ਖ਼ਬਰ ਕੀ ਹੈ? ਖ਼ਬਰ ਨੂੰ ਸਮਝਾਉਣਾ ਜਾਂ ਉਸਦੇ ਤੱਥਾਂ ਨੂੰ ਠੋਸ ਮੰਨਣਾ ਥੋੜਾ ਮੁਸ਼ਕਿਲ ਹੈ। ਖ਼ਬਰ ਸੱਚ ਦੇ ਅਧਾਰਿਤ ਹੋਵੇ ਇਹ ਲਾਜ਼ਮੀ ਹੈ, ਪਰ ਹਰ ਖ਼ਬਰ ਸੱਚ ਹੋ ਨਿੱਬੜੇ ਇਹ ਜਰੂਰੀ ਨਹੀਂ। ਖ਼ਬਰ ਮੌਜੂਦਾ ਹਾਲਾਤ ਨਾਲ ਸਬੰਧਿਤ ਹੋਵੇ, ਇਹ ਲਾਜ਼ਮੀ ਨਹੀਂ। ਨਕਾਰਿਆ ਨਹੀਂ ਜਾ ਸਕਦਾ ਜੋ ਅੱਜ ਖ਼ਬਰ ਹੈ ਉਹ ਕੱਲ੍ਹ ਖ਼ਬਰ ਨਹੀਂ ਰਹਿੰਦੀ। ਵਿਅਕਤੀ ਵਿਸ਼ੇਸ਼ ਲਈ ਜੇ ਕੋਈ ਖ਼ਬਰ ਹੈ, ਹੋ ਸਕਦਾ ਦੂਸਰੇ ਲਈ ਉਹ ਵਿਅਰਥ ਹੋਵੇ, ਖ਼ਬਰ ਜਿਸ ਵਿਚ ਰੁੱਚੀ ਬਣੇ, ਦੇ ਦੋ ਰੂਪ ਹੋ ਸਕਦੇ ਹਨ, ਇਕ ਜੋ ਸਾਨੂੰ ਦਿਖਾਇਆ ਜਾਂਦਾ ਹੈ, ਦੂਸਰਾ ਜਿਸ ਤੋਂ ਅਸੀਂ ਅਣਜਾਣ ਹਾਂ। ਦੋਵਾਂ ਵਿਚੋਂ ਸੱਚ ਦੀ ਪਰਖ ਮੌਜੂਦਾ ਹਾਲਾਤਾਂ 'ਤੇ ਨਿਰਭਰ ਕਰਦੀ ਹੈ। ਪੜ੍ਹਨ ਲਈ ਉਹੀ ਮਿਲਦਾ ਹੈ ਜਿਸਨੂੰ ਅਸੀਂ ਪੜ੍ਹਨਾ ਚਾਹੁੰਦੇ ਹਾਂ ਜਾਂ ਸੱਚ ਮੰਨਦੇ ਹਾਂ। ਦੋਮੁੰਹੀ ਖ਼ਬਰ ਅਕਸਰ ਲੋਕਾਂ ਨੂੰ ਸ਼ੱਕ ਦੇ ਦਾਇਰੇ ਵਿਚ ਖੜਾ ਕਰ ਦਿੰਦੀ ਹੈ। ਹਥਲੇ ਅਖ਼ਬਾਰ ਵਿਚ ਬੀਤੇ ਸਮੇਂ ਦੌਰਾਨ “ਪੰਜਾਬੀ ਨੌਜਵਾਨ ਹਫਤਾਵਸੂਲੀ ਅਤੇ ਅਗਵਾਕਾਰੀ ਦੋਸ਼ ਤਹਿਤ ਗ੍ਰਿਫ਼ਤਾਰ“ ਛਪੀ ਖ਼ਬਰ ਅਜਿਹਾ ਇਕ ਕਿੱਸਾ ਹੋ ਨਿੱਬੜੀ। ਇਟਾਲੀਅਨ ਮੀਡੀਆ ਅਤੇ ਏਜੰਸੀਆਂ ਵੱਲੋਂ ਪ੍ਰਕਾਸ਼ਿਤ ਖ਼ਬਰ ਜਿਸ ਵਿਚ ਚਾਰ ਭਾਰਤੀ ਨੌਜਵਾਨਾਂ ਨੂੰ ਦਰਜ ਹੋਈ ਪੁਲਿਸ ਰਿਪੋਰਟ ਅਨੁਸਾਰ ਸੰਗੀਨ ਮੁਜਰਿਮ ਵਜੋਂ ਪੇਸ਼ ਕੀਤਾ ਗਿਆ। ਵਿਚਾਰਨ ਵਾਲੀ ਗੱਲ ਹੈ ਕਿ ਉਹ ਖ਼ਬਰ ਸੱਚ ਸੀ ਜਾਂ ਚੌਹਾਂ ਵਿਚੋਂ ਇਕ ਜਮਾਨਤ 'ਤੇ ਬਾਹਰ ਆਏ ਭਾਰਤੀ ਨੌਜਵਾਨ ਵੱਲੋਂ ਦੱਸੀ ਗਾਥਾ ਸੱਚ ਹੈ? ਖ਼ਬਰ ਸੱਚ ਜਾਂ ਝੂਠ ਨੂੰ ਸਾਬਿਤ ਕਰਨ ਦਾ ਜਰੀਆ ਨਹੀਂ ਬਲਕਿ ਵਾਪਰੇ ਹੋਏ ਹਾਦਸੇ ਨੂੰ ਸਥਿਤੀ ਮੁਤਾਬਿਕ ਪਾਠਕਾਂ ਦੀ ਕਚਹਿਰੀ ਦੇ ਸਨਮੁੱਖ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਇਹ ਜਾਣਕਾਰੀ ਪ੍ਰਾਪਤ ਕਰਵਾਉਣ ਦਾ ਮਾਧਿਅਮ ਹੈ। ਉਪਰੋਕਤ ਖ਼ਬਰ ਦਾ ਇਕ ਹੋਰ ਸੱਚ ਉੱਭਰ ਕੇ ਸਾਹਮਣੇ ਆਇਆ। ਜਿਸਨੂੰ ਭਾਰਤੀ ਨੌਜਵਾਨ ਨੇ ਰਿਕਾਰਡ ਕਰਵਾਉਂਦਿਆਂ ਦੱਸਿਆ ਕਿ, ਉਨ੍ਹਾਂ ਚਾਰਾਂ ਨੇ ਨਵਾਂ ਘਰ ਕਿਰਾਏ 'ਤੇ ਲੈਣ ਲਈ ਬੰਗਲਾਦੇਸ਼ੀ ਨੂੰ ਪੇਸ਼ਗੀ ਦਿੱਤੀ। ਘਰ ਦਾ ਸੌਦਾ ਤੈਅ ਨਾ ਹੋਣ 'ਤੇ ਉਨ੍ਹਾਂ ਦਿੱਤੀ ਪੇਸ਼ਗੀ ਮੋੜਨ ਲਈ ਕਿਹਾ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਆਪਸੀ ਗਾਲੀ ਗਲੌਚ ਵੀ ਹੋਇਆ। ਕੁਝ ਸਮਾਂ ਬੀਤਣ ਉਪਰੰਤ ਬੰਗਲਾਦੇਸ਼ੀ ਨੇ ਫੋਨ ਰਾਹੀਂ ਸੁਨੇਹਾ ਦਿੱਤਾ ਕਿ ਆਪਣੀ ਬਣਦੀ ਪੇਸ਼ਗੀ ਦੀ ਰਕਮ ਪਿਆਸੇ ਵਿਚੋਂ ਆ ਕੇ ਲੈ ਜਾਓ। ਜਦੋਂ ਆਪਣੀ ਹੱਢ ਭੰਨਵੀਂ ਮਿਹਨਤ ਦੀ ਕਮਾਈ ਲੈਣ ਲਈ ਨੌਜਵਾਨ ਉੱਥੇ ਪਹੁੰਚਿਆ ਤਾਂ ਬੰਗਲਾਦੇਸ਼ੀ ਨੇ ਆਪਣੇ ਝੂਠੇ ਬਿਆਨਾਂ ਤਹਿਤ ਕੁੱਟਮਾਰ, ਹਫਤਾ ਵਸੂਲੀ, ਬੱਚੇ ਨੂੰ ਅਗਵਾ ਕਰਨ ਦੇ ਸੰਗੀਨ ਦੋਸ਼ਾਂ ਤਹਿਤ ਪਰਚਾ ਦਰਜ ਕਰਵਾ ਦਿੱਤਾ। ਜਿਸਦੇ ਸਿੱਟੇ ਵਜੋਂ ਚਾਰੇ ਨੌਜਵਾਨ ਜੇਲ ਭੇਜ ਦਿੱਤੇ। ਜਿਨ੍ਹਾਂ ਵਿਚੋਂ ਇਕ ਘਰ ਦੀ ਜੇਲ ਭੁਗਤ ਰਿਹਾ ਹੈ। ਖ਼ਬਰ ਦੇ ਦੋਵੇਂ ਰੂਪ ਪਾਠਕਾਂ ਦੇ ਸਨਮੁੱਖ ਰੱਖ ਦਿੱਤੇ ਗਏ ਹਨ। ਅਖ਼ਬਾਰ ਜਾਂ ਪੱਤਰਕਾਰਾਂ ਨੇ ਤਾਂ ਆਪਣਾ ਫਰਜ ਨਿਭਾਅ ਦਿੱਤਾ, ਹੁਣ ਵਾਰੀ ਹੈ ਇਟਲੀ ਵਿਚ ਹਜਾਰਾਂ ਦੀ ਤਾਦਾਦ ਵਿਚ ਕੁਰਬਲ ਕੁਰਬਲ ਕਰਦੇ ਸਮਾਜ ਸੇਵਕਾਂ ਦੀ, ਜਿਹੜੇ ਮਦਦ ਕਰ ਸਕਣ ਇਨ੍ਹਾਂ ਨੌਜਵਾਨਾਂ ਦੀ ਜੋ ਆਰਥਿਕ ਤੰਗੀ ਕਾਰਨ ਢੁੱਕਵੀਂ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਤੋਂ ਵਾਂਝੇ ਹਨ। ਅਖ਼ਬਾਰੀ ਬਿਆਨਾਂ ਰਾਹੀਂ ਲੋਕਾਂ ਨੂੰ ਮੂਰਖ ਬਨਾਉਣ ਦੀ ਬਜਾਇ ਸਮਾਜ ਸੇਵਕ, ਪ੍ਰਧਾਨ, ਸਰਪ੍ਰਸਤ ਆਦਿ ਇਹ ਜਿੰਮੇਵਾਰੀ ਨਿਭਾਉਣ। ਕੱਲ੍ਹ ਦੇ ਏਜੰਟ ਅਤੇ ਅੱਜ ਦੇ ਸਮਾਜ ਸੇਵਕ ਸਾਰੇ ਕਾਨੂੰਨੀ ਹੱਥਕੰਢਿਆਂ ਤੋਂ ਵਾਕਿਫ ਨੇ ਅਤੇ ਆਪਣੇ ਇਸ ਹੁਨਰ ਜਰੀਏ ਉਹ ਪੰਜਾਬੀ ਨੌਜਵਾਨਾਂ ਦੀ ਮਦਦ ਕਰ ਸਕਦੇ ਹਨ। ਭਲਾਈ ਲਈ ਕੀਤਾ ਗਿਆ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ। ਇਟਲੀ ਦੇ ਸਮਾਜ ਸੇਵਕ ਅਤੇ ਮੇਰੇ ਸ਼ੁਭਚਿੰਤਕ ਕਲਮ ਦਾ ਇਸ਼ਾਰਾ ਸਮਝ ਗਏ ਹੋਣਗੇ।















Comments
RSS feed for comments to this post