Saturday, May 19th

Last update11:08:48 PM GMT

ਚੂੰਡੀਵੱਢ

ਖ਼ਬਰ ਦਾ ਸੱਚ ਕੀ ਹੈ?

ਖ਼ਬਰ ਕੀ ਹੈ? ਖ਼ਬਰ ਨੂੰ ਸਮਝਾਉਣਾ ਜਾਂ ਉਸਦੇ ਤੱਥਾਂ ਨੂੰ ਠੋਸ ਮੰਨਣਾ ਥੋੜਾ ਮੁਸ਼ਕਿਲ ਹੈ। ਖ਼ਬਰ ਸੱਚ ਦੇ ਅਧਾਰਿਤ ਹੋਵੇ ਇਹ ਲਾਜ਼ਮੀ ਹੈ, ਪਰ ਹਰ ਖ਼ਬਰ ਸੱਚ ਹੋ ਨਿੱਬੜੇ ਇਹ ਜਰੂਰੀ ਨਹੀਂ। ਖ਼ਬਰ ਮੌਜੂਦਾ ਹਾਲਾਤ ਨਾਲ ਸਬੰਧਿਤ ਹੋਵੇ, ਇਹ ਲਾਜ਼ਮੀ ਨਹੀਂ। ਨਕਾਰਿਆ ਨਹੀਂ ਜਾ ਸਕਦਾ ਜੋ ਅੱਜ ਖ਼ਬਰ ਹੈ ਉਹ ਕੱਲ੍ਹ ਖ਼ਬਰ ਨਹੀਂ ਰਹਿੰਦੀ। ਵਿਅਕਤੀ ਵਿਸ਼ੇਸ਼ ਲਈ ਜੇ ਕੋਈ ਖ਼ਬਰ ਹੈ, ਹੋ ਸਕਦਾ ਦੂਸਰੇ ਲਈ ਉਹ ਵਿਅਰਥ ਹੋਵੇ, ਖ਼ਬਰ ਜਿਸ ਵਿਚ ਰੁੱਚੀ ਬਣੇ, ਦੇ ਦੋ ਰੂਪ ਹੋ ਸਕਦੇ ਹਨ, ਇਕ ਜੋ ਸਾਨੂੰ ਦਿਖਾਇਆ ਜਾਂਦਾ ਹੈ, ਦੂਸਰਾ ਜਿਸ ਤੋਂ ਅਸੀਂ ਅਣਜਾਣ ਹਾਂ। ਦੋਵਾਂ ਵਿਚੋਂ ਸੱਚ ਦੀ ਪਰਖ ਮੌਜੂਦਾ ਹਾਲਾਤਾਂ 'ਤੇ ਨਿਰਭਰ ਕਰਦੀ ਹੈ। ਪੜ੍ਹਨ ਲਈ ਉਹੀ ਮਿਲਦਾ ਹੈ ਜਿਸਨੂੰ ਅਸੀਂ ਪੜ੍ਹਨਾ ਚਾਹੁੰਦੇ ਹਾਂ ਜਾਂ ਸੱਚ ਮੰਨਦੇ ਹਾਂ। ਦੋਮੁੰਹੀ ਖ਼ਬਰ ਅਕਸਰ ਲੋਕਾਂ ਨੂੰ ਸ਼ੱਕ ਦੇ ਦਾਇਰੇ ਵਿਚ ਖੜਾ ਕਰ ਦਿੰਦੀ ਹੈ। ਹਥਲੇ ਅਖ਼ਬਾਰ ਵਿਚ ਬੀਤੇ ਸਮੇਂ ਦੌਰਾਨ “ਪੰਜਾਬੀ ਨੌਜਵਾਨ ਹਫਤਾਵਸੂਲੀ ਅਤੇ ਅਗਵਾਕਾਰੀ ਦੋਸ਼ ਤਹਿਤ ਗ੍ਰਿਫ਼ਤਾਰ“ ਛਪੀ ਖ਼ਬਰ ਅਜਿਹਾ ਇਕ ਕਿੱਸਾ ਹੋ ਨਿੱਬੜੀ। ਇਟਾਲੀਅਨ ਮੀਡੀਆ ਅਤੇ ਏਜੰਸੀਆਂ ਵੱਲੋਂ ਪ੍ਰਕਾਸ਼ਿਤ ਖ਼ਬਰ ਜਿਸ ਵਿਚ ਚਾਰ ਭਾਰਤੀ ਨੌਜਵਾਨਾਂ ਨੂੰ ਦਰਜ ਹੋਈ ਪੁਲਿਸ ਰਿਪੋਰਟ ਅਨੁਸਾਰ ਸੰਗੀਨ ਮੁਜਰਿਮ ਵਜੋਂ ਪੇਸ਼ ਕੀਤਾ ਗਿਆ। ਵਿਚਾਰਨ ਵਾਲੀ ਗੱਲ ਹੈ ਕਿ ਉਹ ਖ਼ਬਰ ਸੱਚ ਸੀ ਜਾਂ ਚੌਹਾਂ ਵਿਚੋਂ ਇਕ ਜਮਾਨਤ 'ਤੇ ਬਾਹਰ ਆਏ ਭਾਰਤੀ ਨੌਜਵਾਨ ਵੱਲੋਂ ਦੱਸੀ ਗਾਥਾ ਸੱਚ ਹੈ? ਖ਼ਬਰ ਸੱਚ ਜਾਂ ਝੂਠ ਨੂੰ ਸਾਬਿਤ ਕਰਨ ਦਾ ਜਰੀਆ ਨਹੀਂ ਬਲਕਿ ਵਾਪਰੇ ਹੋਏ ਹਾਦਸੇ ਨੂੰ ਸਥਿਤੀ ਮੁਤਾਬਿਕ ਪਾਠਕਾਂ ਦੀ ਕਚਹਿਰੀ ਦੇ ਸਨਮੁੱਖ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਇਹ ਜਾਣਕਾਰੀ ਪ੍ਰਾਪਤ ਕਰਵਾਉਣ ਦਾ ਮਾਧਿਅਮ ਹੈ। ਉਪਰੋਕਤ ਖ਼ਬਰ ਦਾ ਇਕ ਹੋਰ ਸੱਚ ਉੱਭਰ ਕੇ ਸਾਹਮਣੇ ਆਇਆ। ਜਿਸਨੂੰ ਭਾਰਤੀ ਨੌਜਵਾਨ ਨੇ ਰਿਕਾਰਡ ਕਰਵਾਉਂਦਿਆਂ ਦੱਸਿਆ ਕਿ, ਉਨ੍ਹਾਂ ਚਾਰਾਂ ਨੇ ਨਵਾਂ ਘਰ ਕਿਰਾਏ 'ਤੇ ਲੈਣ ਲਈ ਬੰਗਲਾਦੇਸ਼ੀ ਨੂੰ ਪੇਸ਼ਗੀ ਦਿੱਤੀ। ਘਰ ਦਾ ਸੌਦਾ ਤੈਅ ਨਾ ਹੋਣ 'ਤੇ ਉਨ੍ਹਾਂ ਦਿੱਤੀ ਪੇਸ਼ਗੀ ਮੋੜਨ ਲਈ ਕਿਹਾ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਆਪਸੀ ਗਾਲੀ ਗਲੌਚ ਵੀ ਹੋਇਆ। ਕੁਝ ਸਮਾਂ ਬੀਤਣ ਉਪਰੰਤ ਬੰਗਲਾਦੇਸ਼ੀ ਨੇ ਫੋਨ ਰਾਹੀਂ ਸੁਨੇਹਾ ਦਿੱਤਾ ਕਿ ਆਪਣੀ ਬਣਦੀ ਪੇਸ਼ਗੀ ਦੀ ਰਕਮ ਪਿਆਸੇ ਵਿਚੋਂ ਆ ਕੇ ਲੈ ਜਾਓ। ਜਦੋਂ ਆਪਣੀ ਹੱਢ ਭੰਨਵੀਂ ਮਿਹਨਤ ਦੀ ਕਮਾਈ ਲੈਣ ਲਈ ਨੌਜਵਾਨ ਉੱਥੇ ਪਹੁੰਚਿਆ ਤਾਂ ਬੰਗਲਾਦੇਸ਼ੀ ਨੇ ਆਪਣੇ ਝੂਠੇ ਬਿਆਨਾਂ ਤਹਿਤ ਕੁੱਟਮਾਰ, ਹਫਤਾ ਵਸੂਲੀ, ਬੱਚੇ ਨੂੰ ਅਗਵਾ ਕਰਨ ਦੇ ਸੰਗੀਨ ਦੋਸ਼ਾਂ ਤਹਿਤ ਪਰਚਾ ਦਰਜ ਕਰਵਾ ਦਿੱਤਾ। ਜਿਸਦੇ ਸਿੱਟੇ ਵਜੋਂ ਚਾਰੇ ਨੌਜਵਾਨ ਜੇਲ ਭੇਜ ਦਿੱਤੇ। ਜਿਨ੍ਹਾਂ ਵਿਚੋਂ ਇਕ ਘਰ ਦੀ ਜੇਲ ਭੁਗਤ ਰਿਹਾ ਹੈ। ਖ਼ਬਰ ਦੇ ਦੋਵੇਂ ਰੂਪ ਪਾਠਕਾਂ ਦੇ ਸਨਮੁੱਖ ਰੱਖ ਦਿੱਤੇ ਗਏ ਹਨ। ਅਖ਼ਬਾਰ ਜਾਂ ਪੱਤਰਕਾਰਾਂ ਨੇ ਤਾਂ ਆਪਣਾ ਫਰਜ ਨਿਭਾਅ ਦਿੱਤਾ, ਹੁਣ ਵਾਰੀ ਹੈ ਇਟਲੀ ਵਿਚ ਹਜਾਰਾਂ ਦੀ ਤਾਦਾਦ ਵਿਚ ਕੁਰਬਲ ਕੁਰਬਲ ਕਰਦੇ ਸਮਾਜ ਸੇਵਕਾਂ ਦੀ, ਜਿਹੜੇ ਮਦਦ ਕਰ ਸਕਣ ਇਨ੍ਹਾਂ ਨੌਜਵਾਨਾਂ ਦੀ ਜੋ ਆਰਥਿਕ ਤੰਗੀ ਕਾਰਨ ਢੁੱਕਵੀਂ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਤੋਂ ਵਾਂਝੇ ਹਨ। ਅਖ਼ਬਾਰੀ ਬਿਆਨਾਂ ਰਾਹੀਂ ਲੋਕਾਂ ਨੂੰ ਮੂਰਖ ਬਨਾਉਣ ਦੀ ਬਜਾਇ ਸਮਾਜ ਸੇਵਕ, ਪ੍ਰਧਾਨ, ਸਰਪ੍ਰਸਤ ਆਦਿ ਇਹ ਜਿੰਮੇਵਾਰੀ ਨਿਭਾਉਣ। ਕੱਲ੍ਹ ਦੇ ਏਜੰਟ ਅਤੇ ਅੱਜ ਦੇ ਸਮਾਜ ਸੇਵਕ ਸਾਰੇ ਕਾਨੂੰਨੀ ਹੱਥਕੰਢਿਆਂ ਤੋਂ ਵਾਕਿਫ ਨੇ ਅਤੇ ਆਪਣੇ ਇਸ ਹੁਨਰ ਜਰੀਏ ਉਹ ਪੰਜਾਬੀ ਨੌਜਵਾਨਾਂ ਦੀ ਮਦਦ ਕਰ ਸਕਦੇ ਹਨ। ਭਲਾਈ ਲਈ ਕੀਤਾ ਗਿਆ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ। ਇਟਲੀ ਦੇ ਸਮਾਜ ਸੇਵਕ ਅਤੇ ਮੇਰੇ ਸ਼ੁਭਚਿੰਤਕ ਕਲਮ ਦਾ ਇਸ਼ਾਰਾ ਸਮਝ ਗਏ ਹੋਣਗੇ।

Joomla Templates and Joomla Extensions by ZooTemplate.Com

ਅੱਜ ਦੀ ਪੱਤਰਕਾਰੀ!!

ਪੱਤਰਕਾਰਤਾ ਦੀਆਂ ਜਿੰਮੇਵਾਰੀਆਂ ਸਮਝਣ ਦੀ ਲੋੜ ਹੈ। ਪੱਤਰਕਾਰੀ ਲੋਕ ਵਿਸ਼ਵਾਸ 'ਤੇ ਟਿਕੀ ਹੈ। ਕੁੱਲ ਲੁਕਾਈ ਦੇ ਭਰੋਸੇ 'ਤੇ ਖਰ੍ਹੇ ਉਤਰਨਾ ਨਿਰੋਲ ਪੱਤਰਕਾਰੀ ਹੈ। ਪੱਤਰਕਾਰ ਨੂੰ ਆਮ ਤੌਰ 'ਤੇ ਉਹ ਹੀ ਲਿਖਣਾ ਚਾਹੀਦਾ ਹੈ, ਜੋ ਉਸਨੂੰ ਸੱਚ ਲੱਗੇ ਅਤੇ ਜੋ ਸੱਚ ਸਾਬਿਤ ਕਰਦਾ ਹੋਵੇ। ਅਜਿਹੀਆਂ ਗੱਲਾਂ ਪ੍ਰਕਾਸ਼ਿਤ ਕਰਨ ਜਾਂ ਕਰਵਾਉਣ ਦਾ ਅਧਿਕਾਰ ਨਹੀਂ ਜੋ ਦੂਸਰਿਆਂ ਨੂੰ ਆਹਮੋ ਸਾਹਮਣੇ ਹੋਣ 'ਤੇ ਕਹੀਆਂ ਨਾ ਜਾ ਸਕਣ ਭਾਵ ਗਾਲੀ ਗਲੌਚ, ਭੱਦੀ ਸ਼ਬਦਾਵਲੀ, ਖ਼ਬਰ ਰਾਹੀਂ ਦੂਸਰਿਆਂ 'ਤੇ ਚਿੱਕੜ ਸੁੱਟਣਾ ਆਦਿ। ਜੇ ਅਜਿਹਾ ਹੁੰਦਾ ਹੈ ਤਾਂ ਇਸਨੂੰ ਘਟੀਆ ਪੱਧਰ ਦੀ ਪੱਤਰਕਾਰੀ ਕਹਾਂਗੇ। ਚਲਚਿੱਤਰ ਨੂੰ ਖੁਦ ਘੋਖਣ ਉਪਰੰਤ ਅਸੀਂ ਇਹ ਤੈਅ ਕਰਦੇ ਹਾਂ ਕਿ ਇਹ ਬੱਚਿਆਂ ਦੇ ਦੇਖਣ ਦੇ ਮਿਆਰ 'ਤੇ ਖਰ੍ਹਾ ਹੈ ਜਾਂ ਨਹੀਂ। ਇਸੇ ਤਰ੍ਹਾਂ ਮਾਂ ਬੋਲੀ ਵਿਚ ਛਪਣ ਵਾਲੇ ਪਰਚੇ ਜੋ ਨਵੀਂ ਪਨੀਰੀ ਲਈ ਮਾਂ-ਬੋਲੀ ਨਾਲ ਜੋੜ੍ਹਨ ਦਾ ਜਰੀਆ ਹਨ, ਉਹ ਭੱਦੀ ਸ਼ਬਦਾਵਲੀ ਅਤੇ ਗਾਲੀ ਗਲੌਚ ਦਾ ਅਖਾੜਾ ਬਣੇ ਹੋਣ ਤਾਂ ਨਵੀਂ ਪਨੀਰੀ ਸੱਭਿਅਕ ਮਾਂ-ਬੋਲੀ ਕਿਸ ਤਰ੍ਹਾਂ ਸਿੱਖ ਸਕਦੀ ਹੈ? ਇਹ ਵਿਚਾਰ ਪੱਤਰਕਾਰੀ ਨੂੰ ਸਮਝਾਉਣ ਦਾ ਕੋਈ ਟੀਚਾ ਨਹੀਂ, ਕਿਉਂਕਿ ਨਾਚੀਜ ਕਲਮਨਵੀਸ ਤਾਂ ਇਟਲੀ ਦੇ ਪੱਤਰਕਾਰਾਂ ਦੇ ਪੈਰਾਂ ਦੀ ਧੂੜ ਵੀ ਨਹੀਂ, ਪਰ ਇਹ ਸਿਰਫ ਇਕ ਵਿਚਾਰ ਸਾਂਝਾ ਕਰਨ ਦੀ ਕੋਸ਼ਿਸ਼ ਹੈ, ਉਹ ਵੀ ਪੱਤਰਕਾਰੀ ਦੇ ਡਿੱਗਦੇ ਮਿਆਰ ਨੂੰ ਨਾਂਮਾਤਰ ਚੂੰਡੀ ਵੱਢਣ ਜਰੀਏ। ਪੱਤਰਕਾਰਾਂ ਦੀ ਵਿਰੋਧਤਾ ਆਮ ਗੱਲ ਹੈ, ਪੱਤਰਕਾਰ ਉਹ ਕੌਮ ਹੈ ਜੋ ਲੋਕਾਂ ਨੂੰ ਅਜਿਹਾ ਸ਼ੀਸ਼ਾ ਵਿਖਾਉਂਦਾ ਹੈ, ਜਿਸ ਵਿਚੋਂ ਦੂਸਰਿਆਂ ਦਾ ਚਿਹਰਾ ਦਿਖਾਈ ਦਿੰਦਾ ਹੈ। ਵਿਰੋਧਤਾ ਇਕ ਵੱਖਰੀ ਗੱਲ ਹੈ, ਪਰ ਜੇ ਇਹ ਹਿੰਸਾ ਜਾਂ ਬਦਲਾਖੋਰੀ ਦਾ ਰੂਪ ਧਾਰਨ ਕਰ ਲਵੇ ਤਾਂ ਇਸਨੂੰ ਹੋਰ ਢੰਗ ਨਾਲ ਵਿਚਾਰਨਾ ਪਵੇਗਾ। ਪੱਤਰਕਾਰ ਦੀ ਕਿਸੇ ਨਾਲ ਦੋਸਤੀ ਜਾਂ ਦੁਸ਼ਮਣੀ ਨਹੀਂ ਹੋ ਸਕਦੀ। ਅਰਜੁਨ ਵਾਂਗ ਉਸਦੀ ਅੱਖ ਅਤੇ ਕਲਮ ਸਿਰਫ ਸਚਾਈ ਅਤੇ ਨਿਰਪੱਖਤਾ ਉੱਤੇ ਟਿਕੀ ਹੋਣੀ ਚਾਹੀਦੀ ਹੈ। ਪੱਤਰਕਾਰ ਅਜਿਹਾ ਕਰ ਵੀ ਲੈਣ, ਕਿਉਂਕਿ ਪੱਤਰਕਾਰਤਾ ਵਿਚ ਕੋਈ ਛੋਟਾ ਵੱਡਾ ਨਹੀਂ ਹੁੰਦਾ। ਕਲਮ ਦਾ ਧਨੀ ਅਤੇ ਸਾਹਿਤ ਦੀ ਜਾਣਕਾਰੀ ਰੱਖਣ ਵਾਲਾ ਪੱਤਰਕਾਰ ਹੋ ਸਕਦਾ ਹੈ ਅਤੇ ਸਾਹਿਤ ਨਾਲ ਜੁੜਨ ਵਾਲਾ ਵਿਅਕਤੀ ਘੱਟ ਹੀ ਬੇਈਮਾਨ ਹੋਵੇਗਾ। ਪੱਤਰਕਾਰ ਨੂੰ ਬੇਈਮਾਨੀ ਵਿਚ ਧਕੇਲਣ ਲਈ ਅੱਜਕਲ੍ਹ ਦੀਆਂ ਫੁੱਟਕਲ ਅਖ਼ਬਾਰਾਂ ਜੋ ਜਾਣਕਾਰੀ ਦੇ ਨਾਂਅ 'ਤੇ ਸਿਰਫ ਗਲਤੀਆਂ ਦਾ ਭੰਡਾਰ, ਇਸ਼ਤਿਹਾਰਾਂ ਦਾ ਭੰਡਾਰ ਅਤੇ ਨੰਗੇਜ਼ ਪਰੋਸਣ ਵਾਲੇ ਜਿੰਮੇਵਾਰ ਹਨ। ਇਸ਼ਤਿਹਾਰ ਆਉਂਦੇ ਕਿਥੋਂ ਨੇ? ਇਨ੍ਹਾਂ ਵੱਲੋਂ ਇਸ਼ਤਿਹਾਰਾਂ ਲਈ ਕੋਈ ਵੱਖਰਾ ਵਿਭਾਗ ਜਾਂ ਅਮਲਾ ਨਿਯੁਕਤ ਨਹੀਂ ਕੀਤਾ ਗਿਆ ਬਲਕਿ ਪੱਤਰਕਾਰਾਂ ਕੋਲੋਂ ਖ਼ਬਰਾਂ ਲੈਣ ਦੀ ਬਜਾਇ ਉਨ੍ਹਾਂ ਨੂੰ ਇਸ਼ਤਿਹਾਰੀ ਮਸ਼ੀਨ ਬਣਾ ਛੱਡਿਆ ਹੈ। ਮੀਡੀਆ ਇਸ਼ਤਿਹਾਰਾਂ ਤੋਂ ਬਿਨਾਂ ਨਹੀਂ ਚੱਲ ਸਕਦਾ, ਇਸ ਵਿਚ ਕੋਈ ਦੋ ਰਾਵਾਂ ਨਹੀਂ, ਪਰ ਇਸਦੀ ਪੂਰਤੀ ਲਈ ਪੱਤਰਕਾਰ ਹੀ ਕਿਉਂ? ਅਦਾਰਾ ਇਸ਼ਤਿਹਾਰਾਂ ਲਈ ਵੱਖਰਾ ਵਿਭਾਗ ਬਣਾਵੇ, ਬੇਰੁਜਗਾਰਾਂ ਨੂੰ ਰੁਜਗਾਰ ਮਿਲੇ, ਜੋ ਕਮਿਸ਼ਨ ਪੱਤਰਕਾਰਾਂ ਨੂੰ ਜਾਂਦਾ ਹੈ ਉਸਨੂੰ ਦੁੱਗਣਾ ਕਰ ਨਿਯੁਕਤ ਕੀਤੇ ਅਮਲੇ ਦੀ ਤਨਖਾਹ ਕੱਢੀ ਜਾਵੇ ਪਰ ਅਜਿਹਾ ਨਹੀਂ ਹੁੰਦਾ। ਪੱਤਰਕਾਰਾਂ 'ਤੇ ਇਸ਼ਤਿਹਾਰ, ਸਪਲੀਮੈਂਟ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਤਾਂ ਪਹਿਲਾਂ ਹੀ ਸਨ, ਹੁਣ ਜਾਨ ਦੇ ਦੁਸ਼ਮਣ ਵੀ ਬਣ ਗਏ। ਪੱਤਰਕਾਰ ਜਿਸ ਸਿਆਸੀ, ਗੈਰਸਿਆਸੀ, ਵਿਅਕਤੀਗਤ, ਕਲੱਬਾਂ ਆਦਿ ਦਾ ਇਸ਼ਤਿਹਾਰ ਗੋਡੀਂ ਹੱਥ ਲਾ ਕੇ ਲੈਂਦੇ ਹਨ, ਉਹੀ ਉਸ ਵਕਤ ਪੱਤਰਕਾਰ ਦੇ ਜਾਨੀ ਦੁਸ਼ਮਣ ਬਣ ਬਹਿੰਦੇ ਨੇ ਜਦੋਂ ਪੱਤਰਕਾਰ ਇਨ੍ਹਾਂ ਦੀ ਦਵਾਨੀ ਦੀ ਕਾਰਗੁਜਾਰੀ ਨੂੰ ਰੁਪਇਆ ਬਣਾ ਕੇ ਲਿਖਣਾ ਬੰਦ ਕਰ ਦੇਵੇ। ਇਹ ਮੁੱਢਲੇ ਕਾਰਨ ਹਨ ਬੀਤੇ ਦਿਨੀਂ ਪੱਤਰਕਾਰ ਨਾਲ ਹੋਈਆ ਵਧੀਕੀਆਂ ਅਤੇ ਅਪਮਾਨਤਾ ਦਾ। ਭੁੱਲਣਾ ਨਹੀਂ ਚਾਹੀਦਾ ਕਿ ਪੱਤਰਕਾਰ ਅਖ਼ਬਾਰਾਂ ਦੀ ਲੋੜ ਹਨ, ਪਰ ਇਸ਼ਤਿਹਾਰਾਂ ਲਈ ਨਹੀਂ ਸਿਰਫ ਜਾਣਕਾਰੀ ਪ੍ਰਦਾਨ ਕਰਵਾਉਣ ਲਈ। ਅਖ਼ਬਾਰ ਬਿਨਾਂ ਪੱਤਰਕਾਰ ਵੀ ਰੋਹੀ 'ਚ ਖੜੇ ਇਕੱਲੇ ਰੁੱਖ ਵਾਂਗ ਹੈ। ਸਮੇਂ ਦੀ ਲੋੜ ਹੈ ਕਿ ਪੱਤਰਕਾਰ ਆਪਣੇ ਮੂਲ ਰੂਪ ਨੂੰ ਪਹਿਚਾਨਣ ਨਾਂਕਿ ਰੈਡੀਮੇਡ ਖ਼ਬਰ ਨੂੰ ਮਨਚਾਹੇ ਲੀਡਰ ਦੇ ਮੂੰਹ ਵਿਚ ਥੁੰਨਣ ਦੀ ਕੋਸ਼ਿਸ਼ ਕਰਨ।
ਉਪਰੋਕਤ ਲਿਖਤ ਜੇ ਪੱਤਰਕਾਰੀ ਦੇ ਬਾਬਾ ਬੋਹੜ ਜਾਂ ਸੁਚੱਜੇ ਸਾਹਿਤਕਾਰਾਂ ਦੇ ਮਿਆਰ 'ਤੇ ਖਰ੍ਹੀ ਨਾ ਉੱਤਰੇ ਤਾਂ ਨਾਚੀਜ ਖਿਮ੍ਹਾ ਦਾ ਜਾਚਕ ਹੈ।

