀ ਉੱਥੇ ਹੀ ਹੋਣੇ ਚਾਹੀਦੇ ਹਨ, ਜਿੱਥੇ ਉਨ੍ਹਾਂ ਨੂੰ ਕੰਮਾਂ ਦੇ ਮੌਕੇ ਪ੍ਰਦਾਨ ਹੋ ਸਕਣ ਜਾਂ ਉਹ ਕੰਮ 'ਤੇ ਨਿਯੁਕਤ ਹੋਣ। ਬੇਰੁਜਗਾਰੀ ਦੀ ਮਾਰ ਸਾਰੇ ਵਿਸ਼ਵ ਨੂੰ ਪਈ ਹੈ, ਇਸ ਲਈ ਕੇਵਲ ਵਿਦੇਸ਼ੀ ਦੇ ਸਿਰ ਇਸ ਦੀ ਗਾਜ ਸੁੱਟਣਾ ਚੰਗੀ ਗੱਲ ਨਹੀਂ। ਇਕ ਪੱਤਰ ਵਿਚ ਯੂਰਪੀ ਕਮਿਸ਼ਨ ਦੇ ਪ੍ਰਧਾਨ ਮਨੁਏਲ ਬਾਰੋਸੋ ਨੇ ਮੰਨਿਆ ਕਿ ਫਿਲਹਾਲ ਯੂਰਪੀ ਦੇਸ਼ੀ ਵਿਚ ਕੰਮਕਾਜੀ ਖੁੱਲ ਦੀ ਮਨਜੂਰੀ ਨਹੀਂ, ਇਸ ਲਈ ਵਿਦੇਸ਼ੀ ਜਿਸ ਮੈਂਬਰ ਦੇਸ਼ ਦੇ ਬਛਿੰਦੇ ਹਨ ਉਸੇ ਹੀ ਦੇਸ਼ ਵਿਚ ਕੰਮ ਕਰ ਸਕਦੇ ਹਨ। ਇਟਲੀ ਯੂਰਪੀਅਨ ਯੂਨੀਅਨ ਮਸਲਿਆਂ ਦੇ ਮੰਤਰੀ ਨੇ ਜਰਮਨੀ ਅਤੇ ਫਰੈਂਚ ਦੀਆਂ ਸਰਕਾਰਾਂ ਨੂੰ ਇਸ ਬਾਰੇ ਸੁਚੇਤ ਅਤੇ ਗੰਭੀਰਤਾ ਨਾਲ ਵਿਚਾਰਨ ਨੂੰ ਕਿਹਾ ਹੈ। ਕੈਮਰਾਨ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਉ ਮੌਂਤੀ ਨਾਲ 12 ਲੀਡਰਾਂ ਦੇ ਦਲ ਨੇ ਰਸਮੀ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਯੂਰਪੀ ਯੂਨੀਅਨ ਦੇ ਆਰਥਿਕ ਵਿਕਾਸ ਅਤੇ ਇਸ ਦੇ ਵਿਚ ਤੇਜੀ ਲਿਆਉਣ ਬਾਰੇ ਵਿਚਾਰਾਂ ਕੀਤੀਆਂ। ਇਸ ਸਬੰਧੀ ਯੂਰਪੀ ਲੀਡਰਾਂ ਦੀ ਅਗਲੀ ਬੈਠਕ 1 ਮਾਰਚ ਨੂੰ ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਵਿਚ ਰੱਖੀ ਗਈ ਹੈ। ਜਿੱਥੇ ਵਿਦੇਸ਼ੀਆਂ ਦੇ ਮੁੱਦਿਆਂ ਅਤੇ ਯੂਰਪੀ ਆਰਥਿਕ ਵਿਕਾਸ 'ਤੇ ਮਹਤੱਵਪੂਰਨ ਫੈਸਲੇ ਲਏ ਜਾਣ ਦੀ ਉਮੀਦ ਜਿਤਾਈ ਜਾ ਰਹੀ ਹੈ।














