ਧਾਰਮਿਕ ਸਥਾਨ ਏਕਤਾ, ਸਦਭਾਵਨਾ ਅਤੇ ਆਪਸੀ ਭਾਈਚਾਰਾ ਬਨਾਉਣ ਦਾ ਸੰਦੇਸ਼ ਦਿੰਦੇ ਹਨ। ਧਾਰਮਿਕ ਸਥਾਨਾਂ ਦੀ ਗਿਣਤੀ ਵਿਚ ਇਜਾਫਾ ਕਰਨ ਨਾਲ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਅਸੀਂ ਧਰਮ ਦਾ ਪਾਸਾਰ ਵਧੇਰਾ ਕਰ ਰਹੇ ਹਾਂ। ਇਥੇ ਇਕ ਉਦਾਹਰਣ ਚੇਤੇ ਆਉਂਦੀ ਹੈ, ਇਕ ਵਾਰ ਕਿਸੇ ਸੰਤ ਮਹਾਂਪੁਰਖ ਦੀ ਧਰਮ ਪ੍ਰਚਾਰ ਸਬੰਧੀ ਵੀਡੀਓ ਦੇਖ ਰਹੇ ਸਾਂ, ਜਿਸ ਵਿਚ ਉਹ ਭਰੇ ਇਕੱਠ ਨੂੰ ਮੁਖਾਤਿਬ ਹੋ ਸੰਦੇਸ਼ ਦੇ ਰਹੇ ਸਨ ਕਿ, ਲੋਕੀਂ ਐਵੇਂ ਗੀਤ ਲਿਖੀ ਜਾਂਦੇ ਨੇ ‘ਬਈ ਨਨਕਾਣਾ ਸਾਥੋਂ ਖੋਹ ਲਿਆ’ ਜਾਂ ਨਨਕਾਣੇ ਜਾਣਾ ਲਾਜ਼ਮੀ ਹੈ ਆਦਿ ਪਰ ਉਸ ਸੰਤ ਦਾ ਕਹਿਣਾ ਸੀ ਕਿ ਉਹ ਲੋਕ ਕਦੇ ਆਪਣੇ ਪਿੰਡ ਦੇ ਗੁਰਦੁਆਰੇ ਜਾਲੇ ਝਾੜਨ ਨਹੀਂ ਗਏ ਹੋਣੇ। ਜੇ ਸੰਤਾਂ ਦੀ ਉਪਰੋਕਤ ਗੱਲ ਨੂੰ ਪੜਚੌਲੀਏ ਤਾਂ ਇਸ ਤਰਾਂ ਜਾਪਦਾ ਹੈ ਕਿ ਉਹ ਇਤਿਹਾਸ ਨਾਲੋਂ ਤੋੜ ਕੇ ਸਿਰਫ ਪਿੰਡ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਵੇਂ ਸੋਚਣ ਸ਼ਕਤੀ ਨੂੰ ਕੈਦ ਕਰਨ ਦੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੋਵੇ ਜਾਂ ਸਿਰਫ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਆਦਿ। ਉਪਰੋਕਤ ਤਾਂ ਸਿਰਫ ਇਕ ਉਦਾਹਰਣ ਸੀ, ਵਿਚਾਰ ਦਾ ਵਿਸ਼ਾ ਕੁਝ ਵੱਖਰਾ ਹੈ। ਧਾਰਮਿਕ ਸਥਾਨਾਂ ਦੀ ਗਿਣਤੀ ਵਧਾਉਣ ਨਾਲ ਚੰਗੇ ਪ੍ਰਚਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜੇ ਇਕੱਲੇ ਇਟਲੀ ਦੀ ਹੀ ਗੱਲ ਕਰੀਏ ਤਾਂ ਸਿੱਟੇ ਸਪਸ਼ਟ ਨਜ਼ਰ ਆਉਣਗੇ ਕਿ ਇਟਲੀ ਵਿਚ ਜਦੋਂ ਇਕ ਗੁਰਦੁਆਰਾ ਸੀ ਤਾਂ ਵੀ ਬਹੁਤੇ ਹਾਲਾਤ ਅੱਜ ਵਰਗੇ ਨਹੀਂ ਹੋਣੇ। ਅੱਜ ਜਿੱਥੇ ਇਟਲੀ ਵਿਚ 30 ਦੇ ਕਰੀਬ ਗੁਰਦੁਆਰੇ ਹਨ ਤਾਂ ਹਾਲਾਤ ਕੱਲ ਨਾਲੋਂ ਬਹੁਤੇ ਚੰਗੇ ਨਹੀਂ ਕਹੇ ਜਾ ਸਕਦੇ, ਕਿਉਂਕਿ ਗੁਰਦੁਆਰਿਆਂ ਦੀ ਗਿਣਤੀ ਵਧਣ ਨਾਲ ਆਪਸੀ ਪਾੜਿਆਂ ਵਿਚ ਵਾਧਾ ਹੋਇਆ ਹੈ। ਇਟਲੀ ਦੇ ਸਿੱਖ ਜਾਤਾਂ-ਪਾਤਾਂ, ਬਰਾਦਰੀਆਂ, ਜਿਲਿਆਂ, ਤਹਿਸੀਲਾਂ, ਪਿੰਡਾਂ, ਗੋਤਾਂ, ਪਰਿਵਾਰਾਂ ਵਿਚ ਵੰਡੇ ਜਾ ਚੁੱਕੇ ਹਨ। ਪਹਿਲਾਂ ਗੁਰਦੁਆਰਿਆਂ ਦੀ ਵੰਡ ਬਰਾਦਰੀਆਂ ਦੇ ਅਧਾਰ ’ਤੇ ਹੋਈ, ਫਿਰ ਜਾਤਾਂ ਦੇ ਅਧਾਰ ’ਤੇ, ਫਿਰ ਪ੍ਰਚਾਰਕਾਂ ਦੇ ਅਧਾਰ ’ਤੇ, ਜਥੇਬੰਦੀਆਂ ਦੇ ਅਧਾਰ ’ਤੇ, ਸਿਆਸੀ ਪਾਰਟੀਆਂ ਦੇ ਅਧਾਰ ’ਤੇ, ਹੁਣ ਪਿੰਡਾਂ ਦੇ ਅਧਾਰ ’ਤੇ ਹੋਣੀ ਸ਼ੁਰੂ ਹੋ ਗਈ ਹੈ। ਇਸ ਤਰਾਂ ਉਹ ਦਿਨ ਦੂਰ ਨਹੀਂ ਲੱਗਦਾ ਜਦੋਂ ਹਰ ਪਰਿਵਾਰ ਦਾ ਇਕ ਨਿੱਜੀ ਗੁਰਦੁਆਰਾ ਹੋਇਆ ਕਰੇਗਾ। ਬੀਤੇ ਦਿਨੀਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੌਵੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸਮੂਹ ਵਿਸ਼ਵ ਵਿਚ ਮਨਾਇਆ ਗਿਆ। ਉਨਾਂ ਦੀ ਸ਼ਹਾਦਤ ’ਤੇ ਗੌਰ ਕਰੀਏ ਤਾਂ ਬੜੀ ਹੈਰਾਨੀ ਹੋਵੇਗੀ ਹੁਣ ਤੱਕ ਅਸੀਂ ਇਹ ਹੀ ਵਿਚਾਰਦੇ ਆਏ ਹਾਂ ਕਿ ਸਤਿਗੁਰਾਂ ਦੀ ਸ਼ਹਾਦਤ ਸਿਰਫ ਹਿੰਦੂਆਂ ਲਈ ਸੀ ਜਾਂ ਜਨੇਊ ਲਈ ਸੀ ਪਰ ਅਸਲ ਵਿਚ ਸਤਿਗੁਰਾਂ ਦੀ ਸ਼ਹਾਦਤ ਤਾਂ ਜੁਲਮ ਦੇ ਖਿਲਾਫ ਸੀ। ਇਸਦਾ ਸਬੂਤ ਪਹਿਲੀ ਪਾਤਸ਼ਾਹੀ ਸਤਿਗੁਰੂ ਨਾਨਕ ਦੇਵ ਜੀ ਨੇ ਜਨੇਊ ਨਾ ਪਾ ਕੇ ਦਿੱਤਾ। ਉਹ ਜਬਰੀ ਜਨੇਊ ਪਾਉਣਾ ਨਹੀਂ ਸੀ ਚਾਹੁੰਦੇ ਤੇ ਸਤਿਗੁਰੂ ਤੇਗ ਬਹਾਦਰ ਜੀ ਜਬਰੀ ਜਨੇਊ ਲਾਹੁਣ ਨਹੀਂ ਸੀ ਦੇਣਾ ਚਾਹੁੰਦੇ। ਸੋਚ ਇਕ ਥਾਂ ਫਿਰ ਜਾ ਕੇ ਰੁੱਕ ਜਾਂਦੀ ਹੈ ਕਿ ਜੇ ਜਨੇਊ ਦੀ ਥਾਂ ’ਤੇ ਮਸਲਾ ਮੁਸਲਮਾਨਾਂ ਨੂੰ ਜਬਰੀ ਜਨੇਊ ਪਵਾਉਣ ਦਾ ਹੁੰਦਾ, ਕਸ਼ਮੀਰੀ ਪੰਡਿਤਾਂ ਦੀ ਥਾਂ ’ਤੇ ਲਾਚਾਰ ਹੋਇਆ ਔਰੰਗਜੇਬ ਖੜਾ ਹੁੰਦਾ ਅਤੇ ਦਿੱਲੀ ਦੇ ਤਖ਼ਤ ’ਤੇ ਕਸ਼ਮੀਰੀ ਪੰਡਿਤਾਂ ਦਾ ਰਾਜ ਹੁੰਦਾ ਤਾਂ ਗੁਰੂ ਸਾਹਿਬ ਕੀ ਕਰਦੇ? ਸੋਚ ਦੀ ਸਾਰੀ ਧੁੰਦ ਇਕੋ ਝਟਕੇ ਨਾਲ ਦੂਰ ਹੋ ਜਾਂਦੀ ਕਿ ਸ਼ਹਾਦਤ ਫਿਰ ਵੀ ਇਹੋ ਹੀ ਰਹਿਣੀ ਸੀ ਅਤੇ ਗੁਰੂ ਸਾਹਿਬਾਨ ਨੇ ਜਬਰੀ ਜਨੇਊ ਪਾਉਣ ਨਹੀਂ ਸੀ ਦੇਣਾ ਜੋ ਪਹਿਲੀ ਪਾਤਸ਼ਾਹੀ ਦੇ ਮਾਲਕ ਪਹਿਲਾਂ ਹੀ ਕਰ ਚੁੱਕੇ ਸਨ। ਇਹ ਤੱਥ ਸਪਸ਼ਟ ਕਰਦੇ ਹਨ ਕਿ ਸਾਡੀ ਜੰਗ ਕਦੇ ਵੀ ਕਿਸੇ ਧਰਮ, ਜਾਤ-ਪਾਤ ਜਾਂ ਮਜ਼ਬ ਨਾਲ ਨਹੀਂ ਰਹੀ ਬਲਕਿ ਸਿੱਖਾਂ ਨੇ ਟਾਕਰਾ ਸਦਾ ਹੀ ਜੁਲਮ ਦਾ ਕੀਤਾ ਹੈ। ਅੱਜ ਸਾਡੇ ਵਿਚ ਵੰਡੀਆਂ ਪਾ ਕੇ ਕੁਝ ਸਵਾਰਥੀ ਲੋਕ ਸਾਨੂੰ ਫਿਰ ਵੰਡਣ ’ਤੇ ਹੋ ਗਏ ਹਨ। ਗੁਰਦੁਆਰਿਆਂ ਦੀ ਗਿਣਤੀ ਵਧਾ ਆਪਣੇ ਆਪ ਨੂੰ ਧਰਮ ਦੀ ਮੁਹਰਲੀ ਕਤਾਰ ਵਿਚ ਖੜੇ ਹੋਏ ਦੇਖਣਾ ਚਾਹੁੰਦੇ ਹਨ। ਅਸਲ ਵਿਚ ਇਹ ਸਿੱਖਾਂ ਦੇ ਅੰਦਰ ਛੇੜਿਆ ਜਾ ਰਿਹਾ ਸ਼ੀਤ ਯੁੱਧ ਹੈ, ਜਿਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਸਿੱਖ ਆਪਸੀ ਫੁੱਟ ਦਾ ਸ਼ਿਕਾਰ ਹੋ ਕੇ ਡਾਇਨਾਸੋਰ ਵਾਂਗ ਖੁਦ ਬ ਖੁਦ ਖਤਮ ਹੋ ਜਾਣਗੇ। ਇਸ ਲਈ ਸਿੱਖ ਇਤਿਹਾਸ ਨੂੰ ਵੱਧ ਤੋਂ ਵੱਧ ਪੜ•ਨ ਅਤੇ ਸਮਝਣ ’ਤੇ ਜੋਰ ਦੇਣਾ ਚਾਹੀਦਾ ਹੈ, ਤਾਂ ਕਿ ਆਪਣੇ ਇਤਿਹਾਸ ਬਾਰੇ ਸਹੀ ਸਮਝਿਆ ਜਾ ਸਕੇ। ਇਸ ਲਈ ਜਰੂਰੀ ਹੈ ਕਿ ਹਰ ਆਮ ਵਿਅਕਤੀ ਇਸ ਪ੍ਰਤੀ ਜਾਗਰੁਕ ਹੋਵੇ।