-ਚੂੰਡੀਵੱਢ,
This e-mail address is being protected from spambots. You need JavaScript enabled to view it

Joomla Templates and Joomla Extensions by ZooTemplate.Com

ਮੈਂ ਪ੍ਰਧਾਨ! ਨਹੀਂ ਮੈਂ ਪ੍ਰਧਾਨ!! ਮੈਂ ਪ੍ਰਧਾਨ! ਨਹੀਂ ਮੈਂ ਪ੍ਰਧਾਨ!!!

ਐਨ ਆਰ ਆਈ ਸਭਾ (ਨਾੱਨ ਰੈਸੀਡੈਂਟ ਇੰਡੀਅਨ ਕੌਂਸਲ) ਯਾਨਿ ਕਿ ਗੈਰਭਾਰਤੀ ਰਿਹਾਇਸ਼ੀ ਸਭਾ। ਇਸਦਾ ਅਰਥ ਤਾਂ ਵੈਸੇ ਪੰਜਾਬੀ ਅਨੁਵਾਦ ਤੋਂ ਲੱਗ ਹੀ ਗਿਆ ਹੋਵੇਗਾ, ਪਰ ਫਿਰ ਵੀ ਖੁਲਾਸਾ ਕਰ ਕੇ ਲਿਖਿਆ ਜਾਵੇ ਤਾਂ ਇਹ ਸਭਾ ਭਾਰਤ ਵਿਚ ਨਾ ਰਹਿਣ ਵਾਲੇ ਭਾਰਤੀਆਂ ਦੀ ਹੈ। ਪ੍ਰਵਾਸੀਆਂ ਨਾਲ ਸਬੰਧਿਤ ਮਸਲੇ, ਮੁਸ਼ਕਿਲਾਂ, ਜਾਇਦਾਦੀ ਝਗੜੇ ਆਦਿ ਕੰਮਾਂ ਤੱਕ ਐਨ ਆਰ ਆਈ ਸਭਾ ਸੀਮਿਤ ਨਹੀਂ ਹੈ, ਬਲਕਿ ਮੌਜੂਦਾਦ ਸਰਕਾਰ ਵਿਚ ਹੋਰ ਵੀ ਕਈ ਅਹਿਮ ਮੁੱਦਿਆਂ 'ਤੇ ਐਨ ਆਰ ਆਈ ਸਭਾ ਸਹਾਈ ਹੁੰਦੀ ਹੈ। ਮੌਜੂਦਾ ਸਰਕਾਰ ਨਾਲ ਤਾਲਮੇਲ ਬਣਾ ਕੇ ਚੱਲਣਾ ਸਰਕਾਰ ਦੀ ਦਖਲਅੰਦਾਜੀ ਅਨੁਸਾਰ ਅਹੁਦੇਦਾਰੀਆਂ ਦੀ ਵੰਡ, ਮੰਤਰੀਆਂ ਦੇ ਵਿਦੇਸ਼ੀ ਟੂਰਾਂ ਦੀ ਨਿਗਰਾਨੀ ਕਰਨਾ ਵੀ ਇਸਦੇ ਹਿੱਸੇ ਆਉਂਦਾ ਹੈ। ਮੁੱਖ ਮੰਤਰੀ ਨੂੰ ਇਸਦਾ ਸਰਪ੍ਰਸਤ ਮੰਨਿਆਂ ਜਾਂਦਾ ਅਤੇ ਆਏ ਪੰਜੀ ਸਾਲੀਂ ਜਾਂ ਸਰਕਾਰ ਦੇ ਬਦਲਣ ਨਾਲ ਸਰਪ੍ਰਸਤ ਵੀ ਬਦਲ ਜਾਂਦਾ। ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ, ਉਸਦਾ ਵਧੇਰਾ ਪ੍ਰਭਾਵ ਅਜਿਹੀਆਂ ਸਭਾਵਾਂ 'ਤੇ ਪੈਂਦਾ ਹੈ ਜਾਂ ਕਹਿ ਲਓ ਇਹੋ ਜਿਹੀਆਂ ਸਭਾਵਾਂ ਸੱਤਾਧਾਰੀ ਪਾਰਟੀ ਦੇ ਇਸ਼ਾਰਿਆਂ 'ਤੇ ਚੱਲਦੀਆਂ ਹਨ। ਇਨ੍ਹਾਂ ਦਾ ਮੁੱਖ ਮਕਸਦ ਪ੍ਰਵਾਸ ਕਰ ਗਏ ਭਾਰਤੀਆਂ ਨੂੰ ਭਾਰਤ ਨਾਲ ਸਿੱਧੇ ਤੌਰ 'ਤੇ ਜੋੜਨਾ ਹੈ। ਸਿਆਸੀ ਧਿਰਾਂ ਪ੍ਰਵਾਸੀਆਂ ਨੂੰ ਵੋਟ ਬੈਂਕ ਅਤੇ ਸਪੋਰਟ ਬੈਂਕ ਵਜੋਂ ਦੇਖਦੀਆਂ ਹਨ। ਪ੍ਰਵਾਸੀ ਭਾਰਤੀਆਂ ਨੂੰ ਸਹੂਲਤਾਂ ਦੇਣ ਦੇ ਨਾਂਅ 'ਤੇ ਗੁੰਮਰਾਹ ਕਰਨ ਵਾਲੀਆਂ ਸਭਾਵਾਂ ਅਸਲ ਵਿਚ ਪ੍ਰਵਾਸੀਆਂ ਤੋਂ ਸਰਕਾਰ ਲਈ ਸਰਮਾਏਦਾਰੀ ਇਕੱਠਾ ਕਰਨ ਦਾ ਕੰਮ ਵਧੇਰੇ ਸੁਚੱਜੇ ਢੰਗ ਨਾਲ ਕਰ ਰਹੀਆਂ ਹਨ। ਇਸਦਾ ਜਿਉਂਦਾ ਜਾਗਦਾ ਸਬੂਤ ਐਨ ਆਰ ਆਈ ਸਭਾ ਇਟਲੀ ਦੇ ਹਾਲਾਤਾਂ ਨੂੰ ਦੇਖ ਕੇ ਸਪਸ਼ਟ ਹੁੰਦਾ ਹੈ। ਬੀਤੇ ਪੰਜ ਸਾਲਾਂ ਦੌਰਾਨ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਨੇ ਇਟਲੀ ਦੇ ਕਹਿੰਦੇ ਕਹਾਉਂਦੇ ਲੀਡਰਾਂ ਨੂੰ ਕੁੱਕੜਾਂ ਵਾਂਗ ਲੜਾਇਆ ਅਤੇ ਇਹ ਕਹਿਕੇ ਪੱਲਾ ਝਾੜ ਦਿੱਤਾ ਕਿ, ਕਸੂਰਵਾਰ ਖਿਲਾਫ ਜਲਦ ਕਾਰਵਾਈ ਕਰਾਂਗੇ। ਆਪਣੀ ਗਲਤੀ ਮੰਨਣ ਦੀ ਇਨ੍ਹਾਂ ਪ੍ਰਧਾਨਾਂ ਵਿਚ ਸੋਚ ਹੀ ਨਹੀਂ। ਬੀਤੇ ਸਾਲਾਂ ਦੌਰਾਨ ਪੰਜਾਬ ਪ੍ਰਧਾਨ ਨੇ ਇਟਲੀ ਦੇ ਸਮਾਜ ਸੇਵਕ ਅਤੇ ਸਿਆਸੀ ਆਗੂ ਨੂੰ ਸਭਾ ਦਾ ਪ੍ਰਧਾਨ ਥਾਪਿਆ, ਪਰ ਦੂਜੇ ਪਾਸੇ ਇਕ ਹੋਰ ਸਮਾਜ ਸੇਵਕ ਅਤੇ ਸਿਆਸੀ ਆਗੂ ਨੂੰ ਮੰਤਰੀ ਜਨਾਬ ਨੇ ਸਭਾ ਦੀ ਪ੍ਰਧਾਨਗੀ ਦਾ ਪੱਤਰ ਭੇਂਟ ਕਰ ਦਿੱਤਾ। ਆਪ ਤਾਂ ਪੰਜਾਬ ਪ੍ਰਧਾਨ ਅਤੇ ਮੰਤਰੀ ਸ਼ਾਮ ਨੂੰ ਇਕੱਠੇ ਬੈਠ ਕੇ ਜਸ਼ਨ ਮਨਾਉਂਦੇ ਸਨ ਪਰ ਇਧਰ ਇਟਲੀ ਦੇ ਪ੍ਰਧਾਨਾਂ ਨੂੰ ਐਵੇਂ ਇਕ ਦੂਜੇ ਦੇ ਵੈਰ ਪਵਾਈ ਰੱਖਿਆ। ਦੋਵੇਂ ਪ੍ਰਧਾਨ ਇਕੋ ਸਿਆਸੀ ਪਾਰਟੀ ਨਾਲ ਜੁੜੇ ਹੋਣ ਦੇ ਬਾਵਜੂਦ ਇਕ ਦੂਜੇ 'ਤੇ ਬਿਆਨ ਦਾਗਣ ਦਾ ਮੌਕਾ ਨਹੀਂ ਸੀ ਖੁਝਾਉਂਦੇ। ਸਭਾ ਦੇ ਪ੍ਰਧਾਨ ਨੇ ਗਲਤੀ ਨੂੰ ਸੁਧਾਰਣ ਦੀ ਬਜਾਇ ਮੁੜ ਉਹੀ ਭੇਲੀ ਦੁਬਾਰਾ ਇਟਲੀ ਦੇ ਲੀਡਰਾਂ ਵਿਚ ਸੁੱਟ ਦਿੱਤੀ। ਸ਼ਾਇਦ ਸਭਾ ਪ੍ਰਧਾਨਾਂ ਦੇ ਮਸਲੇ ਇਸ ਲਈ ਹੱਲ ਨਹੀਂ ਕਰਨਾ ਚਾਹੁੰਦੀ, ਕਿਉਂਕਿ ਉਨ੍ਹਾਂ ਦੀ ਨਜ਼ਰ ਵਿਚ ਮੌਜੂਦਾ ਸਰਕਾਰ ਅਨੁਸਾਰ ਇਹ ਪ੍ਰਧਾਨ ਵਿਰੋਧੀ ਧਿਰ ਦੇ ਹਨ। ਇਟਲੀ ਵਿਚ ਐਨ ਆਰ ਆਈ ਸਭਾ ਦਾ ਰੇੜਕਾ ਮੁੜ ਸ਼ੁਰੂ ਹੋ ਗਿਆ ਹੈ। ਹੁਣ ਚੇਅਰਮੈਨ ਅਤੇ ਪ੍ਰਧਾਨ ਦੋਵੇਂ ਆਪਣੀ ਆਪਣੀ ਡਫਲੀ ਵਜਾਉਂਦੇ ਨਜ਼ਰ ਆਉਂਦੇ ਹਨ। ਦੋਵੇਂ ਆਪਣੇ ਆਪ ਨੂੰ ਸਭਾ ਵਿਚ ਮੁਹਰਲੀ ਕਤਾਰ ਦਾ ਦਾਵੇਦਾਰ ਪੇਸ਼ ਕਰਨ 'ਤੇ ਤੁੱਲੇ ਹਨ। ਪਤਾ ਨਹੀਂ ਪ੍ਰਧਾਨ ਜਨਾਬ ਅਹੁਦੇਦਾਰੀ ਦੇਣ ਵੇਲੇ ਲੀਡਰਾਂ ਵਿਚ ਕਿਸ ਕਾਬਲੀਅਤ ਨੂੰ ਘੋਖਦਾ ਹੈ। ਲੀਡਰ ਦੀ ਮੌਜੂਦਗੀ, ਕਾਬਲੀਅਤ, ਉਸਦੀ ਜੇਬ ਜਾਂ ਉਸਦਾ ਸਿਆਸੀ ਕਿਰਦਾਰ? ਹੈਰਾਨੀ ਵਾਲੀ ਗੱਲ ਹੈ ਕਿ ਜਨਾਬ ਨੂੰ ਇੰਨਾਂ ਵੀ ਯਾਦ ਨਹੀਂ ਰਹਿੰਦਾ ਕਿ ਕਿਸ ਦੇਸ਼ ਵਿਚ ਕਿੰਨੇ ਪ੍ਰਧਾਨ ਨਿਯੁਕਤ ਕੀਤੇ ਹਨ ਜਾਂ ਨਵਾਂ ਨਿਯੁਕਤੀ ਪੱਤਰ ਦੇਣ ਵੇਲੇ ਪਹਿਲਾਂ ਦਿੱਤੇ ਗਏ ਨਿਯੁਕਤੀ ਪੱਤਰ ਨੂੰ ਅਣਗੌਲਿਆ ਕਰ ਦਿੰਦਾ ਹੈ। ਅਸਲ ਵਿਚ ਇਹ ਸਭਾ ਇਟਲੀ ਦੇ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਿਚ ਸਿਫਰ ਰਹੀ ਹੈ, ਸਗੋਂ ਇਟਲੀ ਦੇ ਪ੍ਰਵਾਸੀਆਂ ਨੂੰ ਆਪਸ ਵਿਚ ਪਾੜਨ ਲਈ ਸਭ ਤੋਂ ਵੱਧ ਜਿੰਮੇਵਾਰ ਹੋ ਕੇ ਉੱਭਰੀ ਹੈ। ਜਿਸ ਸਭਾ ਦੇ ਪ੍ਰਧਾਨ ਰਾਤਰੀ ਭੋਜ ਦੌਰਾਨ ਅਹੁਦੇਦਾਰੀ ਪਿੱਛੇ ਆਪੋ ਵਿਚ ਹੀ ਛਿੱਤਰ ਪਤਾਣ, ਗਾਲੀ ਗਲੌਚ ਹੋਏ ਹੋਣ, ਉਨ੍ਹਾਂ ਦਾ ਕਿਹੋ ਜਿਹਾ ਕਿਰਦਾਰ ਹੋਵੇਗਾ? ਸਵਾਲ ਉੱਠਦਾ ਹੈ ਉਹ ਕਿਸ ਤਰਾਂ ਪ੍ਰਵਾਸੀਆਂ ਲਈ ਮਦਦਗਾਰ ਸਾਬਿਤ ਹੋਣਗੇ? ਮੁੱਕਦੀ ਗੱਲ ਪ੍ਰਵਾਸੀਆਂ ਨੂੰ ਅਜਿਹੀਆਂ ਸਭਾਵਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਜਿਨ੍ਹਾਂ ਦੇ ਅਹੁਦੇਦਾਰ ਲੋਕ ਸੇਵਾ ਨੂੰ ਪਿਛਾਂਹ ਸੁੱਟ ਅਹੁਦੇਦਾਰੀ ਭੁੱਖ ਰੱਖਦੇ ਹੋਣ ਅਤੇ ਲੋਕ ਚੌਧਰ ਲਈ ਇੱਟ ਕੁੱਤੇ ਦਾ ਵੈਰ ਪਾਲ ਲੈਣ।

Joomla Templates and Joomla Extensions by ZooTemplate.Com

"ਦਸਤਾਰ ਦਾ ਮਸਲਾ ਹੱਲ ਕਰ ਲਿਆ ਹੈ" !

ਸਿੱਖ ਭਾਈਚਾਰੇ ਦੇ ਮਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਵਿਦੇਸ਼ਾਂ ਵਿਚ ਸਿੱਖਾਂ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਵੈਸੇ ਤਾਂ ਭਾਰਤ ਵਿਚ ਵੀ ਸਿੱਖਾਂ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਜਾਂਦੀ ਪਰ ਵਿਦੇਸ਼ਾਂ ਵਿਚ ਇਹ ਰੰਗ ਕੁਝ ਜਿਆਦਾ ਹੀ ਗੂੜਾ ਹੈ। ਅਸਲ ਵਿਚ ਵਿਦੇਸ਼ੀ ਅਦਾਰਿਆਂ ਦੀ ਕੋਈ ਮੂਲ ਜਿੰਮੇਵਾਰੀ ਨਹੀਂ ਕਿ ਉਹ ਸਿੱਖਾਂ ਦੀ ਹਰ ਗੱਲ ਬਿਨਾਂ ਦਲੀਲ ਤੋਂ ਪ੍ਰਵਾਨ ਕਰ ਲੈਣ, ਖਾਸ ਕਰ ਕੇ ਯੂਰਪੀ ਅਦਾਰੇ। ਇਹ ਵੱਖਰੀ ਗੱਲ ਹੈ ਕਿ ਪੰਜਾਬੀ ਸਿੱਖ ਭਾਈਚਾਰਾ ਹਮੇਸ਼ਾਂ ਹੀ ਡੱਡੂ ਟਪੂਸੀ ਮਾਰਨ ਵਾਲੇ ਲੀਡਰਾਂ ਦੀਆਂ ਗੱਲਾਂ ਵਿਚ ਆ ਕੇ ਤਿੜਿਆ ਰਹਿੰਦਾ ਹੈ। ਜੇ ਇਸ ਮੁੱਦੇ ਨੂੰ ਥੋੜਾ ਹੋਰ ਵਿਸਥਾਰ ਰੂਪ ਦੇਣ ਲਈ ਥੋੜੇ ਦਿਨ ਪਹਿਲਾਂ ਵਾਪਰੇ ਹਾਦਸੇ ਨੂੰ ਘੋਖੀਏ ਤਾਂ ਹੈਰਾਨੀ ਹੋਵੇਗੀ ਕਿ ਜਿਹੜਾ ਨਾਮਵਰ ਲੀਡਰ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪੱਗ ਦੀ ਤਲਾਸ਼ੀ ਨੂੰ ਸਿਦਕ ਅਤੇ ਹੱਤਕ ਦਾ ਹੋਕਾ ਦੇ ਰਿਹਾ ਹੈ, ਉਹ ਇਸ ਗੱਲ ਨੂੰ ਕਿਵੇਂ ਭੁੱਲ ਗਿਆ ਕਿ ਉਹ ਇਸੇ ਹਵਾਈ ਅੱਡੇ 'ਤੇ ਖੜੇ ਹੋ ਕੁਝ ਬਦਨਾਮ ਭਾਰਤੀ ਲੀਡਰਾਂ ਨਾਲ ਉਸਨੇ ਇਹ ਬਿਆਨ ਪਿਛਲੇ ਪੰਜ ਸਾਲਾਂ ਵਿਚ ਪੰਜ ਸੋ ਵਾਰੀ ਦਿੱਤਾ ਸੀ ਕਿ ਏਅਰ ਪੋਰਟ ਅਧਿਕਾਰੀਆਂ ਨਾਲ ਦਸਤਾਰ ਸਬੰਧੀ ਸਮਝੌਤਾ ਹੋ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਦਸਤਾਰਧਾਰੀ ਸਿੱਖ ਨੂੰ ਏਅਰ ਪੋਰਟ ਅਧਿਕਾਰੀ ਪ੍ਰੇਸ਼ਾਨ ਨਹੀਂ ਕਰਨਗੇ। ਕੀ ਸਿਆਸੀ ਲੀਡਰ ਦੇ ਇਹ ਸਾਰੇ ਬਿਆਨ ਝੂਠੇ ਸਨ?
ਜਾਂ ਬੇਬੁਨਿਆਦ?
ਜੇ ਸੱਚੇ ਸਨ ਤਾਂ ਲੀਡਰ ਜਨਾਬ ਨਾਲ ਇਹ ਹਾਦਸਾ ਕਿਉਂ ਵਾਪਰਿਆ?
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਜੇ ਇਹ ਹਾਦਸਾ ਇੰਡੀਆ ਵਿਚ ਵਾਪਰਿਆ ਹੁੰਦਾ ਤਾਂ ਲੀਡਰ ਜਨਾਬ ਨੇ ਇਸਨੂੰ ਵਿਰੋਧੀ ਧਿਰ ਦੀ ਸਾਜਿਸ਼ ਕਹਿ ਕੇ ਪੱਲਾ ਝਾੜ ਜਾਣਾ ਸੀ।
ਇਟਲੀ ਵਿਚ ਸਥਾਪਿਤ ਹੋਈਆਂ ਕਮੇਟੀਆਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਆਪਣੇ ਸਵਾਰਥ ਪੂਰੇ ਕਰਨ ਲਈ ਖਿਲਵਾੜ ਕਰ ਰਹੀਆਂ ਹਨ, ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ। ਕਮੇਟੀਆਂ, ਕਲੱਬਾਂ, ਸੰਸਥਾਵਾਂ ਨੇ ਆਪਣੇ ਪੱਧਰ 'ਤੇ ਕੁਝ ਪੱਤਰਕਾਰਾਂ ਨੂੰ ਇਸ ਕਦਰ ਪਾਲ ਰੱਖਿਆ ਹੈ ਕਿ ਉਹ ਸੁੱਤੇ ਪਏ ਲੀਡਰ ਦੇ ਮੂੰਹ ਵਿਚ ਰੈਡੀਮੇਡ ਬਿਆਨ ਠੂਸਣ ਤੋਂ ਵੀ ਬਾਜ ਨਹੀਂ ਆਉਂਦੇ। ਆਪਣੀ ਸ਼ੌਹਰਤ ਨੂੰ ਪੱਠੇ ਪਾਉਣ ਲਈ ਇਟਲੀ ਦੇ ਲੀਡਰ ਸਿਰਫ ਫਰਜੀ ਕਮੇਟੀਆਂ ਅਤੇ ਬੇਬੁਨਿਆਦੀ ਬਿਆਨਬਾਜੀ ਤੋਂ ਇਲਾਵਾ ਕਾਰਗੁਜਾਰੀ ਪੱਖੋਂ ਸਿਫਰ ਹਨ।
ਪਾਰਟੀ ਪ੍ਰਧਾਨ, ਸਭਾ ਦਾ ਹੈੱਡ, ਕਲੱਬ ਦਾ ਸਰਪ੍ਰਸਤ ਆਦਿ ਉੱਪਨਾਮ ਵਰਤਣਾ ਇਟਲੀ ਦੇ ਖੋਖਲੇ ਲੀਡਰਾਂ ਦੀ ਆਦਤ ਬਣ ਚੁੱਕੀ ਹੈ। ਇਨ੍ਹਾਂ ਵਿਚੋਂ ਕਈਆਂ ਦੇ ਆਪਣੇ ਸਿਰਾਂ 'ਤੇ ਪੱਗ ਨਹੀਂ ਪਰ ਉਹ ਪੱਗ ਦਾ ਮਸਲਾ ਹੱਲ ਕਰਾਉਣ ਦੀ ਜਿੰਮੇਵਾਰੀ ਤੋਂ ਪਿੱਛੇ ਨਹੀਂ ਹਟਦੇ, ਫਿਰ ਚਾਹੇ ਉਹ ਕੌਰਾ ਬਿਆਨ ਹੀ ਹੋਵੇ। ਵਿਚਾਰਨ ਵਾਲੀ ਗੱਲ ਹੈ ਜੋ ਆਪਣਿਆਂ ਦਾ ਨਹੀਂ ਹੋਇਆ, ਉਹ ਕਿਸੇ ਦਾ ਕੀ ਹੋਵੇਗਾ। ਜੇ ਆਮ ਜਨਤਾ ਇਸ ਗੱਲ ਨੂੰ ਅਜੇ ਵੀ ਨਹੀਂ ਸਮਝ ਸਕੀ, ਤਾਂ ਆਉਣ ਵਾਲੇ ਸਮੇਂ ਵਿਚ ਇਟਲੀ ਦੇ ਹਰ ਵਿਅਕਤੀ ਦਾ ਉੱਪਨਾਮ ਪ੍ਰਧਾਨ, ਸਰਪ੍ਰਸਤ, ਚੇਅਰਮੈਨ ਆਦਿ ਵਜੋਂ ਲੱਗਣ ਵਿਚ ਦੇਰੀ ਨਹੀਂ। ਇਸਦਾ ਭਾਰਤੀ ਭਾਈਚਾਰੇ ਨੂੰ ਹੋਵੇ ਚਾਹੇ ਨਾ, ਪਰ ਭਾਰਤੀ ਖਜਾਨਾ ਜਰੂਰ ਭਰੇਗਾ ਕਿਉਂਕਿ ਪਾਸਪੋਰਟ 'ਤੇ ਇਨਾਂ ਉੱਪਨਾਮਾਂ ਨੂੰ ਦਰਜ ਕਰਵਾਉਣ ਲਈ ਸਰਕਾਰੀ ਫੀਸ ਯੂਰੋ ਵਿਚ ਤਾਰੀ ਜਾਵੇਗੀ।
ਸ਼ੌਹਰਤ ਦੇ ਭੁੱਖੇ ਅਤੇ ਝੂਠੀ ਬਿਆਨਬਾਜੀ ਕਰਨ ਦੇ ਆਦੀ ਲੀਡਰਾਂ ਨੂੰ ਮੀਡੀਏ ਵਿਚ ਫੋਟੋਆਂ ਲਗਵਾਉਣ ਤੋਂ ਬਿਨਾਂ ਹੋਰ ਕੁਝ ਦਿਖਾਈ ਨਹੀਂ ਦਿੰਦਾ। ਇਹ ਲੋਕਾਂ ਨੂੰ ਆਪਣੀ ਕਾਰਗੁਜਾਰੀ ਨਾਲ ਨਹੀਂ, ਆਪਣੀ ਝੂਠੀ ਬੱਲੇ ਬੱਲੇ ਨਾਲ ਜੋੜਨਾ ਚਾਹੁੰਦੇ ਹਨ। ਮੁੱਦੇ ਦੀ ਗੱਲ ਲੀਡਰ ਜਨਾਬ ਇਹ ਰੌਲਾ ਪਾਉਣਾ ਬੰਦ ਕਰਨ ਬਈ ਪੱਗ ਦੀ ਤਲਾਸ਼ੀ ਨਾਲ ਉਨ੍ਹਾਂ ਦੀ ਹੱਤਕ ਅਤੇ ਖੱਜਲਖੁਆਰੀ ਹੋਈ ਹੈ, ਉਹ ਵੀ ਇਸ ਲਈ ਕਿ ਉਹ ਉੱਘੇ ਲੀਡਰ ਹਨ, ਕਿਸੇ ਸਭਾ ਦੇ ਪ੍ਰਧਾਨ ਹਨ (ਜਿਹੜੀ ਅਹੁੱਦਿਆਂ ਦੀ ਵੰਡ ਪਿੱਛੇ ਪਿਛਲੇ 6 ਸਾਲਾਂ ਦੌਰਾਨ ਬਦਨਾਮ ਰਹੀ ਹੈ), ਸਿਆਸੀ ਆਗੂ ਆਦਿ ਹਨ। ਉਹ ਸਗੋਂ ਇਹ ਸਪਸ਼ਟ ਕਰਨ ਕਿ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਬਿਆਨ ਕਾਗਜੀ ਕਿਉਂ ਸਨ? ਬਾਕੀ ਰਹੀ ਦਸਤਾਰ ਸਮੱਸਿਆ ਉਹ ਤਾਂ ਸਾਰਿਆਂ ਲਈ ਇਕੋ ਜਿਹੀ ਹੈ। ਦਸਤਾਰ ਚਾਹੇ ਅਮੀਰ ਦੀ ਹੋਵੇ ਜਾਂ ਗਰੀਬ ਦੀ, ਲੀਡਰ ਦੀ ਹੋਵੇ ਜਾਂ ਆਮ ਆਦਮੀ ਦੀ ਸਤਿਕਾਰ ਬਰਾਬਰ ਹੈ।
ਲੀਡਰ ਜਨਾਬ ਇਟਲੀ ਦੇ ਸਿੱਖ ਭਾਈਚਾਰੇ ਨੂੰ ਇਹ ਜੁਆਬ ਦੇਣ ਕਿ ਉਨ੍ਹਾਂ ਵੱਲੋਂ ਦਿੱਤਾ ਬਿਆਨ "ਦਸਤਾਰ ਦਾ ਮਸਲਾ ਹੱਲ ਕਰ ਲਿਆ ਹੈ" ਦੇਣ ਪਿੱਛੇ ਉਨ੍ਹਾਂ ਨੂੰ ਕਿਸ ਕਿਸ ਦਾ ਸਹਿਯੋਗ ਸੀ? ਜਾਂ ਏਅਰਪੋਰਟ 'ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਚੜਾਉਣ ਗਏ ਚਾਰ ਕੁ ਆਮ ਅਧਿਕਾਰੀਆਂ ਨੂੰ ਨਾਲ ਖੜੇ ਕਰ ਫੋਟੋ ਖਿਚਾਅ ਲਈ ਤੇ ਬਿਆਨ ਪੱਤਰਕਾਰ ਜਨਾਬ ਨੇ ਲੀਡਰ ਦੇ ਮੂੰਹ 'ਚ ਠੂਸ ਦਿੱਤਾ ਅਤੇ "ਬੱਲੇ ਬੱਲੇ ਦੋਵਾਂ ਦੀ!"

-ਚੂੰਡੀਵੱਢ

Joomla Templates and Joomla Extensions by ZooTemplate.Com

ਭਾਰਤ ਦੀਆਂ ਇਕ ਤਿਹਾਈ ਔਰਤਾਂ ਘਰੇਲੂ ਅੱਤਿਆਚਾਰ ਦਾ ਸਿ਼ਕਾਰ

ਬੜੇ ਸਾਫ ਦ੍ਰਿਸ਼ਟੀਕੋਣ ਨਾਲ ਭਾਰਤ ਦੀਆਂ ਔਰਤਾਂ ਦੀ ਸਥਿਤੀ ਵਿਸ਼ਵ ਨਕਸ਼ੇ ’ਤੇ ਸਪਸ਼ਟ ਹੁੰਦੀ ਹੈ। ਅੰਤਰਰਾਸ਼ਟਰੀ ਪੱਧਰ ’ਤੇ ਭਾਰਤੀ ਔਰਤਾਂ ’ਤੇ ਹੁੰਦੇ ਅੱਤਿਆਚਾਰ ਦੀ ਪੁਸ਼ਟੀ ਭਾਰਤ ਦੇ ਕੂਟਨੀਤਕ ਨੇ ਸਪਸ਼ਟ ਕਰ ਦਿੱਤੀ। ਵਿਸ਼ਵ ਦੇ ਮੁਹਰੀ ਸ਼ਹਿਰ ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਅਰਥਵਿਅਸਥਾ ਅਤੇ ਭਾਰਤੀ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਜਿੰਮੇਵਾਰ ਕੂਟਨੀਤਕ ਨੇ ਆਪਣੀ ਪਤਨੀ ਨਾਲ ਕੁੱਟਮਾਰ ਕਰ ਭਾਰਤ ਦੀ ਤਸਵੀਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਖੇਰੂ ਖੇਰੂ ਕਰ ਦਿੱਤਾ। ਲੰਡਨ ਤੋਂ ਪ੍ਰਸਾਰਿਤ ਹੋਣ ਵਾਲੇ ਖ਼ਬਰੀ ਟੀਵੀ ਚੈਨਲਾਂ ਨੇ ਇਸ ਹਾਦਸੇ ਨੂੰ ਸਮੂਹ ਭਾਰਤੀ ਔਰਤਾਂ ਨਾਲ ਜੋੜਦਿਆਂ ਵਿਸ਼ਵ ਵਿਚ ਭਾਰਤੀ ਮਰਦਾਂ ਦੇ ਅਕਸ ’ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ। ਘਰੇਲੂ ਅੱਤਿਆਚਾਰ ਜਿਵੇਂ ਭਾਰਤੀ ਮਰਦਾਂ ਲਈ ਨਿੱਜੀ ਅਧਿਕਾਰ ਬਣ ਗਿਆ ਹੋਵੇ। ਭਾਰਤ ਦੀਆਂ ਸਿਆਸੀ ਪਾਰਟੀਆਂ ਲੋਕ ਮੱਤ ਨੂੰ ਇਕੱਠਾ ਕਰਨ ਲਈ ਔਰਤਾਂ ਦਾ ਰਾਖਵਾਂਕਰਨ ਅਤੇ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਜਿਨਾਂ ਮਰਜੀ ਰੌਲਾ ਪਾਈ ਜਾਣ ਪਰ ਪਾਰਟੀ ਦੇ ਪੁਰਸ਼ ਪ੍ਰਧਾਨ ਔਰਤਾਂ ਨੂੰ ਪੈਰ ਦੀ ਜੁੱਤੀ ਤੋਂ ਇਲਾਵਾ ਹੋਰ ਕੁਝ ਨਹੀਂ ਸਮਝਦੇ। ਪੁਰਸ਼ੋਤਮ ਬਣਨ ਦੇ ਅਕਸ ਨੂੰ ਬਰਕਰਾਰ ਰੱਖਣ ਲਈ ਅਤੇ ਇਨਾਂ ਅੱਖਰਾਂ ਵਿਚ ਛੁਪੇ ਪੁਰਸ਼ ਦੇ ਉੱਤਮ ਹੋਣ ਦੀ ਸਪਸ਼ਟਤਾ ਭਾਰਤੀ ਡਿਪਲੋਮੈਟ ਵਿਚ ਇੰਨੀ ਵਧ ਗਈ ਕਿ ਉਸਨੇ ਇੰਗਲੈਂਡ ਦੇ ਕਾਨੂੰਨ ਨੂੰ ਛਿੱਕੇ ਟੰਗ ਆਪਣੀ ਪਤਨੀ ਲਹੂਲੁਹਾਨ ਕਰ ਛੱਡੀ। ਆਪਣੇ ਸਰਕਾਰੀ ਅਹੁਦੇ ਦੀ ਤਾਕਤ ਤੋਂ ਜਾਣੂ ਇਹ ਵਿਅਕਤੀ ਭਾਰਤ ਦੇ ਕਾਨੂੰਨ ਨੂੰ ਆਪਣੀ ਜੇਬ ਵਿਚ ਪਾਏ ਇਕ ਕਾਗਜ ਦੇ ਟੁਕੜੇ ਤੋਂ ਵਧੇਰਾ ਕੁਝ ਨਹੀਂ ਸਮਝਦਾ, ਪਰ ਇਸ ਹਾਦਸੇ ਨੇ ਸਮੂਹ ਭਾਰਤਵਾਸੀਆਂ ਦਾ ਸਿਰ ਅੰਤਰਰਾਸ਼ਟਰੀ ਪੱਧਰ ’ਤੇ ਨੀਵਾਂ ਕਰ ਦਿੱਤਾ। ਭਾਰਤ ਦੇ ਹਿੰਦੂ ਧਰਮ ਦੀ ਸਮਝ ਰੱਖਣ ਵਾਲੇ ਵਿਦੇਸ਼ੀ ਹੈਰਾਨ ਹਨ ਕਿ ਜਿਹੜੇ ਭਾਰਤੀ ਪੁਰਸ਼ ਔਰਤ ਦੀ ਮੂਰਤੀ ਬਣਾ ਉਸਨੂੰ ਕਈ ਦੇਵੀ ਰੂਪਾਂ ਵਿਚ ਪੂਜਦੇ ਅਤੇ ਡੰਡੋਤ ਕਰਦੇ ਹਨ, ਉਹੀ ਪੁਰਸ਼ ਇਸਤਰੀ ਰੂਪ ਵਿਚ ਔਰਤ ’ਤੇ ਅਜਿਹਾ ਘਰੇਲੂ ਅੱਤਿਆਚਾਰ ਕਰਦੇ ਹਨ ਜਿਸਨੂੰ ਦੇਖਕੇ ਜੇ ਮਿੱਟੀ ਦੇ ਵੱਸ ਹੋਵੇ ਤਾਂ ਉਹ ਇਸਤਰੀ ਰੂਪ ਦੀ ਦੇਵੀ ਬਣਨ ਤੋਂ ਵੀ ਇਨਕਾਰ ਕਰ ਦੇਵੇ। ਔਰਤਾਂ ਦੀ ਰੱਖਿਆ ਲਈ ਭਾਰਤ ਵਿਚ ਘੜੇ ਗਏ ਕਈ ਕਾਨੂੰਨ ਸਿਰਫ ਫਾਇਲਾਂ ਵਿਚ ਬੰਦ ਹਨ। ਜੇ ਇਹ ਕਾਨੂੰਨ ਬਣਨ ਤੋਂ ਬਾਅਦ ਅਮਲੀ ਤੌਰ ’ਤੇ ਵੀ ਲਾਗੂ ਕੀਤੇ ਹੋਣ ਤਾਂ ਭਾਰਤ ਵਿਚ 15 ਤੋਂ ਲੈ ਕੇ 49 ਸਾਲ ਦੀਆਂ 35% ਔਰਤਾਂ ’ਤੇ ਘਰੇਲੂ, ਸਮਾਜਿਕ ਅਤੇ ਯੌਨ ਸੋਸ਼ਣ ਜਿਹਾ ਅੱਤਿਆਚਾਰ ਨਾ ਹੋਵੇ। ਦਸਾਂ ਵਿਚੋਂ ਵਿਆਹੀਆਂ ਹੋਈਆਂ ਸੱਤ ਔਰਤਾਂ ਘਰੇਲੂ ਅੱਤਿਆਚਾਰ ਦਾ ਸਿ਼ਕਾਰ ਹਨ। 60% ਤੋਂ ਵਧੇਰੀਆਂ ਔਰਤਾਂ ਘਰੇਲੂ ਅੱਤਿਆਚਾਰ ਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਦੇ ਪਾਉਂਦੀਆਂ। ਇਸ ਤੋਂ ਇਲਾਵਾ ਭਰੂਣ ਹੱਤਿਆ, ਬਾਲ ਵਿਆਹ, ਵਿਧਵਾ ਔਰਤਾਂ ਦਾ ਨਿਰਾਦਰ ਭਾਰਤੀ ਸਮਾਜ ਲਈ ਆਮ ਜਿਹੀ ਗੱਲ ਹੈ। ਔਰਤਾਂ ’ਤੇ ਅੱਤਿਆਚਾਰ ਨੂੰ ਜੇ ਸੰਜੀਦਗੀ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਗਰੀਬੀ, ਮਹਿੰਗਾਈ, ਆਰਥਿਕ ਮੰਦੀ, ਬੇਰੁਜਗਾਰੀ, ਅਨਪੜ੍ਹਤਾ ਵਾਂਗ ਘਰੇਲੂ ਅੱਤਿਆਚਾਰ ਵੀ ਭਾਰਤ ਲਈ ਇਕ ਬਿਮਾਰੀ ਬਣ ਜਾਵੇਗਾ।

-ਚੂੰਡੀਵੱਢ

Joomla Templates and Joomla Extensions by ZooTemplate.Com